For the best experience, open
https://m.punjabitribuneonline.com
on your mobile browser.
Advertisement

ਨਸ਼ਿਆਂ ਨਾਲ ਮੌਤਾਂ: ਸਿਆਸੀ ਧਿਰਾਂ ਵੱਲੋਂ ਦੂਸ਼ਣਬਾਜ਼ੀ ਸ਼ੁਰੂ

07:57 AM Jun 17, 2024 IST
ਨਸ਼ਿਆਂ ਨਾਲ ਮੌਤਾਂ  ਸਿਆਸੀ ਧਿਰਾਂ ਵੱਲੋਂ ਦੂਸ਼ਣਬਾਜ਼ੀ ਸ਼ੁਰੂ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਜੂਨ
ਪੰਜਾਬ ਵਿਚ ਪਿਛਲੇ 14 ਦਿਨਾਂ ਦੌਰਾਨ ਕਥਿਤ ਨਸ਼ਿਆਂ ਕਰਕੇ 14 ਮੌਤਾਂ ਮਗਰੋਂ ਸਿਆਸੀ ਪਾਰਟੀਆਂ ਇਕ ਦੂਜੇ ਖਿਲਾਫ਼ ਦੂਸ਼ਣਬਾਜ਼ੀ ਦੀ ਖੇਡ ਵਿਚ ਪੈ ਗਈਆਂ ਹਨ। ਪੰਜਾਬ ਪੁਲੀਸ ਨੇ ਹਾਲਾਂਕਿ ਦਾਅਵਾ ਕੀਤਾ ਕਿ ਇਨ੍ਹਾਂ 14 ਮੌਤਾਂ ਵਿਚੋਂ ਚਾਰ ਦਾ ਸਿੱਧੇ ਤੌਰ ’ਤੇ ਨਸ਼ਿਆਂ ਨਾਲ ਕੋਈ ਸਬੰਧ ਨਹੀਂ ਹੈ। ਵਿਰੋਧੀ ਧਿਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਸੂਬੇ ਵਿਚ ਨਸ਼ਿਆਂ ਦੀ ਅਲਾਮਤ ਚਿੰਤਾਜਨਕ ਪੱਧਰ ਨੂੰ ਪੁੱਜ ਗਈ ਹੈ, ਪਰ ਸਰਕਾਰ ਅਜੇ ਤੱਕ ਇਸ ਨੂੰ ਨੱਥ ਪਾਉਣ ਵਿਚ ਨਾਕਾਮ ਰਹੀ ਹੈ। ਆਮ ਆਦਮੀ ਪਾਰਟੀ (ਆਪ) ਨੇ ਵਿਰੋਧੀ ਧਿਰਾਂ ਵੱਲੋਂ ਲਾਏ ਦੋਸ਼ਾਂ ਤੇ ਨੁਕਤਾਚੀਨੀ ਨੂੰ ਖਾਰਜ ਕਰਦਿਆਂ ਸੂਬੇ ਵਿਚ ਨਸ਼ਾ ਤਸਕਰੀ ਤੇ ਨਸ਼ਿਆਂ ਦਾ ਲੱਕ ਤੋੜਨ ਦਾ ਦਾਅਵਾ ਕੀਤਾ ਹੈ। ਪੰਜਾਬ ਪੁਲੀਸ ਨੇ ਕਿਹਾ ਕਿ ਅਬੋਹਰ ਤੇ ਅਮ੍ਰਿਤਸਰ ਵਿਚ ਕਥਿਤ ਨਸ਼ਿਆਂ ਕਰਕੇ ਹੋਈਆਂ ਦੋ ਮੌਤਾਂ ਦਾ ਕਾਰਨ ਅਤਿ ਦੀ ਗਰਮੀ, ਸ਼ਰਾਬ ਦਾ ਸੇਵਨ ਜਾਂ ਕੋਈ ਹੋਰ ਕਾਰਨ ਸੀ।
ਪੰਜਾਬ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕਰਦਿਆਂ ਕਿਹਾ, ‘‘ਭਗਵੰਤ ਮਾਨ ਸਰਕਾਰ ਦੀ ਸਿਰੇ ਦੀ ਨਲਾਇਕੀ ਕਰਕੇ ਹਰ ਰੋਜ਼ ਕੋਈ ਨਾ ਕੋਈ ਜਾਨ ਜਾ ਰਹੀ ਹੈ। ਇਹ ਸਰਕਾਰ ਪੰਜਾਬ ’ਤੇ ਸ਼ਾਸਨ ਕਰਨ ਦਾ ਆਪਣਾ ਮੌਲਿਕ ਹੱਕ ਗੁਆ ਚੁੱਕੀ ਹੈ। ਝੂਠੇ ਵਾਅਦੇ ਤੇ ਸਿਫ਼ਰ ਡਲਿਵਰੀ ‘ਆਪ’ ਸਰਕਾਰ ਨੂੰ ਪਰਿਭਾਸ਼ਤ ਕਰਦਾ ਹੈ।’’ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਮਾਨ ਨੂੰ ਅਪੀਲ ਕੀਤੀ ਕਿ ਉਹ ਗਹਿਰੀ ਨੀਂਦ ’ਚੋਂ ਉੱਠ ਖੜਨ ਅਤੇ ਉਨ੍ਹਾਂ ਦੀ ਸਰਕਾਰ ਦੇ ਨੱਕ ਹੇਠ ਵੱਧ ਫੁਲ ਰਹੀ ਨਸ਼ਿਆਂ ਦੀ ਅਲਾਮਤ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਸਖ਼ਤ ਕਾਰਵਾਈ ਕਰਨ। ਜਾਖੜ ਨੇ ਕਿਹਾ, ‘‘ਨਸ਼ਿਆਂ ਕਰਕੇ ਹੋਈਆਂ ਮੌਤਾਂ ਨੇ ਭਗਵੰਤ ਮਾਨ ਦੇ ‘ਰੰਗਲਾ ਪੰਜਾਬ’ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।’’ ਉਨ੍ਹਾਂ ਕਿਹਾ ਕਿ ਪੰਜਾਬ ਡਰੱਗ ਮਾਫ਼ੀਆ ਦੀ ਗ੍ਰਿਫ਼ਤ ਵਿਚ ਹੈ ਤੇ ਇਹ ਸਭ ਕੁਝ ‘ਆਪ’ ਸਰਕਾਰ ਦੇ ਪੂਰੇ ਕੰਟਰੋਲ ਤੇ ਦਿਸ਼ਾ ਨਿਰਦੇਸ਼ਾਂ ਹੇਠ ਹੋ ਰਿਹੈ। ਪੰਜਾਬ ਸਰਕਾਰ ਦਾ ਝੂਠ ਅੱਜ ਪੰਜਾਬੀਆਂ ਅੱਗੇ ਜੱਗ ਜ਼ਾਹਿਰ ਹੋ ਗਿਆ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ‘ਆਪ’ ਸਰਕਾਰ ਪੰਜਾਬ ’ਚੋਂ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਸਬੰਧੀ ਆਪਣੇ ਵਾਅਦੇ ਦੀ ਮੋਹਲਤ ਨੂੰ ਖਿੱਚਦੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਬਚਾਉਣ ਲਈ ਸਰਕਾਰ ਰੋਡਮੈਪ ਕਦੋਂ ਬਣਾਏਗੀ।’’ ਉਧਰ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਨਵੀਂ ਚੁਣੀ ਗਈ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਸੱਤ ਸਾਲਾਂ ਤੋਂ ਕਾਂਗਰਸ ਤੇ ‘ਆਪ’ ਸਰਕਾਰ ਨੇ ਕੁਝ ਨਹੀਂ ਕੀਤਾ। ਸੱਤ ਸਾਲਾਂ ਵਿੱਚ ਸੂਬੇ ਸਿਰ ਕਰਜ਼ਾ, ਨਸ਼ੇ, ਕਤਲ, ਲੁੱਟਾਂ-ਖੋਹਾਂ ਤੇ ਬੇਅਦਬੀਆਂ ਦਾ ਸਿਲਸਿਲਾ ਸਿਖਰਾਂ ’ਤੇ ਹੈ। ਪਿਛਲੇ ਸੱਤ ਸਾਲਾਂ ਵਿੱਚ ਪੰਜਾਬ ਦਾ ਵਿਕਾਸ ਨਹੀਂ ਹੋਇਆ। ਦੋਵਾਂ ਪਾਰਟੀਆਂ ਨੇ ਸੱਤ ਸਾਲਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣ ਤੋਂ ਇਲਾਵਾ ਕੁਝ ਨਹੀਂ ਕੀਤਾ।

