For the best experience, open
https://m.punjabitribuneonline.com
on your mobile browser.
Advertisement

ਮਾਣਹਾਨੀ ਕੇਸ: ਰਾਹੁਲ ਦੀ ਸਜ਼ਾ ’ਤੇ ਰੋਕ

08:05 AM Aug 05, 2023 IST
ਮਾਣਹਾਨੀ ਕੇਸ  ਰਾਹੁਲ ਦੀ ਸਜ਼ਾ ’ਤੇ ਰੋਕ
ਦਿੱਲੀ ’ਚ ਕਾਂਗਰਸ ਹੈੱਡਕੁਆਰਟਰ ’ਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਰਾਹੁਲ ਗਾਂਧੀ ਖੁਸ਼ੀ ਦੇ ਰੌਂਅ ’ਚ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 4 ਅਗਸਤ
ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਵੱਡੀ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਉਨ੍ਹਾਂ ਵੱਲੋਂ ਮੋਦੀ ਉਪਨਾਮ ਬਾਰੇ ਕੀਤੀ ਟਿੱਪਣੀ ਸਬੰਧੀ 2019 ਦੇ ਮਾਣਹਾਨੀ ਕੇਸ ’ਚ ਸੁਣਾਈ ਗਈ ਸਜ਼ਾ ’ਤੇ ਰੋਕ ਲਗਾ ਦਿੱਤੀ ਹੈ। ਇਸ ਨਾਲ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਲੋਕ ਸਭਾ ਸਪੀਕਰ ਖੁਦ ਹੀ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਬਹਾਲ ਕਰ ਸਕਦੇ ਹਨ ਜਾਂ ਕਾਂਗਰਸ ਆਗੂ ਵੱਲੋਂ ਇਸ ਦੀ ਮੰਗ ਕੀਤੀ ਜਾ ਸਕਦੀ ਹੈ।
ਜਸਟਿਸ ਬੀ ਆਰ ਗਵਈ, ਪੀ ਐੱਸ ਨਰਸਿਮਹਾ ਅਤੇ ਸੰਜੈ ਕੁਮਾਰ ਦੇ ਤਿੰਨ ਜੱਜਾਂ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਹੇਠਲੀ ਅਦਾਲਤ ਦੇ ਜੱਜ ਨੇ ਰਾਹੁਲ ਗਾਂਧੀ ਨੂੰ ਸਜ਼ਾ ਸੁਣਾਉਂਦਿਆਂ ਕੋਈ ਕਾਰਨ ਨਹੀਂ ਦੱਸਿਆ ਅਤੇ ਸਿਰਫ਼ ਇੰਨਾ ਹੀ ਆਖਿਆ ਕਿ ਉਸ ਨੂੰ ਮਾਣਹਾਨੀ ਕੇਸ ’ਚ ਸੁਪਰੀਮ ਕੋਰਟ ਨੇ ਤਾੜਨਾ ਕੀਤੀ ਸੀ। ਸਿਖਰਲੀ ਅਦਾਲਤ ਨੇ ਰਾਹੁਲ ਵੱਲੋਂ ਰਾਫ਼ਾਲ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ‘ਚੌਕੀਦਾਰ ਚੋਰ ਹੈ’ ਦੀ ਕੀਤੀ ਗਈ ਟਿੱਪਣੀ ’ਤੇ ਬਿਨਾਂ ਸ਼ਰਤ ਮੁਆਫ਼ੀ ਮੰਗੇ ਜਾਣ ਮਗਰੋਂ ਕਾਂਗਰਸ ਆਗੂ ਨੂੰ ਭਵਿੱਖ ’ਚ ਧਿਆਨ ਰੱਖਣ ਦੀ ਚਿਤਾਵਨੀ ਦਿੰਦਿਆਂ ਮਾਣਹਾਨੀ ਕੇਸ ਬੰਦ ਕਰ ਦਿੱਤਾ ਸੀ। ਬੈਂਚ ਨੇ ਕਿਹਾ ਕਿ ਜਿਥੋ ਤੱਕ ਸਜ਼ਾ ਦਾ ਸਵਾਲ ਹੈ ਤਾਂ ਆਈਪੀਸੀ ਦੀ ਧਾਰਾ 499 (ਮਾਣਹਾਨੀ) ਤਹਿਤ ਅਪਰਾਧ ਲਈ ਵੱਧ ਤੋਂ ਵੱਧ ਦੋ ਸਾਲ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਕੀਤੇ ਜਾ ਸਕਦੇ ਹਨ ਅਤੇ ਹੇਠਲੀ ਅਦਾਲਤ ਨੇ ਵੱਧ ਤੋਂ ਵੱਧ ਦੋ ਸਾਲ ਦੀ ਸਜ਼ਾ ਸੁਣਾਈ। ਬੈਂਚ ਨੇ ਕਿਹਾ,‘‘ਮਾਣਹਾਨੀ ਮਾਮਲੇ ’ਚ ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਚਿਤਾਵਨੀ ਤੋਂ ਇਲਾਵਾ ਹੇਠਲੀ ਅਦਾਲਤ ਦੇ ਜੱਜ ਨੇ ਸਜ਼ਾ ਲਈ ਕੋਈ ਹੋਰ ਕਾਰਨ ਨਹੀਂ ਦੱਸਿਆ। ਸਿਰਫ਼ ਹੇਠਲੀ ਅਦਾਲਤ ਦੇ ਜੱਜ ਵੱਲੋਂ ਸੁਣਾਈ ਗਈ ਵੱਧ ਤੋਂ ਵੱਧ ਸਜ਼ਾ ਕਾਰਨ ਉਹ ਜਨ ਪ੍ਰਤੀਨਿਧ ਐਕਟ ਦੇ ਘੇਰੇ ’ਚ ਆ ਗਏ। ਜੇਕਰ ਸਜ਼ਾ ਇਕ ਦਿਨ ਵੀ ਘੱਟ ਹੁੰਦੀ ਤਾਂ ਪ੍ਰਾਵਧਾਨ ਲਾਗੂ ਨਾ ਹੁੰਦੇ, ਖਾਸ ਕਰਕੇ ਜਦੋਂ ਕੋਈ ਜੁਰਮ ਇੰਨਾ ਗੰਭੀਰ ਨਾ ਹੋਵੇ, ਜ਼ਮਾਨਤੀ ਅਤੇ ਸਮਝੌਤੇ ਯੋਗ ਹੋਵੇ।

