For the best experience, open
https://m.punjabitribuneonline.com
on your mobile browser.
Advertisement

ਭਾਰਤਮਾਲਾ ਪ੍ਰਾਜੈਕਟ: ਦੁੱਨੇਵਾਲਾ ਦਾ ਕਿਸਾਨ ਮੋਰਚਾ ਮੁਲਤਵੀ

07:56 AM Nov 24, 2024 IST
ਭਾਰਤਮਾਲਾ ਪ੍ਰਾਜੈਕਟ  ਦੁੱਨੇਵਾਲਾ ਦਾ ਕਿਸਾਨ ਮੋਰਚਾ ਮੁਲਤਵੀ
ਪਿੰਡ ਦੁੱਨੇਵਾਲਾ ’ਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਜੋਗਿੰਦਰ ਸਿੰਘ ਉਗਰਾਹਾਂ।
Advertisement

ਸ਼ਗਨ ਕਟਾਰੀਆ
ਬਠਿੰਡਾ, 23 ਨਵੰਬਰ
ਭਾਰਤਮਾਲਾ ਪ੍ਰਾਜੈਕਟ ਤਹਿਤ ਬਣ ਰਹੇ ਜਾਮਨਗਰ-ਅੰਮ੍ਰਿਤਸਰ ਐਕਸਪ੍ਰੈੱਸਵੇਅ ਲਈ ਐਕੁਆਇਰ ਜ਼ਮੀਨਾਂ ਦੇ ਮੁਆਵਜ਼ੇ ਲਈ ਪਿੰਡ ਦੁੱਨੇਵਾਲਾ ’ਚ ਜਾਰੀ ਮੋਰਚੇ ਨੂੰ ਕਿਸਾਨਾਂ ਨੇ ਪ੍ਰਸ਼ਾਸਨ ਨਾਲ ਗੱਲਬਾਤ ਮਗਰੋਂ ਮੁਲਤਵੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਅਧਿਕਾਰੀਆਂ ਅਤੇ ਕਿਸਾਨ ਆਗੂਆਂ ਨੇ ਲੰਮੀ ਗੱਲਬਾਤ ਮਗਰੋਂ ਐਲਾਨ ਕੀਤਾ ਕਿ ਭਾਰਤ ਮਾਲਾ ਪ੍ਰਾਜੈਕਟ ਅਧੀਨ ਮੁਆਵਜ਼ਾ ਰਾਸ਼ੀ ਦੇ ਵਾਧੇ, ਮੁਸ਼ਤਰਕਾ ਖਾਤਿਆਂ, ਖਾਲ਼ਾਂ, ਪਹੀਆਂ ਆਦਿ ਦੇ ਜੋ ਵੀ ਮਸਲੇ ਹਨ ਆਪਸੀ ਮਿਲਵਰਤਣ ਨਾਲ ਪੰਜ ਦਿਨਾਂ ’ਚ ਨਿਪਟਾ ਦਿੱਤੇ ਜਾਣਗੇ।
ਇਹ ਵੀ ਕਿਹਾ ਗਿਆ ਕਿ ਜਦੋਂ ਤੱਕ ਮਸਲੇ ਹੱਲ ਨਹੀਂ ਹੁੰਦੇ ਉਨਾ ਚਿਰ ਐਕਸਪ੍ਰੈੱਸਵੇਅ ਦਾ ਨਿਰਮਾਣ ਬੰਦ ਰਹੇਗਾ। ਇਸ ਦੇ ਨਾਲ ਹੀ ਬੀਤੇ ਦਿਨ ਦੀ ਘਟਨਾ ਸਬੰਧੀ ਥਾਣਾ ਸੰਗਤ ’ਚ ਦਰਜ ਮੁਕੱਦਮੇ ਨੂੰ ਮਨਸੂਖ਼ ਕੀਤੇ ਜਾਣ ਬਾਰੇ ਵੀ ਸਮਝੌਤਾ ਕੀਤਾ ਗਿਆ।
ਦੁੱਨੇਵਾਲਾ ਵਿੱਚ ਲੰਘੇ ਸ਼ੁੱਕਰਵਾਰ ਤੋਂ ਚੱਲ ਰਹੇ ਕਿਸਾਨ ਮੋਰਚੇ ਦੌਰਾਨ ਅੱਜ ਪਹਿਲੇ ਗੇੜ ਦੀ ਗੱਲਬਾਤ ਕਰਨ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਅੱਗੇ ਕਿਸਾਨ ਆਗੂਆਂ ਨੇ ਗੱਲਬਾਤ ਤੋਂ ਪਹਿਲਾਂ ਸ਼ਰਤ ਰੱਖੀ ਕਿ ਯੂਨੀਅਨ ਦੇ ਵਰਕਰਾਂ ’ਤੇ ਛਾਪੇਮਾਰੀ ਬੰਦ ਕੀਤੀ ਜਾਵੇ, ਗ੍ਰਿਫ਼ਤਾਰ ਕੀਤੇ ਕਿਸਾਨ ਰਿਹਾਅ ਕੀਤੇ ਜਾਣ ਅਤੇ ਕਬਜ਼ੇ ’ਚ ਲਏ ਗਏ ਮੋਬਾਈਲ ਅਤੇ ਹੋਰ ਸਾਜ਼ੋ ਸਾਮਾਨ ਵਾਪਸ ਕੀਤਾ ਜਾਵੇ। ਇਸ ਦੌਰਾਨ ਮੰਗਾਂ ਮੰਨਣ ਮਗਰੋਂ ਦੂਜੇ ਦੌਰ ਦੀ ਗੱਲਬਾਤ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਸ਼ੁਰੂ ਹੋਈ, ਜੋ ਲਗਪਗ ਢਾਈ ਘੰਟੇ ਚੱਲੀ। ਇਸ ਵਿੱਚ ਸਰਕਾਰ ਵੱਲੋਂ ਏਡੀਜੀਪੀ ਜਸਕਰਨ ਸਿੰਘ, ਸਾਬਕਾ ਡੀਆਈਜੀ ਨਰਿੰਦਰ ਭਾਰਗਵ, ਬਠਿੰਡਾ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ, ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਤਰਫ਼ੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸਕੱਤਰ ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾ, ਜਗਤਾਰ ਸਿੰਘ ਕਾਲਾਝਾੜ ਅਤੇ ਜਨਕ ਸਿੰਘ ਭੁਟਾਲ ਸ਼ਾਮਲ ਹੋਏ।
ਮੀਟਿੰਗ ਦੇ ਫੈਸਲਿਆਂ ਬਾਰੇ ਇਕੱਠ ’ਚ ਆ ਕੇ ਦੋਵਾਂ ਧਿਰਾਂ ਵੱਲੋਂ ਸਾਂਝੇ ਤੌਰ ’ਤੇ ਉਕਤ ਜ਼ਿਕਰਯੋਗ ਫੈਸਲੇ ਬਾਰੇ ਜਨਤਕ ਖੁਲਾਸਾ ਕੀਤਾ ਗਿਆ। ਵੱਖਰੇ ਤੌਰ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ ਅਤੇ ਹਰਜਿੰਦਰ ਸਿੰਘ ਬੱਗੀ ਨੇ ਕੁੱਝ ਪੀੜਤ ਕਿਸਾਨਾਂ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ। ਆਗੂਆਂ ਨੇ ਦਾਅਵਾ ਕੀਤਾ ਕਿ ਦੁੱਨੇਵਾਲਾ ਦੇ 41 ਕਿਸਾਨਾਂ ਨੇ ਹਾਲੇ ਤੱਕ ਐਕੁਆਇਰ ਜ਼ਮੀਨ ਦਾ ਇੱਕ ਧੇਲਾ ਵੀ ਨਹੀਂ ਲਿਆ ਅਤੇ 109 ਕਿਸਾਨ ਅਜਿਹੇ ਹਨ, ਜਿਨ੍ਹਾਂ ਨੂੰ ਪੂਰੀ ਮੁਆਵਜ਼ਾ ਰਕਮ ਨਹੀਂ ਮਿਲੀ। ਆਗੂਆਂ ਨੇ ਦੋਸ਼ ਲਾਇਆ ਕਿ ਹਕੂਮਤ ਨੇ ਪੁਲੀਸ ਦੇ ਜ਼ੋਰ ਨਾਲ ਕਿਸਾਨਾਂ ਦੀ ਬੀਜੀ ਹੋਈ ਕਣਕ ’ਤੇ ਬੁਲਡੋਜ਼ਰ ਚਲਾ ਕੇ ਜਬਰੀ ਕਬਜ਼ਾ ਕੀਤਾ ਹੈ। ਉਨ੍ਹਾਂ ਆਖਿਆ ਕਿ ਇਸੇ ਪ੍ਰਾਜੈਕਟ ਹੇਠ ਆਈ ਇਕ ਭਾਜਪਾ ਆਗੂ ਦੀ ਜ਼ਮੀਨ ਲਈ ਇੱਕ ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਮੁਆਵਜ਼ਾ ਮਿਲਿਆ ਹੈ, ਜਦ ਕਿ ਸ਼ੇਰਗੜ੍ਹ, ਦੁੱਨੇਵਾਲਾ ਤੇ ਭੁੱਖਿਆਂ ਵਾਲੀ ਦੇ ਕਿਸਾਨਾਂ ਨੂੰ 54 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾ ਰਹੀ ਹੈ। ਸ਼ਾਮ ਨੂੰ ਫੈਸਲੇ ਦੇ ਐਲਾਨ ਮਗਰੋਂ ਪੰਜਾਬ ਦੇ ਕੋਨੇ-ਕੋਨੇ ’ਚੋਂ ਆਏ ਕਿਸਾਨਾਂ ਨੇ ਆਪਣੇ ਘਰਾਂ ਵੱਲ ਨੂੰ ਚਾਲੇ ਪਾ ਦਿੱਤੇ।

