For the best experience, open
https://m.punjabitribuneonline.com
on your mobile browser.
Advertisement

ਕਤਰ ’ਚ ਅੱਠ ਭਾਰਤੀਆਂ ਦੀ ਮੌਤ ਦੀ ਸਜ਼ਾ ਰੱਦ

06:56 AM Dec 29, 2023 IST
ਕਤਰ ’ਚ ਅੱਠ ਭਾਰਤੀਆਂ ਦੀ ਮੌਤ ਦੀ ਸਜ਼ਾ ਰੱਦ
Advertisement

ਨਵੀਂ ਦਿੱਲੀ, 28 ਦਸੰਬਰ
ਕਤਰ ਦੀ ਅਪੀਲੀ ਕੋਰਟ ਨੇ ਕਥਿਤ ਜਾਸੂਸੀ ਨਾਲ ਜੁੜੇ ਕੇਸ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਅੱਠ ਸਾਬਕਾ ਭਾਰਤੀ ਜਲਸੈਨਿਕਾਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਸਜ਼ਾ ਘਟਾ ਦਿੱਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, ‘‘ਕਤਰ ਦੀ ਅਪੀਲੀ ਕੋਰਟ ਵੱਲੋਂ ਦੇਹਰਾ ਗਲੋਬਲ ਕੇਸ ਵਿੱਚ ਸਜ਼ਾ ਘਟਾਉਣ ਦੇ ਫੈਸਲੇ ਬਾਰੇ ਅੱਜ ਪਤਾ ਲੱਗਾ ਹੈ।’’ ਉਂਜ ਮੰਤਰਾਲੇ ਨੇ ਇਹ ਸਪਸ਼ਟ ਨਹੀਂ ਕੀਤਾ ਕਿ ‘ਘਟਾਈ’ ਗਈ ਸਜ਼ਾ ਕੀ ਹੈ ਤੇ ਸਿਰਫ਼ ਇੰਨਾ ਹੀ ਕਿਹਾ ਕਿ ਤਫ਼ਸੀਲੀ ਫੈਸਲੇ ਦੀ ਉਡੀਕ ਹੈ। ਮੰਤਰਾਲੇ ਨੇ ਕਿਹਾ ਕਿ ਕੇਸ ਦੇ ਗੁਪਤ ਤੇ ਸੰਵੇਦਨਸ਼ੀਲ ਸੁਭਾਅ ਨੂੰ ਦੇਖਦੇ ਹੋਏ ਅਜਿਹੇ ਪੜਾਅ ’ਤੇ ਕੋਈ ਵੀ ਹੋਰ ਟਿੱਪਣੀ ਕਰਨਾ ਗੈਰਵਾਜਬ ਹੋਵੇਗਾ। ਉਂਜ ਮੰਤਰਾਲੇ ਨੇ ਕਿਹਾ ਕਿ ਉਸ ਨੇ ਅਗਲੀ ਪੇਸ਼ਕਦਮੀ ਲਈ ਕਾਨੂੰਨੀ ਟੀਮ ਤੇ ਪਰਿਵਾਰਕ ਮੈਂਬਰਾਂ ਨਾਲ ਨੇੜਿਓਂ ਰਾਬਤਾ ਬਣਾਇਆ ਹੋਇਆ ਹੈ।
ਅਪੀਲੀ ਕੋਰਟ ਦਾ ਫੈਸਲਾ ਜਿੱਥੇ ਅੱਠ ਭਾਰਤੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੱਡੀ ਰਾਹਤ ਹੈ, ਉਥੇ ਇਸ ਨੂੰ ਭਾਰਤ ਲਈ ਵੱਡੀ ਕੂਟਨੀਤਕ ਜਿੱਤ ਵਜੋਂ ਵੀ ਦੇਖਿਆ ਜਾ ਰਿਹਾ ਹੈ। ਕਤਰ ਦੀ ਕੋਰਟ ਨੇ ਇਹ ਫੈਸਲਾ ਅਜਿਹੇ ਮੌਕੇ ਸੁਣਾਇਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਦਸੰਬਰ ਨੂੰ ਦੁਬਈ ਵਿੱਚ ਕੋਪ28 ਸਿਖਰ ਸੰਮੇਲਨ ਤੋਂ ਇਕ ਪਾਸੇ ਕਤਰ ਦੇ ਸਮਰਾਟ ਸ਼ੇਖ ਤਮੀਮ ਬਿਨ ਹਾਮਦ ਅਲ-ਥਾਨੀ ਨਾਲ ਬੈਠਕ ਕੀਤੀ ਸੀ। ਸ੍ਰੀ ਮੋਦੀ ਨੇ ਉਦੋਂ ਕਿਹਾ ਸੀ ਕਿ ਉਨ੍ਹਾਂ ਬੈਠਕ ਦੌਰਾਨ ਕਤਰ ਵਿੱਚ ਭਾਰਤੀ ਭਾਈਚਾਰੇ ਦੀ ਭਲਾਈ ਬਾਰੇ ਚਰਚਾ ਕੀਤੀ।
