ਜਣੇਪੇ ਤੋਂ ਬਾਅਦ ਮਾਂ ਅਤੇ ਪੁੱਤ ਦੀ ਮੌਤ
ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 24 ਸਤੰਬਰ
ਬੀਤ ਇਲਾਕੇ ਦੇ ਪਿੰਡ ਝੋਣੋਵਾਲ ਵਿੱਚ ਪ੍ਰਾਈਵੇਟ ਹਸਪਤਾਲ ਵਿੱਚ ਮਹਿਲਾ ਤੇ ਉਸ ਦੇ ਨਵਜੰਮੇ ਬੱਚੇ ਦੀ ਡਾਕਟਰ ਦੀ ਕਥਿਤ ਲਾਪ੍ਰਵਾਹੀ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ ਤੇ ਪਿੰਡ ਵਾਸੀਆਂ ਨੇ ਹਸਪਤਾਲ ਦਾ ਘਿਰਾਓ ਕੀਤਾ ਤੇ ਨੰਗਲ-ਗੜ੍ਹਸ਼ੰਕਰ ਰੋਡ ’ਤੇ ਟਰੈਫਿਕ ਜਾਮ ਵੀ ਕੀਤਾ। ਇਸ ਮੌਕੇ ਪੁਲੀਸ ਅਧਿਕਾਰੀਆਂ ਨੇ ਕਾਰਵਾਈ ਦਾ ਭਰੋਸਾ ਦਿੱਤਾ ਤੇ ਹਸਪਤਾਲ ਚਲਾ ਰਹੇ ਡਾਕਟਰ ਖ਼ਿਲਾਫ਼ ਕੇਸ ਦਰਜ ਕਰ ਲਿਆ। ਪਿੰਡ ਭਵਾਨੀਪੁਰ ਦੇ ਚਰਨ ਦਾਸ ਦੀ ਪੁੱਤਰੀ ਪੂਜਾ ਰਾਣੀ ਦਾ ਵਿਆਹ ਪਿੰਡ ਮਵਾ ਮੁਕਾਰੀ ਥਾਣਾ ਨੂਰਪੁਰ ਬੇਦੀ (ਰੋਪੜ) ਵਿੱਚ ਹੋਇਆ ਸੀ। ਗਰਭਵਤੀ ਪੂਜਾ ਰਾਣੀ ਨੂੰ ਡਲਿਵਰੀ ਲਈ ਪਿਛਲੇ ਹਫਤੇ ਝੋਣੋਵਾਲ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਤੇ ਡਲਿਵਰੀ ਹੋਣ ਤੋਂ ਬਾਅਦ ਪੂਜਾ ਦੇਵੀ ਦੀ ਹਾਲਤ ਖਰਾਬ ਹੋ ਗਈ ਅਤੇ ਪੂਜਾ ਦੇਵੀ ਨੂੰ 20 ਸਤੰਬਰ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਤੇ ਇਲਾਜ ਦੌਰਾਨ 21 ਸਤੰਬਰ ਨੂੰ ਉਸ ਦੀ ਮੌਤ ਹੋ ਗਈ। ਨਵਜੰਮੇ ਬੱਚੇ ਨੂੰ ਊਨਾ (ਹਿਮਾਚਲ ਪ੍ਰਦੇਸ਼) ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਪੀਜੀਆਈ ਰੈਫਰ ਕਰ ਦਿੱਤਾ ਗਿਆ, ਜਿੱਥੇ ਬੱਚੇ ਦੀ ਵੀ ਮੌਤ ਹੋ ਗਈ। ਇਸ ਬਾਰੇ ਪਤਾ ਲੱਗਣ ਇਲਾਕੇ ਦੇ ਮੋਹਤਬਰ ਅਜਾਇਬ ਸਿੰਘ ਬੋਪਾਰਾਏ, ਸੁਰਿੰਦਰ ਕੁਮਾਰ ਸਰਪੰਚ ਅਤੇ ਜਗਦੇਵ ਸਿੰਘ ਮਾਨਸੋਵਾਲ ਸਾਬਕਾ ਸਰਪੰਚ ਦੀ ਅਗਵਾਈ ਵਿੱਚ ਮ੍ਰਿਤਕਾਂ ਦੇ ਪਰਿਵਾਰ ਵੱਲੋਂ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਹਸਪਤਾਲ ਦਾ ਘਿਰਾਓ ਕੀਤਾ ਗਿਆ ਤੇ ਨੰਗਲ-ਗੜ੍ਹਸ਼ੰਕਰ ਰੋਡ ’ਤੇ ਆਵਜਾਈ ਰੋਕੀ ਗਈ। ਐੱਸਐੱਚਓ ਬਲਜਿੰਦਰ ਸਿੰਘ ਮੱਲੀ ਨੇ ਆ ਕੇ ਪੁਲੀਸ ਕਾਰਵਾਈ ਦਾ ਭਰੋਸਾ ਦਿੱਤਾ ਤਾਂ ਲੋਕਾਂ ਨੇ ਧਰਨਾ ਚੁੱਕ ਲਿਆ। ਪੁਲੀਸ ਨੇ ਮ੍ਰਿਤਕਾ ਦੇ ਪਤੀ ਬਲਰਾਮ ਸਿੰਘ ਦੇ ਬਿਆਨਾਂ ’ਤੇ ਡਾਕਟਰ ਅਸ਼ਵਨੀ ਕੁਮਾਰ ਵਿਰੁੱਧ ਕੇਸ ਦਰਜ ਕਰ ਲਿਆ ਹੈ।