Advertisement

ਸੁਪਰੀਮ ਕੋਰਟ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਪੁਰਨੇਸ਼ ਮੋਦੀ।

ਹੇਠਲੀ ਅਦਾਲਤ ਦੇ ਜੱਜ ਤੋਂ ਘੱਟੋ ਘੱਟ ਇਹ ਤਵੱਕੋ ਸੀ ਕਿ ਉਹ ਵੱਧ ਤੋਂ ਵੱਧ ਸਜ਼ਾ ਦੇਣ ਲਈ ਕੁਝ ਕਾਰਨ ਦੱਸਦੇ। ਹਾਲਾਂਕਿ ਅਪੀਲੀ ਅਦਾਲਤ ਅਤੇ ਹਾਈ ਕੋਰਟ ਨੇ ਸਜ਼ਾ ’ਤੇ ਰੋਕ ਨੂੰ ਖਾਰਜ ਕਰਨ ਲਈ ਕਾਫੀ ਪੰਨੇ ਭਰੇ ਹਨ ਪਰ ਉਨ੍ਹਾਂ ਦੇ ਹੁਕਮਾਂ ’ਚ ਇਨ੍ਹਾਂ ਪਹਿਲੂਆਂ ’ਤੇ ਵਿਚਾਰ ਨਹੀਂ ਕੀਤਾ ਗਿਆ ਹੈ।’’ ਸਿਖਰਲੀ ਅਦਾਲਤ ਨੇ ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਮਾਮਲੇ ’ਚ ਆਪਣੇ ਪਹਿਲਾਂ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਅਜਿਹੀਆਂ ਟਿੱਪਣੀਆਂ ਕਰਨ ’ਚ ਵਧੇਰੇ ਸਾਵਧਾਨ ਰਹਿਣ ਅਤੇ ਸੰਜਮ ਵਰਤਣ ਦੀ ਲੋੜ ਹੈ ਜੋ ਕਥਿਤ ਤੌਰ ’ਤੇ ਮਾਣਹਾਨੀ ਲਾਇਕ ਹਨ। ਸਿਖਰਲੀ ਅਦਾਲਤ ਨੇ ਕਿਹਾ ਕਿ ਰਾਹੁਲ ਨੂੰ ਸਜ਼ਾ ਸੁਣਾਏ ਜਾਣ ਅਤੇ ਉਸ ਤੋਂ ਬਾਅਦ ਸੰਸਦ ਮੈਂਬਰੀ ਤੋਂ ਅਯੋਗ ਕਰਾਰ ਦਿੱਤੇ ਜਾਣ ਨਾਲ ਨਾ ਸਿਰਫ਼ ਜਨਤਕ ਜੀਵਨ ’ਚ ਬਣੇ ਰਹਿਣ ਦੇ ਉਨ੍ਹਾਂ ਦੇ ਹੱਕ ਨੂੰ ਪ੍ਰਭਾਵਿਤ ਕੀਤਾ ਗਿਆ ਹੈ ਸਗੋਂ ਵੋਟਰਾਂ ਦੇ ਹੱਕ ’ਤੇ ਵੀ ਅਸਰ ਪਿਆ ਹੈ ਜਿਨ੍ਹਾਂ ਉਨ੍ਹਾਂ ਨੂੰ ਆਪਣੇ ਹਲਕੇ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਸੀ। ਬੈਂਚ ਨੇ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਬਿਆਨ ਠੀਕ ਨਹੀਂ ਸਨ ਅਤੇ ਜਨਤਕ ਜੀਵਨ ’ਚ ਰਹਿਣ ਵਾਲੇ ਵਿਅਕਤੀ ਤੋਂ ਜਨਤਕ ਭਾਸ਼ਨ ਦਿੰਦੇ ਸਮੇਂ ਸਾਵਧਾਨੀ ਵਰਤਣ ਦੀ ਤਵੱਕੋ ਕੀਤੀ ਜਾਂਦੀ ਹੈ। ਇਸ ਲਈ ਅੰਤਿਮ ਫੈਸਲੇ ਤੱਕ ਦੋਸ਼ੀ ਠਹਿਰਾਉਣ ਦੇ ਹੁਕਮ ’ਤੇ ਰੋਕ ਲਗਾਉਣ ਦੀ ਲੋੜ ਹੈ। ਜਿਵੇਂ ਹੀ ਸੁਣਵਾਈ ਸ਼ੁਰੂ ਹੋਈ ਤਾਂ ਰਾਹੁਲ ਗਾਂਧੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਬੈਂਚ ਨੂੰ ਕਿਹਾ ਕਿ ਉਨ੍ਹਾਂ ਦਾ ਮੁਵੱਕਿਲ ਕੋਈ ਖ਼ਤਰਨਾਕ ਅਪਰਾਧੀ ਨਹੀਂ ਹੈ ਅਤੇ ਭਾਜਪਾ ਵਰਕਰਾਂ ਵੱਲੋਂ ਉਨ੍ਹਾਂ ਖ਼ਿਲਾਫ਼ ਕਈ ਕੇਸ ਦਾਖ਼ਲ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਕਦੇ ਵੀ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ। ਉਨ੍ਹਾਂ ਸੁਪਰੀਮ ਕੋਰਟ ਨੂੰ ਦੱਸਿਆ ਕਿ ਕਾਂਗਰਸ ਨੇਤਾ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨ ਵਾਲੇ ਗੁਜਰਾਤ ਦੇ ਸਾਬਕਾ ਮੰਤਰੀ ਪੁਰਨੇਸ਼ ਮੋਦੀ ਦਾ ਅਸਲੀ ਗੋਤ ਮੋਦੀ ਨਹੀਂ ਹੈ ਅਤੇ ਉਹ ਮੋਢ ਵਣਿਕਾ ਸਮਾਜ ਨਾਲ ਸਬੰਧਤ ਹੈ। ਗੁਜਰਾਤ ਦੇ ਸਾਬਕਾ ਮੰਤਰੀ ਪੁਰਨੇਸ਼ ਮੋਦੀ, ਜਿਸ ਦੀ ਸ਼ਿਕਾਇਤ ਕਾਰਨ ਰਾਹੁਲ ਨੂੰ ਦੋਸ਼ੀ ਠਹਿਰਾਇਆ ਗਿਆ, ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮਹੇਸ਼ ਜੇਠਮਲਾਨੀ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਖ਼ਿਲਾਫ਼ ਢੇਰ ਸਾਰੇ ਸਬੂਤ ਹਨ। ਸਿਖਰਲੀ ਅਦਾਲਤ ਗੁਜਰਾਤ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਰਾਹੁਲ ਗਾਂਧੀ ਦੀ ਅਰਜ਼ੀ ’ਤੇ ਸੁਣਵਾਈ ਕਰ ਰਹੀ ਸੀ। ਹਾਈ ਕੋਰਟ ਨੇ ਮੋਦੀ ਉਪਨਾਮ ਨਾਲ ਜੁੜੇ ਮਾਣਹਾਨੀ ਮਾਮਲੇ ’ਚ ਕਾਂਗਰਸ ਆਗੂ ਦੀ ਸਜ਼ਾ ’ਤੇ ਰੋਕ ਲਾਉਣ ਦੀ ਬੇਨਤੀ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਸੀ। -ਪੀਟੀਆਈ