Advertisement

ਆਗੂਆਂ ਸਣੇ ਸੈਂਕੜੇ ਕਿਸਾਨਾਂ ’ਤੇ ਪਰਚਾ ਦਰਜ

ਜ਼ਿਲ੍ਹਾ ਬਠਿੰਡਾ ਦੇ ਪਿੰਡ ਦੁੱਨੇਵਾਲਾ ’ਚ ਭਾਰਤ ਮਾਲਾ ਪ੍ਰਾਜੈਕਟ ਲਈ ਐਕੁਆਇਰ ਜ਼ਮੀਨ ਛੁਡਾਉਣ ਨੂੰ ਲੈ ਕੇ ਲੰਘੇ ਦਿਨ ਪੁਲੀਸ ਅਤੇ ਕਿਸਾਨਾਂ ਵਿਚਾਲੇ ਹੋਈ ਹਿੰਸਕ ਝੜਪ ਮਗਰੋਂ ਪੁਲੀਸ ਨੇ ਥਾਣਾ ਸੰਗਤ ਦੇ ਜ਼ਖ਼ਮੀ ਹੋਏ ਐੱਸਐੱਚਓ ਦੇ ਬਿਆਨਾਂ ’ਤੇ 250-300 ਕਿਸਾਨਾਂ ਖ਼ਿਲਾਫ਼ ਥਾਣਾ ਸੰਗਤ ’ਚ ਪਰਚਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਦਰਜ ਕੀਤੀ ਗਈ ਐੱਫਆਈਆਰ ਵਿੱਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸਕੱਤਰ ਤੇ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੰਗੀ, ਜਗਸੀਰ ਸਿੰਘ ਝੁੰਬਾ, ਰਾਮ ਸਿੰਘ ਕੋਟਗੁਰੂ, ਰਾਮ ਸਿੰਘ ਭੈਣੀ ਬਾਘਾ (ਮਾਨਸਾ), ਮਨਜੀਤ ਸਿੰਘ ਘਰਾਚੋਂ, ਜਗਸੀਰ ਸਿੰਘ ਜਵਾਹਰਕੇ, ਅਜੈ ਪਾਲ ਘੁੱਦਾ ਆਦਿ ਨੂੰ ਨਾਮਜ਼ਦ ਕੀਤਾ ਗਿਆ ਹੈ।

Advertisement

Advertisement
Author Image

Advertisement