ਦੇਣਦਾਰ
ਡਾ. ਜਸਵੰਤ ਰਾਏ
ਵਿਦਿਆਰਥੀ ਕਰਨਪ੍ਰੀਤ ਦੇ ਫੋਨ ਨੇ ਤਿੰਨ ਦਹਾਕੇ ਪਿਛਾਂਹ ਭੁਆ ਮਾਰਿਆ। ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਮੈਨੂੰ ਕੁਝ ਪਤਾ ਨਹੀਂ ਸੀ ਲੱਗ ਰਿਹਾ ਕਿ ਕੀ ਕਰਾਂ ਤੇ ਕੀ ਨਾ ਕਰਾਂ। ਘਰ ਵਿੱਚ ਕੋਈ ਪੜ੍ਹਿਆ ਲਿਖਿਆ ਨਾ ਹੋਣ ਕਰ ਕੇ ਯੋਗ ਅਗਵਾਈ ਪੱਖੋਂ ਊਣਾ ਸਾਂ। ਦੁਚਿੱਤੀ ਵਾਲੇ ਇਸ ਮਾਹੌਲ ਵਿੱਚ ਮੇਰੇ ਪੰਜਾਬੀ ਅਧਿਆਪਕ ਡਾ. ਮਨਮੋਹਨ ਸਿੰਘ ਤੀਰ ਮੇਰੇ ਲਈ ਗਾਇਡ ਬਣ ਬਹੁੜੇ। ਉਨ੍ਹਾਂ ਆਪਣੀ ਧੀ ਦਾ ਈਟੀਟੀ ਦਾ ਦਾਖ਼ਲਾ ਭਰਿਆ ਹੋਇਆ ਸੀ, ਮੇਰਾ ਵੀ ਭਰਾ ਦਿੱਤਾ। ਟੈਸਟ ਦੀ ਤਿਆਰੀ ਲਈ ਢਾਈ ਸੌ ਰੁਪਏ ਦੀ ਗਾਇਡ ਖਰੀਦਣ ਦੀ ਹਿੰਮਤ ਵੀ ਨਹੀਂ ਸੀ। ਮੈਂ ਆਪਣੇ ਦੋਸਤ ਬਲਬੀਰ ਜਿਹੜਾ ਘਰੋਂ ਸਰੱਗੀ ਵਾਲਾ ਸੀ, ਨੂੰ ਟੈਸਟ ਦੇਣ ਲਈ ਰਾਜ਼ੀ ਕਰ ਲਿਆ। ਅੱਧੇ ਅੱਧੇ ਪੈਸੇ ਪਾ ਕੇ ਟੈਸਟ ਦੀ ਤਿਆਰੀ ਲਈ ਗਾਇਡ ਖਰੀਦ ਲਈ। ਨਵੀਂ ਗਾਇਡ ਅੱਧੋ ਵਿੱਚੀਂ ਕਰ ਕੇ ਵਾਰੋ-ਵਾਰੀ ਪੜ੍ਹੀ। ਚਾਰ ਮਹੀਨੇ ਬਾਅਦ ਦਿੱਤੇ ਟੈਸਟ ਦਾ ਨਤੀਜਾ ਆਇਆ। ਮੇਰਾ ਨਾਂ ਪਾਸ ਵਿਦਿਆਰਥੀਆਂ ਦੀ ਸੂਚੀ ਵਿੱਚ ਉਪਰਲਿਆਂ ’ਚ ਸੀ।
ਉਦੋਂ ਈਟੀਟੀ ਦਾ ਦਾਖ਼ਲਾ ਟੈਸਟ ਪਾਸ ਕਰਨ ਦਾ ਮਤਲਬ ਸੀ, ਦੋ ਸਾਲ ਬਾਅਦ ਨੌਕਰੀ ਪੱਕੀ। ਚਾਅ ਨਾਲ ਭਰੇ ਹੋਏ ਨੇ ਮੈਂ ਈਟੀਟੀ ਕਾਲਜ ਜਾ ਕੇ ਦਾਖ਼ਲੇ ਲਈ ਲੋੜੀਂਦੇ ਕਾਗਜ਼ਾਤ ਅਤੇ ਦਾਖ਼ਲਾ ਫੀਸ ਬਾਰੇ ਪੁੱਛਿਆ। ਸਾਢੇ ਚਾਰ ਸੌ ਰੁਪਏ ਦਾਖ਼ਲਾ ਫੀਸ ਸੁਣ ਕੇ ਚਾਅ ਮਾਰਿਆ ਗਿਆ, ਦਿਲ ਨੂੰ ਡੋਬੂ ਪੈਣ ਲੱਗੇ। ਇੰਨੀ ਫੀਸ ਕਿਵੇਂ ਭਰਾਂਗਾ? ਮੇਰੇ ਅਤੇ ਘਰਦਿਆਂ ਦੇ ਖ਼ੀਸੇ ਤਾਂ ਖ਼ਾਲੀ ਸਨ।
ਸਾਰੇ ਪਾਸੇ ਨਿਗਾਹ ਦੁੜਾਉਣ ਤੋਂ ਬਾਅਦ ਮੈਂ ਅਗਲੇ ਦਿਨ ਪਿੰਡ ਦੇ ਸਰਕਾਰੀ ਹਾਈ ਸਕੂਲ ਦਾ ਰੁਖ਼ ਕੀਤਾ। ਗੇਟ ਅੰਦਰ ਦਾਖ਼ਲ ਹੁੰਦਿਆਂ ਸਾਹਮਣੇ ਆ ਰਹੇ ਆਪਣੇ ਪਸੰਦੀਦਾ ਅਧਿਆਪਕ ਅਤੇ ਜਮਾਤ ਇੰਚਾਰਜ ਰਹੇ ਤਾਰਾ ਸਿੰਘ ਨੂੰ ਦੇਖਦਿਆਂ ਰੂਹ ਖਿੜ ਗਈ। ਗੋਡੀਂ ਹੱਥ ਲਾਉਂਦਿਆਂ ਮੈਂ ਕਿਹਾ, “ਸਰ, ਮੈਂ ਈਟੀਟੀ ਦਾ ਦਾਖ਼ਲਾ ਟੈਸਟ ਪਾਸ ਕਰ ਲਿਆ।”
“ਵਾਹ! ਬਹੁਤ ਵਧੀਆ ਕਾਕਾ। ਫਿਰ ਤਾਂ ਤੂੰ ਸਮਝ ਲੈ ਅਧਿਆਪਕ ਬਣ ਗਿਆਂ। ਦੇਰ ਨਾ ਲਾ। ਅੱਖਾਂ ਮੀਟ ਕੇ ਦਾਖ਼ਲ ਹੋ ਜਾ।” ਉਨ੍ਹਾਂ ਥਾਪੜਾ ਦਿੱਤਾ।
“ਪਰ ਸਰ, ਦਾਖ਼ਲੇ ਲਈ ਸਾਢੇ ਚਾਰ ਸੌ...।” ਮੇਰੇ ਮੂੰਹੋਂ ਇੰਨੇ ਕੁ ਸ਼ਬਦ ਹੀ ਨਿਕਲ ਸਕੇ।
ਉਨ੍ਹਾਂ ਨੂੰ ਮੇਰੀ ਮਾਲੀ ਹਾਲਤ ਦਾ ਪਤਾ ਸੀ। ਉਨ੍ਹਾਂ ਉਸੇ ਵਕਤ ਜੇਬ ’ਚੋਂ ਪੈਸੇ ਕੱਢੇ ਤੇ ਮੇਰੀ ਕਮੀਜ਼ ਦੀ ਸਾਹਮਣਲੀ ਜੇਬ ਵਿਚ ਪਾ ਦਿੱਤੇ, “ਜਾਹ, ਜਾ ਕੇ ਦਾਖ਼ਲਾ ਲੈ ਮੇਰਾ ਪੁੱਤ।”
ਉਸੇ ਸਾਢੇ ਚਾਰ ਸੌ ਰੁਪਏ ਨਾਲ ਦਾਖ਼ਲਾ ਲੈ ਕੇ ਮੈਂ ਈਟੀਟੀ ਪਾਸ ਕਰ ਲਈ। ਕੁਝ ਮਹੀਨਿਆਂ ਬਾਅਦ ਹੀ ਪ੍ਰਾਇਮਰੀ ਸਕੂਲ ’ਚ ਅਧਿਆਪਕ ਲੱਗ ਕੇ ਨਾਲ ਨਾਲ ਪੜ੍ਹਾਈ ਜਾਰੀ ਰੱਖੀ; ਪੀਐੱਚਡੀ ਵੀ ਕਰ ਗਿਆ। ਸੋਚਦਾ ਹਾਂ, ਜੇ ਮੇਰੇ ਅਧਿਆਪਕ ਨੇ ਮੇਰੀ ਬਾਂਹ ਨਾ ਫੜੀ ਹੁੰਦੀ ਤਾਂ ਮੈਂ ਵੀ ਕਿਤੇ ਰੁਲ ਜਾਣਾ ਸੀ।... ਕਰਨਪ੍ਰੀਤ ਦੇ ਫੋਨ ਕਰ ਕੇ ਜ਼ਿੰਦਗੀ ਦੀਆਂ ਕਈ ਪਰਤਾਂ ਫਿਲਮਾਂ ਵਾਂਗ ਅੱਖਾਂ ਅੱਗੇ ਘੁੰਮ ਗਈਆਂ।
ਕਰਨਪ੍ਰੀਤ ਮੇਰੇ ਕੋਲ ਨੌਵੀਂ ਜਮਾਤ ਵਿੱਚ ਦਾਖ਼ਲ ਹੋਇਆ ਸੀ। ਘਰੋਂ ਮਾਤ੍ਵੜ ਪਰ ਪੜ੍ਹਨ ਨੂੰ ਬੜਾ ਤੇਜ਼। ਵਿਹਲੇ ਪੀਰੀਅਡ ਵੀ ਮੇਰੇ ਇਰਦ ਗਿਰਦ ਹੀ ਘੁੰਮਦਾ ਰਹਿੰਦਾ। ਮੈਂ ਇਹਦਾ ਨਵੋਦਿਆ ਦਾ ਟੈਸਟ ਦਿਵਾਇਆ ਤੇ ਇਹ ਪਾਸ ਵੀ ਕਰ ਗਿਆ। ਨੌਵੀਂ ਤੋਂ ਬਾਰਵੀਂ ਤੱਕ ਨਵੋਦਿਆ ਵਿਦਿਆਲਿਆ ਫਲਾਹੀ (ਜ਼ਿਲ੍ਹਾ ਹੁਸ਼ਿਆਰਪੁਰ) ਪੜ੍ਹਿਆ। ਲਾਇਬਰੇਰੀ ਦੀਆਂ ਕਿਤਾਬਾਂ ਪੜ੍ਹਨ ਦੀ ਰੁਚੀ ਨੇ ਉਹਨੂੰ ਹੋਰ ਸਿਆਣਾ ਬਣਾ ਦਿੱਤਾ। ਵਿਚ-ਵਿਚਾਲੇ ਮੇਰੇ ਕੋਲੋਂ ਕਿਤਾਬਾਂ ਬਾਰੇ ਵੀ ਪੁੱਛਦਾ ਰਹਿੰਦਾ। ਇਉਂ ਉਹਨੇ ਬਾਰ੍ਹਵੀਂ ਚੰਗੇ ਅੰਕਾਂ ਨਾਲ ਪਾਸ ਕਰ ਲਈ। ਮੇਰੇ ਕਹਿਣ ’ਤੇ ਉਹਨੇ ਸੈਂਟਰਲ ਯੂਨੀਵਰਸਿਟੀ ਮਹਾਰਾਸ਼ਟਰ ਵਿੱਚ ਗ੍ਰੈਜੂਏਸ਼ਨ ਲਈ ਟੈਸਟ ਦਿੱਤਾ ਤੇ ਪਾਸ ਕਰ ਗਿਆ। ਕਰੋਨਾ ਦੇ ਦੌਰ ਵਿੱਚ ਹੀ ਮਿਹਨਤ ਮੁਸ਼ੱਕਤ ਕਰ ਕੇ ਉਸ ਨੇ ਆਨਲਾਈਨ ਕਲਾਸਾਂ ਲਾ ਨੇ ਸੋਸ਼ਲ ਸਾਇੰਸ ਵਿਸ਼ੇ ਵਿੱਚ ਗ੍ਰੈਜੂਏਸ਼ਨ ਦੇ ਚਾਰ ਸਮੈਸਟਰ ਪਾਸ ਕਰ ਲਏ।