Advertisement

‘ਗੁਜਰਾਤ ਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ ਹੁੰਦੀ ਨਸ਼ਾ ਤਸਕਰੀ ਬਾਰੇ ਵੀ ਬੋਲਣ ਜਾਖੜ’

‘ਆਪ’ ਦੇ ਤਰਜਮਾਨ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਨਸ਼ਿਆਂ ਦੇ ਮੁੱਦੇ ’ਤੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਗੁਜਰਾਤ ਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ ਨਸ਼ਿਆਂ ਦੀ ਤਸਕਰੀ ਹੁੰਦੀ ਹੈ। ਇਨ੍ਹਾਂ ਦੋਵਾਂ ਸੂਬਿਆਂ ’ਚ ਭਾਜਪਾ ਦੀ ਸਰਕਾਰ ਹੈ। ਇਸ ਲਈ ਜਾਖੜ ਨੂੰ ਪਹਿਲਾਂ ਦੋਵਾਂ ਥਾਵਾਂ ਤੋਂ ਹੁੰਦੀ ਨਸ਼ਿਆਂ ਦੀ ਤਸਕਰੀ ਬਾਰੇ ਚੁੱਪ ਤੋੜਨੀ ਚਾਹੀਦੀ ਹੈ। ਕੰਗ ਨੇ ਕਿਹਾ ਕਿ ਭਾਜਪਾ ਪੰਜਾਬ ਨੂੰ ਬਦਨਾਮ ਕਰਨ ਲਈ ਹਮੇਸ਼ਾ ਕੁਝ ਨਾ ਕੁਝ ਕਰਦੀ ਰਹਿੰਦੀ ਹੈ, ਪਰ ਜਾਖੜ ਜੋ ਖ਼ੁਦ ਨੂੰ ਪੰਜਾਬ ਦਾ ਪੁੱਤਰ ਕਹਿੰਦੇ ਹਨ, ਵੱਲੋਂ ਹਮੇਸ਼ਾ ਪੰਜਾਬ ਖਿਲਾਫ਼ ਬਿਆਨ ਦੇਣਾ ਦੁਖਦਾਈ ਹੈ। ਕੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ’ਚੋਂ ਡਰੱਗ ਮਾਫੀਏ ਨੂੰ ਖ਼ਤਮ ਕਰਨ ਲਈ ਪਹਿਲੇ ਦਿਨ ਤੋਂ ਕੰਮ ਕਰ ਰਹੇ ਹਨ।

Advertisement
Author Image

Advertisement
Advertisement
×