ਦੋਹਾ ਅਧਾਰਿਤ ਅਲ ਦੇਹਰਾ ਗਲੋਬਲ ਟੈਕਨਾਲੋਜੀਜ਼ ਨਾਲ ਕੰਮ ਕਰ ਰਹੇ ਅੱਠ ਭਾਰਤੀ ਨਾਗਰਿਕਾਂ ਨੂੰ ਅਗਸਤ 2022 ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਕਤਰੀ ਅਥਾਰਿਟੀਜ਼ ਨੇ ਉਨ੍ਹਾਂ ਖਿਲਾਫ਼ ਲਾਏ ਦੋਸ਼ਾਂ ਨੂੰ ਜਨਤਕ ਨਹੀਂ ਕੀਤਾ, ਪਰ ਕਤਰ ਦੀ ਕੋਰਟ ਨੇ ਇਸ ਸਾਲ ਅਕਤੂਬਰ ਵਿੱਚ ਇਨ੍ਹਾਂ ਸਾਰਿਆਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਦੇਹਰਾ ਗਲੋਬਲ ਟੈਕਨਾਲੋਜੀਜ਼ ਨਿੱਜੀ ਫਰਮ ਹੈ, ਜੋ ਕਤਰ ਦੇ ਹਥਿਆਰਬੰਦ ਬਲਾਂ ਤੇ ਸੁਰੱਖਿਆ ਏਜੰਸੀਆਂ ਨੂੰ ਸਿਖਲਾਈ ਤੇ ਹੋਰ ਸੇਵਾਵਾਂ ਮੁਹੱਈਆ ਕਰਵਾਉਂਦੀ ਹੈੈ। ਭਾਰਤ ਨੇ ਮੌਤ ਦੀ ਸਜ਼ਾ ਖਿਲਾਫ਼ ਪਿਛਲੇ ਮਹੀਨੇ ਅਪੀਲੀ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਵਿਦੇਸ਼ ਮੰਤਰਾਲੇ ਨੇ ਇਕ (ਪਹਿਲੇ ਸਫੇ ਤੋਂ)
ਬਿਆਨ ਵਿੱਚ ਕਿਹਾ, ‘‘ਅਪੀਲੀ ਕੋਰਟ ਵੱਲੋਂ ਸਜ਼ਾ ਘਟਾਉਣ ਸਬੰਧੀ ਫੈਸਲਾ ਸੁਣਾਏ ਜਾਣ ਮੌਕੇ ਕਤਰ ਵਿਚ ਸਾਡਾ ਰਾਜਦੂਤ ਤੇ ਹੋਰ ਅਧਿਕਾਰੀ ਤੇ ਪਰਿਵਾਰਕ ਮੈਂਬਰ ਮੌਜੂਦ ਸਨ। ਅਸੀਂ ਇਸ ਕੇਸ ਦੀ ਸ਼ੁਰੂਆਤ ਤੋਂ ਉਨ੍ਹਾਂ ਨਾਲ ਖੜ੍ਹੇ ਹਾਂ ਤੇ ਅਸੀਂ ਅੱਗੋਂ ਵੀ ਉਨ੍ਹਾਂ ਨੂੰ ਕੂਟਨੀਤਕ ਤੇ ਕਾਨੂੰਨੀ ਸਹਾਇਤਾ ਦਿੰਦੇ ਰਹਾਂਗੇ।
ਅਸੀਂ ਕਤਰੀ ਅਥਾਰਿਟੀਜ਼ ਨਾਲ ਰਾਬਤਾ ਬਣਾ ਕੇ ਰੱਖਾਂਗੇ।’’ ਮੌਤ ਦੀ ਸਜ਼ਾ ਦਾ ਸਾਹਮਣਾ ਕਰਨ ਵਾਲੇ ਅੱਠ ਸਾਬਕਾ ਜਲਸੈਨਿਕਾਂ ਵਿੱਚ ਕੈਪਟਨ ਨਵਤੇਜ ਗਿੱਲ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਜਲਸੈਨਾ ਅਕੈਡਮੀ ਵਿਚੋਂ ਗਰੈਜੂਏਸ਼ਨ ਕਰਨ ਮਗਰੋਂ ਰਾਸ਼ਟਰਪਤੀ ਦੇ ਸੋਨ ਤਗ਼ਮੇ ਨਾਲ ਨਿਵਾਜਿਆ ਗਿਆ ਸੀ।
ਕੈਪਟਨ ਗਿੱਲ ਨੇ ਮਗਰੋਂ ਤਾਮਿਲ ਨਾਡੂ ਦੇ ਵੈਲਿੰਗਟਨ ਵਿੱਚ ਡਿਫੈਂਸ ਸਰਵਸਿਜ਼ ਸਟਾਫ ਕਾਲਜ ਦੇ ਇੰਸਟ੍ਰੱਕਟਰ ਵਜੋਂ ਸੇਵਾ ਨਿਭਾਈ। ਹੋਰਨਾਂ ਸਾਬਕਾ ਜਲਸੈਨਿਕਾਂ ਵਿੱਚ ਕੈਪਟਨ ਸੌਰਭ ਵਸ਼ਿਸ਼ਟ, ਕਮਾਂਡਰ ਪੁਰਨੇਂਦੂ ਤਿਵਾੜੀ, ਅਮਿਤ ਨਾਗਪਾਲ, ਐੱਸ.ਕੇ.ਗੁਪਤਾ, ਬੀ.ਕੇ.ਵਰਮਾ, ਸੁਗੂਨਾਕਰ ਪਕਾਲਾ ਤੇ ਸੇਲਰ ਰਾਗੇਸ਼ ਸ਼ਾਮਲ ਹਨ। -ਪੀਟੀਆਈ