ਦੋ ਸਾਲ ਦੇ ਕਰੋਨਾ ਸੰਕਟ ਤੋਂ ਬਾਅਦ ਸਕੂਲ ਕਾਲਜ ਆਮ ਵਾਂਗ ਲੱਗਣ ਲੱਗੇ। ਕਰਨਪ੍ਰੀਤ ਨੂੰ ਵੀ ਯੂਨੀਵਰਸਿਟੀ ਤੋਂ ਸੱਦਾ ਆ ਗਿਆ ਆਫਲਾਈਨ ਕਲਾਸਾਂ ਲਗਾਉਣ ਦਾ। ਅੱਜ ਮੈਨੂੰ ਉਸ ਦਾ ਯੂਨੀਵਰਸਿਟੀ ਤੋਂ ਹੀ ਫੋਨ ਆਇਆ ਸੀ ਕਿ ਉਹਦੇ ਕੋਲੋਂ ਗ੍ਰੈਜੂਏਸ਼ਨ ਪੂਰੀ ਨਹੀਂ ਕਰ ਹੋਣੀ, ਸਾਢੇ ਚੌਦਾਂ ਹਜ਼ਾਰ ਫੀਸ ਹੈ ਸਮੈਸਟਰ ਦੀ, ਘਰਦਿਆਂ ਕੋਲੋਂ ਵੀ ਨਹੀਂ ਮੰਗ ਸਕਦਾ... ਉਨ੍ਹਾਂ ਦਾ ਤਾਂ ਆਪਣਾ ਦਾਲ਼-ਫੁਲਕਾ ਮਸਾਂ ਚੱਲ ਰਿਹਾ। ਨਾਲੇ ਯੂਨੀਵਰਸਿਟੀ ਹੈ ਵੀ ਸ਼ਹਿਰ ਤੋਂ ਬਾਹਰ। ਇੱਥੇ ਨੇੜੇ ਤੇੜੇ ਕੋਈ ਕੰਮ ਕਾਰ ਵੀ ਨਹੀਂ ਕਰਨ ਨੂੰ ਜਿਹੜਾ ਮੈਂ ਦਿਹਾੜੀ-ਦੱਪਾ ਕਰ ਕੇ ਫੀਸ ਭਰ ਸਕਾਂ।
ਮੈਨੂੰ ਆਪਣਾ ਈਟੀਟੀ ਦਾ ਦਾਖ਼ਲਾ ਚੇਤੇ ਆ ਗਿਅ, “ਪੁੱਤਰਾ, ਤੂੰ ਪੜ੍ਹਾਈ ਨਹੀਂ ਛੱਡਣੀ। ਨਾਲੇ ਹੁਣ ਤਾਂ ਹਾਥੀ ਲੰਘ ਗਿਆ, ਬਸ ਪੂਛ ਈ ਬਾਕੀ ਆ। ਆਪਾਂ ਕਰਦੇ ਆਂ ਕੋਈ ਹੀਲਾ। ਤੂੰ ਦਿਲ ਨਾ ਛੱਡੀਂ।”