Advertisement

ਕਾਂਗਰਸ ਹੈੱਡਕੁਆਰਟਰ ’ਤੇ ਰਾਹੁਲ ਗਾਂਧੀ, ਅਭਿਸ਼ੇਕ ਮਨੂ ਿਸੰਘਵੀ ਅਤੇ ਕੇ ਸੀ ਵੇਣੂਗੋਪਾਲ (ਖੱਬੇ) ਨਾਲ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ। -ਫੋਟੋ: ਪੀਟੀਆਈ

ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ, ਹਮਾਇਤ ਲਈ ਧੰਨਵਾਦ: ਰਾਹੁਲ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮਾਣਹਾਨੀ ਕੇਸ ’ਚ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਕਿਹਾ ਕਿ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ,‘‘ਅੱਜ ਨਹੀਂ ਤਾਂ ਕੱਲ੍ਹ ਜਾਂ ਪਰਸੋਂ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਮੈਂ ਕੀ ਕਰਨਾ ਹੈ, ਉਸ ਨੂੰ ਲੈ ਕੇ ਮੇਰੇ ਦਿਲ ’ਚ ਸਪੱਸ਼ਟਤਾ ਹੈ। ਮੈਂ ਹਮਾਇਤ ਦੇਣ ਲਈ ਲੋਕਾਂ ਦਾ ਧੰਨਵਾਦ ਕਰਦਾ ਹਾਂ।’’ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਸੀ ਕਿ ਭਾਵੇਂ ਕੁਝ ਵੀ ਹੋ ਜਾਵੇ, ਉਹ ਭਾਰਤ ਦੇ ਸੰਕਲਪ ਦੀ ਰੱਖਿਆ ਕਰਨ ਦਾ ਆਪਣਾ ਫਰਜ਼ ਨਿਭਾਉਂਦੇ ਰਹਿਣਗੇ। ਪਾਰਟੀ ਹੈੱਡਕੁਆਰਟਰ ’ਤੇ ਪਹੁੰਚਣ ’ਤੇ ਰਾਹੁਲ ਗਾਂਧੀ ਦਾ ਕਾਂਗਰਸ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। -ਪੀਟੀਆਈ