Advertisement

ਮੋਦੀ ਸਰਕਾਰ ਦੇ ਕੂਟਨੀਤਕ ਯਤਨਾਂ ਦੀ ਜਿੱਤ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਕਤਰ ਦੀ ਕੋਰਟ ਦੇ ਫੈਸਲੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਨੀਤੀ ਤੇ ਕੂਟਨੀਤਕ ਯਤਨਾਂ ਦੀ ਜਿੱਤ ਕਰਾਰ ਦਿੱਤਾ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ ਕਿ ਕੋਰਟ ਦੇ ਫੈਸਲੇ ਨੇ ਇਕ ਵਾਰ ਫਿਰ ਸਾਫ਼ ਕਰ ਦਿੱਤਾ ਹੈ ਕਿ ਕੁੱਲ ਆਲਮ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਵਿਦੇਸ਼ ਨੀਤੀ ਦੀ ਤਾਕਤ ਦਾ ਲੋਹਾ ਮੰਨਦਾ ਹੈ।’’ ਚੁੱਘ ਨੇ ਕਿਹਾ, ‘‘ਕਤਰ ਵਿਚ ਅੱਠ ਸਾਬਕਾ ਭਾਰਤੀ ਜਲਸੈਨਿਕਾਂ ਨੂੰ ਮੌਤ ਦੀ ਸਜ਼ਾ ਤੋਂ ਰਾਹਤ ਮਿਲਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਨੀਤੀ ਤੇ ਕੂਟਨੀਤਕ ਯਤਨਾਂ ਦੀ ਜਿੱਤ ਹੈ।’’ -ਪੀਟੀਆਈ

Advertisement

ਆਸ ਕਰਦੇ ਹਾਂ ਜੇਲ੍ਹ ਦੀ ਸਜ਼ਾ ਵੀ ਰੱਦ ਹੋਵੇ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅੱਠ ਸਾਬਕਾ ਭਾਰਤੀ ਜਲਸੈਨਿਕਾਂ ਨੂੰ ਸੁਣਾਈ ਮੌਤ ਦੀ ਸਜ਼ਾ ਰੱਦ ਕੀਤੇ ਜਾਣ ਦੇ ਕਤਰੀ ਕੋਰਟ ਦੇ ਫੈਸਲੇ ’ਤੇ ਵੱਡੀ ਰਾਹਤ ਜ਼ਾਹਿਰ ਕੀਤੀ ਹੈ। ਕਾਂਗਰਸ ਨੇ ਆਸ ਜਤਾਈ ਕਿ ਕੋਰਟ ਕੈਦ ਦੀ ਸਜ਼ਾ ਨੂੰ ਵੀ ਰੱਦ ਕਰਕੇ ਸਾਬਕਾ ਜਲਸੈਨਿਕਾਂ ਨੂੰ ਰਿਹਾਅ ਕਰੇਗੀ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਭਾਰਤੀ ਨੈਸ਼ਨਲ ਕਾਂਗਰਸ ਪੂਰੇ ਦੇਸ਼ ਨਾਲ ਮਿਲ ਕੇ ਕਤਰ ਦੀ ਅਪੀਲੀ ਕੋਰਟ ਦੇ ਫੈਸਲੇ ਨਾਲ ਮਿਲੀ ਰਾਹਤ ਸਾਂਝੀ ਕਰਦੀ ਹੈ। ਭਾਵੇਂ ਮੁਕੰਮਲ ਫੈਸਲੇ ਦੀ ਉਡੀਕ ਹੈ, ਪਰ ਅਸੀਂ ਆਸ ਜਤਾਉਂਦੇ ਹਾਂ ਕਿ ਜੇਲ੍ਹ ਦੀ ਸਜ਼ਾ, ਜਿਸ ਨੂੰ ਮੌਤ ਦੀ ਸਜ਼ਾ ਨਾਲ ਬਦਲਿਆ ਗਿਆ ਹੈ, ਨੂੰ ਵੀ ਰੱਦ ਕੀਤਾ ਜਾਵੇਗਾ ਤੇ ਸਾਰੇ ਅਧਿਕਾਰੀ ਰਿਹਾਅ ਕੀਤੇ ਜਾਣਗੇ।’’ -ਪੀਟੀਆਈ

Advertisement
Author Image

Advertisement