ਮੈਂ ਲੋੜਵੰਦ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰਨ ਵਾਲੇ ਕੁਝ ਦੋਸਤਾਂ ਨਾਲ ਗੱਲ ਕੀਤੀ। ਉਹ ਵੀ ਤਿੰਨ ਚਾਰ ਸਾਥੀ ਸਹਾਇਤਾ ਕਰਨ ਲਈ ਮੰਨ ਗਏ। ਦੋ ਦਿਨਾਂ ਵਿੱਚ ਹੀ ਮੈਂ ਕਰਨਪ੍ਰੀਤ ਕੋਲੋਂ ਉਸ ਦੀ ਬੈਂਕ ਦਾ ਖ਼ਾਤਾ ਨੰਬਰ ਮੰਗਵਾ ਲਿਆ। ਜਦੋਂ ਉਹਦੇ ਖ਼ਾਤੇ ਵਿੱਚ 14550 ਰੁਪਏ ਪਾਉਣ ਲੱਗਾ ਤਾਂ ਕੋਲ ਖੜ੍ਹੀ ਪਤਨੀ ਕਹਿਣ ਲੱਗੀ, “ਇਹ ਕੀ ਗੱਲ ਹੋਈ? ਹੁਣ ਜਦੋਂ ਪੈਸੇ ਭੇਜਣ ਈ ਲੱਗੇ ਹੋ ਤਾਂ ਰਾਊਂਡ ਫਿਗਰ ਈ ਭੇਜ ਦਿਓ। ਸਾਢੇ ਚਾਰ ਸੌ ਘੱਟ ਭੇਜਣ ਦੀ ਕੀ ਤੁਕ ਹੋਈ?”
ਉਹਨੂੰ ਇੰਨਾ ਤਾਂ ਪਤਾ ਸੀ ਕਿ ਮੈਂ ਆਪਣੀ ਪੜ੍ਹਾਈ ਬਹੁਤ ਅੜ-ਥੁੜ ਕੇ ਪੂਰੀ ਕੀਤੀ ਹੈ ਪਰ ਇਸ ਸਾਢੇ ਚਾਰ ਸੌ ਵਾਲੇ ਰਾਜ਼ ਦਾ ਨਹੀਂ ਸੀ ਪਤਾ। ਸਿਮਰਤੀਆਂ ’ਚ ਵਸੇ ਇਸ ਰਾਜ਼ ਨੂੰ ਉਹਦੇ ਨਾਲ ਸਾਂਝਾ ਕਰਦਿਆਂ ਮੈਂ ਕਹਿਣ ਲੱਗਾ, “ਬਬੀਤਾ ਇਹ ਉਸੇ ਸਾਢੇ ਚਾਰ ਸੌ ਰੁਪਏ ਦਾ ਵਿਆਜ ਏ ਜਿਹਦੇ ਆਸਰੇ ਵਰ੍ਹੇ ਛਿਮਾਹੀ ਕੋਈ ਨਾ ਕੋਈ ਕਰਨਪ੍ਰੀਤ ਮਿਲ ਜਾਂਦਾ ਆਪਣੀ ਪੜ੍ਹਾਈ ਪੂਰੀ ਕਰਨ ਲਈ। ਮੈਂ ਚਾਹੁੰਦਾ ਹਾਂ ਕਿ ਇਸ ਸਾਢੇ ਚਾਰ ਸੌ ਰੁਪਏ ਦੇ ਮੂਲ ਦਾ ਮੈਂ ਸਾਰੀ ਉਮਰ ਦੇਣਦਾਰ ਰਹਾਂ ਤੇ ਇਸ ਦਾ ਵਿਆਜ ਇਵੇਂ ਵਰਤ ਹੁੰਦਾ ਰਹੇ।”
ਸੁਣ ਕੇ ਉਸ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ ਤੇ ਉਹਨੇ ਮੇਰਾ ਹੱਥ ਆਪਣੇ ਦੋਵਾਂ ਹੱਥਾਂ ਵਿੱਚ ਘੁੱਟ ਲਿਆ।
ਸੰਪਰਕ: 98158-25999