For the best experience, open
https://m.punjabitribuneonline.com
on your mobile browser.
Advertisement

ਸੁਖਬੀਰ ਬਾਦਲ ਬਾਰੇ ਫ਼ੈਸਲਾ ਛੇਤੀ ਕੀਤਾ ਜਾਵੇਗਾ: ਜਥੇਦਾਰ

07:55 AM Nov 24, 2024 IST
ਸੁਖਬੀਰ ਬਾਦਲ ਬਾਰੇ ਫ਼ੈਸਲਾ ਛੇਤੀ ਕੀਤਾ ਜਾਵੇਗਾ  ਜਥੇਦਾਰ
ਸੋਵੀਨਰ ਜਾਰੀ ਕਰਦੇ ਹੋਏ ਜਥੇਦਾਰ ਰਘਬੀਰ ਸਿੰਘ ਤੇ ਹੋਰ।
Advertisement

ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 23 ਨਵੰਬਰ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਤਨਖਾਹੀਆ ਕਰਾਰ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਬਾਰੇ ਬਹੁਤ ਜਲਦ ਹੀ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਗੱਲ ਅੱਜ ਇੱਥੇ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ’ਚ ਸ਼ਮੂਲੀਅਤ ਕਰਨ ਉਪਰੰਤ ਆਖੀ। ਜਥੇਦਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਮਸਲਾ ਬਹੁਤ ਵੱਡਾ ਹੈ ਅਤੇ ਦੁਨੀਆ ਭਰ ਦੇ ਸਿੱਖਾਂ ਦੀ ਇਸ ਪਾਸੇ ਨਜ਼ਰ ਹੈ, ਜਿਸ ਲਈ ਬਹੁਤ ਜਲਦੀ ਹੀ ਸਮੂਹ ਜਥੇਦਾਰ ਸਹਿਬਾਨ ਦੀ ਬੈਠਕ ਬੁਲਾਈ ਜਾ ਰਹੀ ਹੈ ਅਤੇ ਫ਼ੈਸਲਾ ਲਿਆ ਜਾਵੇਗਾ। ਸੁਖਬੀਰ ਬਾਦਲ ਨੂੰ ਧਾਰਮਿਕ ਜਾਂ ਰਾਜਨੀਤਕ ਸਜ਼ਾ ਦੇਣ ਸਬੰਧੀ ਸਵਾਲ ’ਤੇ ਜਥੇਦਾਰ ਟਾਲਾ ਵੱਟ ਗਏ ਅਤੇ ਕਿਹਾ, ‘‘ਇਸ ਬਾਰੇ ਸਮੇਂ ਅਨੁਸਾਰ ਵੇਖਿਆ ਜਾਵੇਗਾ।’’ ਜਥੇਦਾਰ ਨੇ ਕਿਹਾ ਕਿ ਅਕਾਲੀ ਦਲ ਤੋਂ ਬਿਨਾਂ ਪੰਜਾਬ ਵਿਕਾਸ ਨਹੀਂ ਕਰ ਸਕਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕੀਤੀ ਹੈ। ਇਸ ਲਈ ਕੌਮ ਦੀ 100 ਸਾਲ ਪੁਰਾਣੀ ਜਥੇਬੰਦੀ ਨੂੰ ਤਕੜਾ ਕਰਨਾ ਜ਼ਰੂਰੀ ਹੈ। ਉਨ੍ਹਾਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਮੀਡੀਆ ’ਚ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਕਿਹਾ ਕਿ ਉਨ੍ਹਾਂ ਨੂੰ ਹਰ ਪਦਵੀ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਚੀਫ਼ ਖ਼ਾਲਸਾ ਦੀਵਾਨ ਵੱਲੋਂ ਕਰਵਾਈ 68ਵੀਂ ਸਿੱਖ ਵਿੱਦਿਅਕ ਕਾਨਫ਼ਰੰਸ ਦੇ ਸਮਾਪਤੀ ਸਮਾਰੋਹ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਜਥੇਦਾਰ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਪੀਕਰ ਕੁਲਤਾਰ ਸੰਧਵਾਂ ਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪੰਜਾਬ, ਪੰਜਾਬੀਅਤ ਤੇ ਪੰਜਾਬੀ ਮਾਂ ਬੋਲੀ ਦੀ ਰਾਖੀ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ। ਜਥੇਦਾਰ ਹਰਪ੍ਰੀਤ ਸਿੰਘ, ਹਰਜਿੰਦਰ ਸਿੰਘ ਧਾਮੀ ਤੇ ਕੁਲਤਾਰ ਸੰਧਵਾਂ ਨੇ ਕਿਹਾ ਕਿ ਹੁਣ ਸਮੇਂ ਦੀ ਲੋੜ ਹੈ ਕਿ ਪੰਜਾਬੀ ਭਾਸ਼ਾ ਮਨਸੂਈ ਬੌਧਿਕਤਾ (ਏਆਈ) ਦਾ ਸਹਾਰਾ ਲੈਂਦੇ ਹੋਏ ਅੱਗੇ ਵਧੇ। ਇਸ ਤੋਂ ਪਹਿਲਾਂ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਅੰਤ ਵਿੱਚ ਇੱਕ ਸੋਵੀਨਰ ਜਾਰੀ ਕੀਤਾ ਗਿਆ ਤੇ ਚੀਫ ਖਾਲਸਾ ਦੀਵਾਨ ਵੱਲੋਂ ਜਥੇਦਾਰ ਰਘਬੀਰ ਸਿੰਘ ਸਮੇਤ ਸਾਰੇ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਬਾਬਾ ਸਤਨਾਮ ਸਿੰਘ, ਬਾਬਾ ਸੁਖਵਿੰਦਰ ਸਿੰਘ ਤੇ ਸੰਤੋਖ ਸਿੰਘ ਸੇਠੀ ਮੌਜੂਦ ਸਨ।

Advertisement

‘‘ਸਾਰੇ ਸਕੂਲਾਂ ’ਚ ਪੰਜਾਬੀ ਨੂੰ ਤਰਜੀਹ ਦੇਵੇ ਸਰਕਾਰ’’

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਰਕਾਰ ਨੂੰ ਕਿਹਾ, ‘‘ਪੰਜਾਬ ਦੇ ਹਰ ਸਕੂਲ ਫਿਰ ਚਾਹੇ ਉਹ ਸਰਕਾਰੀ, ਮਾਡਲ ਜਾਂ ਕਾਨਵੈਂਟ ਸਕੂਲ ਹੋਵੇ, ਵਿੱਚ ਹੀ ਨਹੀਂ ਬਲਕਿ ਸਰਕਾਰੇ ਦਰਬਾਰੇ ਵੀ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣੀ ਚਾਹੀਦੀ ਹੈ।’’

Advertisement

Advertisement
Author Image

Advertisement