For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ਦੌਰਾਨ ਪਤੀ ਦੀ ਮੌਤ; ਪਤਨੀ ਜ਼ਖ਼ਮੀ

08:11 AM Mar 03, 2024 IST
ਸੜਕ ਹਾਦਸੇ ਦੌਰਾਨ ਪਤੀ ਦੀ ਮੌਤ  ਪਤਨੀ ਜ਼ਖ਼ਮੀ
ਹਾਦਸੇ ਵਿਚ ਨੁਕਸਾਨੀ ਗਈ ਕਾਰ। -ਫੋਟੋ: ਢਿੱਲੋਂ
Advertisement

ਰਤਨ ਸਿੰਘ ਢਿੱਲੋਂ
ਅੰਬਾਲਾ, 2 ਮਾਰਚ
ਬਿਤੀ ਰਾਤ ਅੰਬਾਲਾ-ਚੰਡੀਗੜ੍ਹ ਸੜਕ ’ਤੇ ਬਲਦੇਵ ਨਗਰ ਫਲਾਈ ਓਵਰ ’ਤੇ ਪੰਚਕੂਲਾ ਤੋਂ ਅੰਬਾਲਾ ਕੈਂਟ ਆ ਰਹੀ ਇਕ ਕਾਰ ਸੜਕ ’ਤੇ ਖੜ੍ਹੀ ਟਰਾਲੀ ਵਿੱਚ ਲੱਦੇ ਸੀਮਿੰਟ ਦੇ ਖੰਭਿਆਂ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਪਤਨੀ ਜ਼ਖ਼ਮੀ ਹੋ ਗਈ। ਮ੍ਰਿਤਕ ਦੀ ਪਛਾਣ ਪਵਨ ਕੁਮਾਰ ਸਿੰਗਲਾ ਪੁੱਤਰ ਰਘੂਨਾਥ ਨਿਵਾਸੀ ਸੈਕਟਰ-14 ਪੰਚਕੂਲਾ ਵਜੋਂ ਹੋਈ ਹੈ। ਬਲਦੇਵ ਨਗਰ ਪੁਲੀਸ ਨੇ ਓਮ ਪ੍ਰਕਾਸ਼ ਗੁਪਤਾ ਵਾਸੀ ਵਾਸੀ ਸੈਕਟਰ-38 ਏ ਚੰਡੀਗੜ੍ਹ ਦੇ ਬਿਆਨ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਓਮ ਪ੍ਰਕਾਸ਼ ਗੁਪਤਾ (75) ਨੇ ਪੁਲੀਸ ਨੂੰ ਦੱਸਿਆ ਕਿ ਪਹਿਲੀ ਮਾਰਚ ਨੂੰ ਉਹ, ਉਸ ਦਾ ਛੋਟਾ ਭਰਾ ਪਵਨ ਕੁਮਾਰ ਸਿੰਗਲਾ ਅਤੇ ਭਾਬੀ ਅਰਾਧਨਾ ਟਿਓਟਾ ਈਟੀਓਸ ਗੱਡੀ ਵਿੱਚ ਪੰਚਕੂਲਾ ਤੋਂ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਵੱਲ ਆ ਰਹੇ ਸਨ। ਗੱਡੀ ਪਵਨ ਕੁਮਾਰ ਚਲਾ ਰਿਹਾ ਸੀ। ਰਾਤ ਕਰੀਬ 8 ਵਜੇ ਜਦੋਂ ਉਹ ਬਲਦੇਵ ਨਗਰ ਫਲਾਈ ਓਵਰ ਦੇ ਉੱਤੇ ਪਹੁੰਚੇ ਤਾਂ ਇਕ ਖੁੱਲ੍ਹੀ ਟਰੈਕਟਰ ਟਰਾਲੀ ਫਲਾਈ ਓਵਰ ਉਤਰਾਈ ’ਤੇ ਖੜ੍ਹੀ ਸੀ, ਜਿਸ ਵਿਚ ਸੀਮਿੰਟ ਦੇ ਬਿਜਲੀ ਵਾਲੇ ਖੰਭੇ ਲੱਦੇ ਹੋਏ ਸਨ। ਟਰਾਲੀ ਦੇ ਪਿੱਛੇ ਜਾਂ ਸਾਈਡ ’ਤੇ ਕੋਈ ਸੇਫਟੀ ਕੋਨ ਨਹੀਂ ਸੀ। ਜਿਉਂ ਹੀ ਉਹ ਟਰਾਲੀ ਦੇ ਲਾਗੇ ਪਹੁੰਚੇ ਤਾਂ ਉਸ ਦੇ ਭਰਾ ਨੇ ਬਰੇਕਾਂ ਮਾਰੀਆਂ ਪਰੰਤੂ ਉਤਰਾਈ ’ਤੇ ਉਨ੍ਹਾਂ ਦੀ ਕਾਰ ਟਰਾਲੀ ਵਿੱਚ ਲੱਦੇ ਖੰਭਿਆਂ ਨਾਲ ਟਕਰਾ ਗਈ। ਉਸ ਦੇ ਭਰਾ ਦੇ ਕਾਫੀ ਸੱਟਾਂ ਲੱਗੀਆਂ ਅਤੇ ਹਸਪਤਾਲ ਲਿਜਾਉਣ ’ਤੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਵਿੱਚ ਕਾਰ ਤਬਾਹ ਹੋ ਗਈ।

Advertisement

ਮੋਟਰਸਾਈਕਲ ਕੋਲ ਖੜ੍ਹੇ ਵਿਅਕਤੀ ਨੂੰ ਟਰੱਕ ਨੇ ਦਰੜਿਆ

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ-ਹਿਸਾਰ ਸੜਕ ’ਤੇ ਮਟੇੜੀ ਸ਼ੇਖਾਂ ਚੌਕ ਵਿੱਚ ਮੋਟਰਸਾਈਕਲ ਨਾਲ ਸਾਮਾਨ ਵਾਲਾ ਬੈਗ ਟੰਗ ਰਹੇ ਵਿਅਕਤੀ ਨੂੰ ਟਰੱਕ ਨੇ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਪਿਛਲੇ ਟਾਇਰਾਂ ਨਾਲ ਦਰੜੇ ਜਾਣ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਕਾਰ ਸਿੰਘ ਵਾਸੀ ਖਾਸਪੁਰ ਵਜੋਂ ਹੋਈ ਹੈ। ਨੱਗਲ ਪੁਲੀਸ ਨੇ ਮ੍ਰਿਤਕ ਦੇ ਬੇਟੇ ਗੁਰਧਿਆਨ ਸਿੰਘ ਦੇ ਬਿਆਨ ’ਤੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰਧਿਆਨ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਅਤੇ ਉਸ ਦਾ ਪਿਤਾ ਬਲਕਾਰ ਸਿੰਘ ਸਵੇਰੇ ਸਾਢੇ 9 ਵਜੇ ਦੇ ਕਰੀਬ ਮਟੇੜੀ ਸ਼ੇਖਾਂ ਸਾਮਾਨ ਲੈਣ ਆਏ ਸਨ ਅਤੇ ਆਪਣਾ ਮੋਟਰ ਸਾਈਕਲ ਚੌਕ ਲਾਗੇ ਕੱਚੇ ਵਿੱਚ ਖੜ੍ਹਾ ਕੀਤਾ ਸੀ। ਸਾਢੇ 10 ਵਜੇ ਦੇ ਕਰੀਬ ਵਾਪਸ ਜਾਣ ਲਈ ਜਦੋਂ ਉਸ ਦੇ ਪਿਤਾ ਮੋਟਰ ਸਾਈਕਲ ਦੇ ਹੈਂਡਲ ਨਾਲ ਸਾਮਾਨ ਵਾਲਾ ਬੈਗ ਟੰਗਣ ਲੱਗੇ ਤਾਂ ਨੱਗਲ ਵੱਲੋਂ ਇਕ ਟਰੱਕ ਆਇਆ, ਜਿਸ ਨੇ ਉਸ ਦੇ ਪਿਤਾ ਨੂੰ ਲਪੇਟ ਵਿਚ ਲੈ ਲਿਆ। ਉਸ ਦੇ ਪਿਤਾ ਟਰੱਕ ਦੇ ਖੱਬੇ ਪਾਸੇ ਦੇ ਪਿਛਲੇ ਦੋਹਾਂ ਟਾਇਰਾਂ ਵਿੱਚ ਆ ਗਏ ਅਤੇ ਬੁਰੀ ਤਰ੍ਹਾਂ ਕੁਚਲੇ ਜਾਣ ਕਰਕੇ ਉਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ। ਟਰੱਕ ਚਾਲਕ ਆਪਣਾ ਟਰੱਕ ਮੌਕੇ ’ਤੇ ਛੱਡ ਕੇ ