ਡੂੰਘੇ ਪਾਣੀਆਂ ਦਾ ਖੋਜੀ ਇੰਜਨੀਅਰ
ਮਨਮੋਹਨ ਸਿੰਘ ਦਾਊਂ
ਗੁਰਨਾਮ ਸਿੰਘ ਦਾ ਜਨਮ ਪੰਜ ਦਸੰਬਰ 1932 ਨੂੰ ਅਰਜਨ ਸਿੰਘ ਹੌਲਦਾਰ ਅਤੇ ਬਸੰਤ ਕੌਰ ਦੇ ਘਰ ਪੁਆਧ ਦੇ ਪਿੰਡ ਸੈਣੀ ਮਾਜਰਾ (ਤਹਿਸੀਲ ਖਰੜ, ਜ਼ਿਲ੍ਹਾ ਰੋਪੜ) ਵਿਚ ਹੋਇਆ। ਇਹ ਪਿੰਡ ਚੰਡੀਗੜ੍ਹ ਵਸਾਉਣ ਲਈ ਉਠਾਲਿਆ ਗਿਆ ਤੇ ਹੁਣ ਇਸ ਥਾਂ ਚੰਡੀਗੜ੍ਹ ਦਾ 25 ਸੈਕਟਰ ਵਸਿਆ ਹੋਇਆ ਹੈ। ਇਸ ਸੈਣੀ ਪਰਿਵਾਰ ਦੇ ਪੂਰਵ ਕੁਰਸੀਨਾਮੇ ਅਨੁਸਾਰ ਬਘੇਲ ਸਿੰਘ ਕਬਰਵਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੈਨਾ ਦਾ ਜੱਥੇਦਾਰ ਸੀ।
ਗੁਰਨਾਮ ਸਿੰਘ ਨੇ ਪ੍ਰਾਇਮਰੀ ਵਿੱਦਿਆ ਪਿੰਡ ਕੈਲੜ ਤੇ ਪਿੰਡ ਕਾਲੀਬੜ ਦੇ ਸਕੂਲਾਂ ਤੋਂ ਪ੍ਰਾਪਤ ਕੀਤੀ ਅਤੇ ਦਸਵੀਂ ਖਾਲਸਾ ਹਾਈ ਸਕੂਲ ਖਰੜ ਤੋਂ ਪਾਸ ਕੀਤੀ। ਆਪ ਜੀ ਦੀ ਸ਼ਾਦੀ 1951 ਵਿਚ ਲਾਭ ਕੌਰ (ਪਿੰਡ ਬਡਾਲੀ) ਨਾਲ ਹੋਈ ਜਿਨ੍ਹਾਂ ਦੇ ਚੰਗੇਰੇ ਸਾਥ ਨੇ ਆਪ ਜੀ ਦੇ ਜੀਵਨ ਦੀ ਹਰ ਔਕੜ ਅਤੇ ਤੰਗੀ-ਤੁਰਸ਼ੀ ਨੂੰ ਝੱਲ ਕੇ ਸੂਝਵਾਨ ਗ੍ਰਹਿਣੀ ਦਾ ਪ੍ਰਮਾਣ ਦਿੱਤਾ। ਆਪ ਨੇ ਵੈਲਿਊਏਸ਼ਨ ਮਹਿਕਮੇ ਵਿਚ 70 ਰੁਪਏ ਮਹੀਨਾ ਬਤੌਰ ਟਰੇਸਰ ਨੌਕਰੀ ਸ਼ੁਰੂ ਕੀਤੀ। ਫਿਰ ਇੱਥੋਂ ਹਟ ਕੇ ਐਸੋਸੀਏਟਿਡ ਟਿਊਬਵੈੱਲ ਕੰਪਨੀ ਯਮੁਨਾਨਗਰ ਵਿਖੇ ਡਰਿੱਲਰ ਦੀ ਨੌਕਰੀ ਕੀਤੀ। 300 ਫੁੱਟ ਡੂੰਘਾ ਬੋਰ ਕੀਤਾ। ਬੜੀ ਕਠਨ ਮਿਹਨਤ ਕੀਤੀ। 65 ਘੰਟੇ ਤੱਕ ਵੀ ਲਗਾਤਾਰ ਕੰਮ ਕੀਤਾ। ਪਿੰਡ ਨੂੰ ਉੱਠਣ ਦਾ ਹੁਕਮ ਹੋ ਗਿਆ। ਬੇਰੁਜ਼ਗਾਰ ਹੋਣਾ ਪਿਆ। ਅਤਿ ਦੀ ਗਰੀਬੀ ਕਾਰਨ ਬੇਵਸੀ ਵਿਚ ਇਕ ਵਾਰ ਖੁਦਕੁਸ਼ੀ ਦਾ ਇਰਾਦਾ ਵੀ ਹੋਇਆ। ਇਸ ਦੌਰਾਨ ਕਦੇ ਕਲਕੱਤਾ ਨੌਕਰੀ ਕੀਤੀ, ਕਦੇ ਅਹਿਮਦਾਬਾਦ। ਟੈਂਟਾਂ ਵਿਚ ਰਹਿੰਦੇ ਸਮੇਂ, ਇੱਕ ਰਾਤ ਆਪ ਦੇ ਮੰਜੇ ’ਤੇ ਸੱਤ ਫੁੱਟ ਲੰਮਾ ਸੱਪ ਫਨ ਫੈਲਾ ਕੇ ਛਾਤੀ ’ਤੇ ਚੜ੍ਹ ਗਿਆ। ਕੁਦਰਤ ਦਾ ਭਾਣਾ, ਸੱਪ ਆਪਣੇ ਆਪ ਲੰਘ ਗਿਆ। ਇਉਂ ਆਪ ਨੇ ਹੌਸਲੇ ਨਾਲ ਉਹ ਅਭੁੱਲ ਛਿਣ ਵੀ ਲੰਘਾ ਲਏ। ਜੌਨਪੁਰ (ਯੂਪੀ), ਅਸਾਮ, ਪੱਛਮੀ ਬੰਗਾਲ, ਗੁਜਰਾਤ ਆਦਿ ਥਾਵਾਂ ’ਤੇ ਲਗਪਗ 20 ਸਾਲ ਟੈਂਟਾਂ ’ਚ ਰਹਿ ਕੇ ਟਿਊਬਵੈੱਲਾਂ ਲਈ ਘੋਰ ਘਾਲਣਾ ਕੀਤੀ ਪਰ ਇਮਾਨਦਾਰੀ, ਲਗਨ, ਦ੍ਰਿੜਤਾ ਤੇ ਮਿਹਨਤ ਦਾ ਪੱਲਾ ਕਦੇ ਨਾ ਛੱਡਿਆ। ਸਾਰੇ ਭਾਰਤ ਦੀ ਧਰਤੀ ’ਤੇ ਪਾਣੀ ਦਾ ਤਜਰਬਾ ਇੰਨਾ ਹੋ ਗਿਆ ਕਿ ਅਸੰਭਵ ਨੂੰ ਸੰਭਵ ਕਰਨ ਦੀ ਠਾਣ ਲਈ। ਕਈ ਨੌਕਰੀਆਂ ਕੀਤੀਆਂ, ਕਈ ਛੱਡੀਆਂ। ਕਲਕੱਤਾ ਦੀ ਧਰਤੀ ’ਚ 2500 ਫੁੱਟ ਡੂੰਘਾ ਟਿਊਬਵੈੱਲ ਲਾ ਕੇ ਅਚੰਭਾ ਕਰ ਦਿਖਾਇਆ। ਪਹਾੜੀ ਇਲਾਕੇ ਵਿਚ ਟਿਊਬਵੈੱਲ ਲਾ ਕੇ ਇਤਿਹਾਸ ਸਿਰਜ ਦਿੱਤਾ।
ਚੰਡੀਗੜ੍ਹ ਵਿਚ 10 ਸਾਲ ਪਹਿਲਾਂ ਪਾਣੀ ਸੰਕਟ ਆਉਣ ਵਾਲਾ ਸੀ। ਉਸ ਦਾ ਕਾਰਨ ਲੱਭਿਆ ਤੇ 50 ਸਾਲ ਲਈ ਸੰਕਟ ਹੱਲ ਕਰ ਦਿਖਾਇਆ। ਪੰਜਾਬ ਸਰਕਾਰ ਨੇ ਸਟੇਟ ਅਵਾਰਡ ਦੇ ਕੇ ਸਨਮਾਨਿਤ ਕੀਤਾ। ਆਪਣੀ ਸਵੈ-ਜੀਵਨੀ ‘ਮੇਰੀਆਂ ਪੈੜਾਂ ਮੇਰਾ ਸਫ਼ਰ’ ਉਨ੍ਹਾਂ ਦੇ ਜੀਵਨ ਦੇ ਸੰਘਰਸ਼ ਦਾ ਦਸਤਾਵੇਜ਼ ਹੈ ਜਿਸ ਅਨੁਸਾਰ ਉਨ੍ਹਾਂ ਇਕ ਵਾਰ ਜੰਗਲ ਵਿਚ ਰਿੱਛ ਦਾ ਮੁਕਾਬਲਾ ਕਰ ਕੇ ਉਸ ਨੂੰ ਹਰਾ ਭਜਾਇਆ। ਮਿਹਨਤ, ਬਹਾਦਰੀ ਅਤੇ ਹੌਸਲਾ ਆਪ ਦੀ ਸਫਲਤਾ ਦੇ ਰਾਜ਼ ਹਨ।
ਫਿਰ ਜ਼ਿੰਦਗੀ ਦਾ ਨਵਾਂ ਦੌਰ ਸ਼ੁਰੂ ਹੋਇਆ। ਉਜਲ ਭਵਿੱਖ ਉਦੈ ਹੋਇਆ। ਆਪ ਜੀ ਦੇ ਹੋਣਹਾਰ ਪੁੱਤਰਾਂ ਅਮਰਦੀਪ ਸਿੰਘ ਅਤੇ ਗੁਰਦਰਸ਼ਨ ਸਿੰਘ ਦੇ ਸਹਿਯੋਗ ਨਾਲ ਗੁਰਨਾਮ ਸਿੰਘ ਐਂਡ ਕੰਪਨੀ ਹੋਂਦ ਵਿਚ ਆਈ। ਹਰ ਪਾਸੇ ਪ੍ਰਸਿੱਧੀ ਹੋਣ ਲੱਗੀ। ਸਰਕਾਰੇ ਦਰਬਾਰੇ ਪੂਰਾ ਬੋਲ-ਬਾਲਾ ਹੋਣ ਲੱਗਾ ਪਰ ਸਦਕੇ ਜਾਈਏ ਗੁਰਨਾਮ ਸਿੰਘ ਦੇ ਜਿਨ੍ਹਾਂ ਆਪਣੀ ਝੋਲੀ ਵਿਚ ਸੱਚ, ਨਿਮਰਤਾ ਅਤੇ ਭਲਾਈ ਸਾਂਭੀ ਰੱਖੀ। ਮੰਤਰੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਤੱਕ ਉਨ੍ਹਾਂ ਦੀ ਕੀਰਤੀ ਨੂੰ ਸੋਭਾ ਸਨਮਾਨ ਮਿਲਿਆ। ਫਿਲਮੀ ਦੁਨੀਆ, ਧਾਰਮਿਕ ਖੇਤਰ, ਸਮਾਜ ਭਲਾਈ ਪਿੜ ਤੇ ਰਾਜਸੀ ਹਲਕਿਆਂ ਵਿਚ ਉਨ੍ਹਾਂ ਰਸਾਈ ‘ਪੰਜਾਬ ਦੇ ਜਲ ਦੇਵਤਾ’ ਵਜੋਂ ਜਾਣੀ ਜਾਂਦੀ ਹੈ।
ਉਹ ਦਿਨ ਤੇ ਇਹ ਦਿਨ। ਡਿਊਲ ਰੋਟਰੀ ਰਿਗ-ਡੀਆਰ 24 ਟਿਊਬਵੈੱਲ ਡਰਿਲਿੰਗ ਮਸ਼ੀਨ ਜੋ ਪਥਰੀਲੇ ਇਲਾਕੇ ਵਿਚ 1000 ਫੁੱਟ ਡੂੰਘਾ ਟਿਊਬਵੈੱਲ 15 ਦਿਨ ਵਿਚ ਲਗਾ ਦਿੰਦੀ ਹੈ, ਅੱਧੀ ਸਦੀ ਤੋਂ ਵੱਧ ਲੰਮੇ ਤਜਰਬੇ ਵਾਲੀ ਗੁਰਨਾਮ ਸਿੰਘ ਐਂਡ ਕੰਪਨੀ ਨੂੰ ਫਖਰ ਹੈ ਕਿ ਇਹ ਵਡਮੁੱਲੀ ਮਸ਼ੀਨ ਭਾਰਤ ਵਿਚ ਕੇਵਲ ਇਸੇ ਕੰਪਨੀ ਕੋਲ ਹੈ। ਕਿੰਨੇ ਹੀ ਸਨਮਾਨਾਂ ਨਾਲ ਅਲੰਕ੍ਰਿਤ ਹੋਣ ਵਾਲੀ ਸ਼ਖ਼ੀਅਤ ਨੂੰ ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਨਾਲ ਸਨਮਾਨਿਤ ਕੀਤਾ ਗਿਆ। ਡੂੰਘੇ ਪਾਣੀਆਂ ਦੇ ਅਜਿਹੇ ਖੋਜੀ ਇੰਜਨੀਅਰ ਨੂੰ ਪੁਆਧੀ ਪੰਜਾਬੀ ਸੱਥ ਨੇ ਮਾਸਟਰ ਸਰੂਪ ਸਿੰਘ ਨੰਬਰਦਾਰ ਪੁਰਸਕਾਰ-2006 ਦੇ ਕੇ ਬੇਹੱਦ ਖੁਸ਼ੀ ਅਤੇ ਗੌਰਵ ਮਹਿਸੂਸ ਕੀਤਾ। ਇਸ ਵੇਲੇ ਗੁਰਦਰਸ਼ਨ ਸਿੰਘ ਆਪਣੇ ਪਿਤਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਆਪਣੇ ਕੁਨਬੇ ਦੇ ਸਹਿਯੋਗ ਨਾਲ ਸੋਭਾ ਖੱਟ ਰਿਹਾ ਹੈ ਤੇ ਸਮਾਜ ਭਲਾਈ ਕਾਰਜਾਂ ਵਿਚ ਵੀ ਹਿੱਸਾ ਪਾ ਰਿਹਾ ਹੈ। ਡੂੰਘੇ ਪਾਣੀਆਂ ਦਾ ਖੋਜੀ ਇੰਜਨੀਅਰ, ਉੱਦਮੀ ਦਰਵੇਸ਼ ਗੁਰਨਾਮ ਸਿੰਘ 15 ਸਤੰਬਰ 2010 ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ।
ਸੰਪਰਕ: 98151-23900