ਕਾਰਖਾਨੇਦਾਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ’ਤੇ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਜੁਲਾਈ
ਮਿਕਸ ਲੈਂਡ ਯੂਜ ਦੇ ਕਾਰਖਾਨੇਦਾਰਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਮਿਕਸਡ ਲੈਂਡ ਯੂਜ ਵਾਲੇ ਇਲਾਕਿਆਂ ਵਿੱਚ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਾਰਖਾਨੇਦਾਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਣਗੇ।
ਅੱਜ ਇੱਥੇ ਸਮਾਲ ਸਕੇਲ ਮੈਨੂਫੈਕਚਰਰਜ਼ ਐਸੋਸੀਏਸਨ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਮਿਕਸ ਲੈਂਡ ਯੂਜ ਅਧੀਨ ਆਉਂਦੀਆਂ ਰੈਡ ਕੈਟਾਗਰੀ ਵਾਲੀਆਂ ਫੈਕਟਰੀਆਂ ਦੀ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਸਹਿਮਤੀ ਖਤਮ ਹੋ ਗਈ ਹੈ। ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਭਵਿੱਖ ਲਈ ਸਹਿਮਤੀ ਕਰਨ ਲਈ ਕੋਰਾ ਜਵਾਬ ਦੇ ਦਿੱਤਾ ਗਿਆ ਹੈ ਅਤੇ ਇਸ ਮਗਰੋਂ ਇਹ ਫੈਕਟਰੀਆਂ ਚੱਲਣੀਆਂ ਗ਼ੈਰਕਾਨੂੰਨੀ ਹੋ ਗਈਆਂ ਹਨ। ਹਾਲਾਂਕਿ ਇਹ ਫੈਕਟਰੀਆਂ ਬਿਨਾਂ ਕੋਈ ਪ੍ਰਦੂਸ਼ਣ ਫੈਲਾਏ ਆਪਣਾ ਤੇਜ਼ਾਬੀ ਪਾਣੀ ਜੇਬੀਆਰ ਨੂੰ ਚੁੱਕਵਾ ਰਹੀਆਂ ਹਨ ਪਰ ਫਿਰ ਵੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਇਹ ਫੈਕਟਰੀਆਂ ਨਹੀਂ ਚੱਲ ਸਕਣਗੀਆ। ਠੁਕਰਾਲ ਨੇ ਕਿਹਾ ਕਿ ਇਹ ਰੈਡ ਕੈਟਾਗਰੀਆਂ ਵਾਲੀਆਂ ਫੈਕਟਰੀਆਂ ਪਿਛਲੇ 50 ਸਾਲਾ ਤੋਂ ਚੱਲ ਰਹੀਆਂ ਹਨ ਅਤੇ ਗਰੀਨ ਕੈਟਾਗਰੀ ਵਾਲੀਆ ਫੈਕਟਰੀਆਂ ਲਈ ਕੰਮ ਕਰਦੀਆਂ ਹਨ ਹੁਣ ਇਨ੍ਹਾਂ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਹੋਣ ਦੇ ਬਾਵਜੂਦ ਬੰਦ ਕਰਵਾਉਣਾ ਸਰਾਸਰ ਧੱਕਾ ਹੈ, ਜਿਸ ਨੁੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।