ਸੰਸਦ ਭਾਵੇਂ ਰਾਹਤ ਦੇ ਦੇਵੇ ਪਰ ਰਾਹੁਲ ’ਤੇ ਖ਼ਤਰਾ ਬਰਕਰਾਰ: ਭਾਜਪਾ

ਨਵੀਂ ਦਿੱਲੀ: ਮਾਣਹਾਨੀ ਮਾਮਲੇ ’ਚ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਮਗਰੋਂ ਭਾਜਪਾ ਨੇ ਕਿਹਾ ਹੈ ਕਿ ਸੰਸਦ ਭਾਵੇਂ ਅਜੇ ਕੁਝ ਨਰਮੀ ਵਰਤ ਸਕਦੀ ਹੈ ਪਰ ਕਾਂਗਰਸ ਆਗੂ ’ਤੇ ਅਯੋਗਤਾ ਦਾ ਖਤਰਾ ਹੁਣ ਵੀ ਬਣਿਆ ਹੋਇਆ ਹੈ ਕਿਉਂਕਿ ਉਸ ਖ਼ਿਲਾਫ਼ ਕਈ ਹੋਰ ਅਪਰਾਧਿਕ ਮਾਣਹਾਨੀ ਦੇ ਮਾਮਲੇ ਬਕਾਇਆ ਪਏ ਹਨ। ਭਾਜਪਾ ਦੇ ਸੂਚਨਾ ਅਤੇ ਤਕਨਾਲੋਜੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਟਵੀਟ ਕਰਕੇ ਕਿਹਾ,‘‘ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਏਗੀ।’’ ਉਸ ਨੇ ਕਿਹਾ ਕਿ ਰਾਹੁਲ ਖ਼ਿਲਾਫ਼ ਕਈ ਹੋਰ ਮਾਮਲੇ ਬਕਾਇਆ ਪਏ ਹਨ। ਭਾਜਪਾ ਆਗੂ ਨੇ ਕਿਹਾ ਕਿ ਨੈਸ਼ਨਲ ਹੈਰਾਲਡ ਘੁਟਾਲੇ ’ਚ ਰਾਹੁਲ ਆਪਣੀ ਮਾਂ ਸੋਨੀਆ ਗਾਂਧੀ ਨਾਲ ਇਕ ਮੁਲਜ਼ਮ ਹੈ ਅਤੇ ਅਜੇ ਉਹ ਜ਼ਮਾਨਤ ’ਤੇ ਬਾਹਰ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ’ਤੇ ਰਾਹੁਲ ਨੂੰ ਮੁੜ ਅਯੋਗ ਠਹਿਰਾਇਆ ਜਾ ਸਕਦਾ ਹੈ। -ਪੀਟੀਆਈ

ਰੋਕ ਦੀ ਕਾਪੀ ਲੋਕ ਸਭਾ ਸਕੱਤਰੇਤ ਨੂੰ ਦਿਖਾਉਣੀ ਪਵੇਗੀ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਕਰਨ ਲਈ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਨੁਮਾਇੰਦੇ ਨੂੰ ਲੋਕ ਸਭਾ ਸਕੱਤਰੇਤ ਨੂੰ ਸੁਪਰੀਮ ਕੋਰਟ ਦੇ ਉਸ ਹੁਕਮ ਦੀ ਕਾਪੀ ਦਿਖਾਉਣੀ ਹੋਵੇਗੀ ਜਿਸ ’ਚ ਉਸ ਦੀ ਸਜ਼ਾ ’ਤੇ ਰੋਕ ਲਗਾ ਦਿੱਤੀ ਗਈ ਹੈ। ਲੋਕ ਸਭਾ ਦੇ ਸਾਬਕਾ ਸਕੱਤਰ ਜਨਰਲ ਪੀ ਡੀ ਟੀ ਅਚਾਰੀ ਨੇ ਕਿਹਾ ਕਿ ਜਦੋਂ ਸਕੱਤਰੇਤ ਨੂੰ ਹੁਕਮ ਦੀ ਕਾਪੀ ਮਿਲ ਜਾਵੇਗੀ ਤਾਂ ਉਹ ਰਾਹੁਲ ਦੀ ਅਯੋਗਤਾ ਖ਼ਤਮ ਕਰਨ ਦੇ ਸਬੰਧ ’ਚ ਨੋਟੀਫਿਕੇਸ਼ਨ ਜਾਰੀ ਕਰਨ ਦਾ ਅਮਲ ਸ਼ੁਰੂ ਕਰੇਗਾ। ਰਾਹੁਲ ਨੂੰ ਮੋਦੀ ਉਪਨਾਮ ਮਾਮਲੇ ’ਚ ਗੁਜਰਾਤ ਦੀ ਇਕ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ’ਤੇ 23 ਮਾਰਚ ਨੂੰ ਲੋਕ ਸਭਾ ਦੀ ਮੈਂਬਰੀ ਤੋਂ ਅਯੋਗ ਠਹਿਰਾ ਦਿੱਤਾ ਗਿਆ ਸੀ। ਉਹ ਕੇਰਲਾ ਦੇ ਵਾਇਨਾਡ ਹਲਕੇ ਤੋਂ ਲੋਕ ਸਭਾ ਮੈਂਬਰ ਸਨ। -ਪੀਟੀਆਈ

ਰਾਹੁਲ ਨੂੰ ਅਯੋਗ ਠਹਿਰਾਉਣ ’ਚ 24 ਘੰਟੇ ਲੱਗੇ ਸਨ ਹੁਣ ਦੇਖਦੇ ਹਾਂ ਬਹਾਲ ਕਰਨ ’ਚ ਕਿੰਨਾ ਸਮਾਂ ਲੱਗੇਗਾ: ਖੜਗੇ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮਾਣਹਾਨੀ ਕੇਸ ’ਚ ਸਜ਼ਾ ਮਗਰੋਂ ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਠਹਿਰਾਉਣ ’ਚ ਸਿਰਫ਼ 24 ਘੰਟੇ ਲੱਗੇ ਸਨ ਅਤੇ ਹੁਣ ਦੇਖਣਾ ਹੋਵੇਗਾ ਕਿ ਸੁਪਰੀਮ ਕੋਰਟ ਵੱਲੋਂ ਰਾਹਤ ਦਿੱਤੇ ਜਾਣ ਮਗਰੋਂ ਉਨ੍ਹਾਂ ਦੀ ਮੈਂਬਰਸ਼ਿਪ ਬਹਾਲ ਕਰਨ ’ਚ ਕਿੰਨਾ ਸਮਾਂ ਲੱਗੇਗਾ। ਰਾਹੁਲ ਗਾਂਧੀ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ ਇਹ ਸਾਡੇ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿਉਂਕਿ ਜਮਹੂਰੀਅਤ ਅਤੇ ਸੰਵਿਧਾਨ ਦੀ ਜਿੱਤ ਹੋਈ ਹੈ। ਉਨ੍ਹਾਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਸੰਵਿਧਾਨ ਅਜੇ ਵੀ ਜਿਉਂਦਾ ਹੈ ਅਤੇ ਇਹ ਨਜ਼ੀਰ ਬਣ ਗਈ ਹੈ ਕਿ ਕਿਸੇ ਨੂੰ ਵੀ ਇਨਸਾਫ਼ ਮਿਲ ਸਕਦਾ ਹੈ। ਉਨ੍ਹਾਂ ਕਿਹਾ,‘‘ਇਹ ਆਮ ਲੋਕਾਂ ਦੀ ਜਿੱਤ ਹੈ। ਇਹ ਸਿਰਫ਼ ਰਾਹੁਲ ਗਾਂਧੀ ਦੀ ਨਹੀਂ ਸਗੋਂ ਦੇਸ਼ ਦੇ ਸਾਰੇ ਲੋਕਾਂ, ਲੋਕਤੰਤਰ ਅਤੇ ਸੰਵਿਧਾਨਕ ਸਿਧਾਂਤਾਂ ਦੀ ਜਿੱਤ ਹੈ।’’ ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਸੱਚ, ਦੇਸ਼ ਦੇ ਹਿੱਤਾਂ, ਨੌਜਵਾਨਾਂ, ਮਹਿੰਗਾਈ ਖ਼ਿਲਾਫ਼ ਲੜਦਾ ਹੈ, ਜੋ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 4 ਹਜ਼ਾਰ ਕਿਲੋਮੀਟਰ ਦੀ ਪੈਦਲ ਯਾਤਰਾ ਕਰਕੇ ਵੱਖ ਵੱਖ ਲੋਕਾਂ ਨੂੰ ਮਿਲਦਾ ਹੈ, ਉਸ ਨਾਲ ਲੋਕਾਂ ਦੀਆਂ ਦੁਆਵਾਂ ਹਨ ਜਿਸ ਕਰਕੇ ਇਹ ਲੋਕਾਂ ਦੀ ਜਿੱਤ ਹੈ। ਇਕ ਹੋਰ ਕਾਂਗਰਸ ਆਗੂ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਹੁਣ ਹਰ ਕੋਈ ਪਾਰਟੀ ਦੇ ਸਾਬਕਾ ਪ੍ਰਧਾਨ ਨੂੰ ਸੰਸਦ ’ਚ ਬੋਲਦਾ ਦੇਖਣਾ ਚਾਹੁੰਦਾ ਹੈ। ਸਿੰਘਵੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰੀ ਬਹਾਲ ਨਾ ਹੋਈ ਤਾਂ ਇਹ ਫ਼ੈਸਲਾ ਸੰਸਦੀ ਲੋਕਤੰਤਰ ਦੀ ਭਾਵਨਾ ਦੇ ਉਲਟ ਹੋਵੇਗਾ। ਉਨ੍ਹਾਂ ਕਿਹਾ ਕਿ ਸਪੀਕਰ ਨੂੰ ਇਸ ਮਾਮਲੇ ’ਚ ਕਾਨੂੰਨ ਮੰਤਰਾਲੇ ਦੀ ਰਾਏ ਲੈਣ ਦੀ ਕੋਈ ਲੋੜ ਨਹੀਂ ਹੈ। ਜ਼ਿਕਰਯੋਗ ਹੈ ਕਿ ਲਕਸ਼ਦੀਪ ਤੋਂ ਐੱਨਸੀਪੀ ਦੇ ਲੋਕ ਸਭਾ ਮੈਂਬਰ ਮੁਹੰਮਦ ਫ਼ੈਜ਼ਲ ਦੀ 10 ਹਫ਼ਤਿਆਂ ਮਗਰੋਂ ਮੈਂਬਰਸ਼ਿਪ ਬਹਾਲ ਕੀਤੀ ਗਈ ਸੀ। -ਪੀਟੀਆਈ

ਅਧੀਰ ਰੰਜਨ ਨੇ ਸਪੀਕਰ ਨਾਲ ਮੁਲਾਕਾਤ ਕਰਕੇ ਰਾਹੁਲ ਦੀ ਮੈਂਬਰੀ ਬਹਾਲ ਕਰਨ ਲਈ ਕਿਹਾ

ਨਵੀਂ ਦਿੱਲੀ: ਲੋਕ ਸਭਾ ’ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕਰਕੇ ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਬਹਾਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਰਾਹੁਲ ਗਾਂਧੀ ਨੂੰ ਅਯੋਗਤਾ ਕੇਸ ’ਚ ਰਾਹਤ ਦੇਣਾ ਸੱਚਾਈ ਦੀ ਜਿੱਤ ਹੈ। ਕਾਂਗਰਸ ਆਗੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਹੁਲ ਨੂੰ ਅਯੋਗ ਠਹਿਰਾਉਣਾ ਹਾਕਮ ਧਿਰ ਭਾਜਪਾ ਦੀ ਸਾਜ਼ਿਸ਼ ਦਾ ਹਿੱਸਾ ਸੀ ਅਤੇ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਰਾਹਤ ਦੇ ਕੇ ਯਕੀਨੀ ਬਣਾਇਆ ਹੈ ਕਿ ਸੱਚ ਦੀ ਜਿੱਤ ਹੋਵੇਗੀ। ਅਧੀਰ ਰੰਜਨ ਨੇ ਕਿਹਾ,‘‘ਅਸੀਂ ਲੋਕ ਸਭਾ ਸਪੀਕਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਸੁਪਰੀਮ ਕੋਰਟ ਵੱਲੋਂ ਰਾਹਤ ਦਿੱਤੇ ਜਾਣ ਮਗਰੋਂ ਰਾਹੁਲ ਗਾਂਧੀ ਦੀ ਲੋਕ ਸਭਾ ’ਚ ਮੈਂਬਰਸ਼ਿਪ ਬਹਾਲ ਕੀਤੀ ਜਾਵੇ। ਅਸੀਂ ਚਾਹੁੰਦੇ ਹਾਂ ਕਿ ਰਾਹੁਲ ਗਾਂਧੀ ਲੋਕ ਸਭਾ ’ਚ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤੇ ’ਤੇ ਬੋਲਣ।’’ ਚੌਧਰੀ ਨੇ ਕਿਹਾ ਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਸਰਕਾਰ ਅਜੇ ਕਈ ਅੜਿੱਕੇ ਖ਼ਿਲਾਫ਼ ਲੜਦਾ ਹੈ, ਜੋ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 4 ਹਜ਼ਾਰ ਕਿਲੋਮੀਟਰ ਦੀ ਪੈਦਲ ਯਾਤਰਾ ਕਰਕੇ ਵੱਖ ਵੱਖ ਲੋਕਾਂ ਨੂੰ ਮਿਲਦਾ ਹੈ, ਉਸ ਨਾਲ ਲੋਕਾਂ ਦੀਆਂ ਦੁਆਵਾਂ ਹਨ ਜਿਸ ਕਰਕੇ ਇਹ ਲੋਕਾਂ ਦੀ ਜਿੱਤ ਹੈ। ਇਕ ਹੋਰ ਕਾਂਗਰਸ ਆਗੂ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਹੁਣ ਹਰ ਕੋਈ ਪਾਰਟੀ ਦੇ ਸਾਬਕਾ ਪ੍ਰਧਾਨ ਨੂੰ ਸੰਸਦ ’ਚ ਬੋਲਦਾ ਦੇਖਣਾ ਚਾਹੁੰਦਾ ਹੈ। ਸਿੰਘਵੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰੀ ਬਹਾਲ ਨਾ ਹੋਈ ਤਾਂ ਇਹ ਫ਼ੈਸਲਾ ਸੰਸਦੀ ਲੋਕਤੰਤਰ ਦੀ ਭਾਵਨਾ ਦੇ ਉਲਟ ਹੋਵੇਗਾ। ਉਨ੍ਹਾਂ ਕਿਹਾ ਕਿ ਸਪੀਕਰ ਨੂੰ ਇਸ ਮਾਮਲੇ ’ਚ ਕਾਨੂੰਨ ਮੰਤਰਾਲੇ ਦੀ ਰਾਏ ਲੈਣ ਦੀ ਕੋਈ ਲੋੜ ਨਹੀਂ ਹੈ। ਜ਼ਿਕਰਯੋਗ ਹੈ ਕਿ ਲਕਸ਼ਦੀਪ ਤੋਂ ਐੱਨਸੀਪੀ ਦੇ ਲੋਕ ਸਭਾ ਮੈਂਬਰ ਮੁਹੰਮਦ ਫ਼ੈਜ਼ਲ ਦੀ 10 ਹਫ਼ਤਿਆਂ ਮਗਰੋਂ ਮੈਂਬਰਸ਼ਿਪ ਬਹਾਲ ਕੀਤੀ ਗਈ ਸੀ। -ਪੀਟੀਆਈ

Advertisement
Author Image

sukhwinder singh

View all posts

Advertisement