ਘਟਦੀ ਆਮਦਨ ਤੇ ਵਧਦੀ ਮਹਿੰਗਾਈ ਮਿਹਨਤੀ ਗ਼ਰੀਬ ਲੋਕਾਂ ਦੇ ਸੁਪਨਿਆਂ ’ਤੇ ਡਾਕਾ: ਰਾਹੁਲ
ਨਵੀਂ ਦਿੱੱਲੀ, 25 ਅਕਤੂਬਰ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਇਕ ਦੁਕਾਨ ਵਿਚ ਨਾਈ ਦੇ ਰੂਬਰੂ ਹੁੰਦਿਆਂ ਕਿਹਾ ਕਿ ਘਟਦੀ ਆਮਦਨ ਤੇ ਸ਼ੂਟ ਵਟਦੀ ਮਹਿੰਗਾਈ ਮਿਹਨਤੀ ਗ਼ਰੀਬ ਲੋਕਾਂ ਦੇ ਸੁਪਨਿਆਂ ’ਤੇ ਡਾਕਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਲਈ ਨਵੀਆਂ ਸਕੀਮਾਂ ਦੀ ਲੋੜ ਹੈ ਤਾਂ ਕਿ ਉਹ ਪੈਸਾ ਬਚਾਅ ਕੇ ਆਪਣੇ ਘਰਾਂ ਨੂੰ ਲਿਜਾ ਸਕਣ। ਗਾਂਧੀ ਨੇ ਨਾਈ ਦੀ ਦੁਕਾਨ ਦੀ ਆਪਣੀ ਇਸ ਫੇਰੀ ਦੀ ਵੀਡੀਓ ਵੀ ਐਕਸ ’ਤੇ ਸਾਂਝੀ ਕੀਤੀ, ਜਿੱਥੇ ਉਹ ਆਪਣੀ ਦਾੜ੍ਹੀ ਕਟਵਾਉਂਦਿਆਂ ਨਾਈ ਨਾਲ ਗੱਲਬਾਤ ਕਰ ਰਹੇ ਹਨ। ਸਾਬਕਾ ਕਾਂਗਰਸ ਪ੍ਰਧਾਨ ਨੇ ਆਪਣੀ ਪੋਸਟ ਵਿਚ ਕਿਹਾ, ‘‘ਹੁਣ ਕੁਝ ਨਹੀਂ ਬਚਿਆ! ਅਜੀਤ ਭਾਈ ਦੇ ਇਹ ਚਾਰ ਸ਼ਬਦ ਤੇ ਉਸ ਦੇ ਅੱਥਰੂ ਭਾਰਤ ਦੇ ਹਰੇਕ ਮਿਹਨਤੀ ਗਰੀਬ ਤੇ ਮੱਧ ਵਰਗ ਦੇ ਵਿਅਕਤੀ ਦੀ ਕਹਾਣੀ ਬਿਆਨ ਕਰਦੇ ਹਨ।’’ -ਪੀਟੀਆਈ
ਭਾਜਪਾ ਦੀ ‘ਟ੍ਰਿਪਲ ਇੰਜਣ ਸਰਕਾਰ’ ਨੇ ਆਮ ਆਦਮੀ ਤੋਂ ਰੋਟੀ ਖੋਹੀ
ਨਵੀਂ ਦਿੱਲੀ:
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਖੁਰਾਕੀ ਵਸਤਾਂ ਦੀਆਂ ਸ਼ੂਟ ਵਟਦੀਆਂ ਕੀਮਤਾਂ ਲਈ ਭਾਜਪਾ ਨੂੰ ਭੰਡਦੇ ਹੋਏ ਕਿਹਾ ਕਿ ਮਹਾਰਾਸ਼ਟਰ ਦੀ ‘ਟ੍ਰਿਪਲ ਇੰਜਣ ਸਰਕਾਰ’ ਜਿਸ ਨੇ ‘ਪਿਛਲੇ ਦਰਵਾਜ਼ਿਓਂ ਸੱਤਾ ਹਾਸਲ ਕੀਤੀ ਸੀ’, ਨੇ ਆਮ ਆਦਮੀ ਤੋਂ ਰੋਟੀ ਖੋਹ ਲਈ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ 20 ਨਵੰਬਰ ਦੀਆਂ ਅਸੈਂਬਲੀ ਚੋਣਾਂ ਵਿਚ ਵੋਟਾਂ ਪਾ ਕੇ ਭਾਜਪਾ ਤੇ ਇਸ ਦੇ ਭਾਈਵਾਲਾਂ ਨੂੰ ਸੱਤਾ ’ਚੋਂ ਬਾਹਰ ਦਾ ਰਾਹ ਦਿਖਾਉਣ ਦਾ ਮਨ ਬਣਾ ਲਿਆ ਹੈ। -ਪੀਟੀਆਈ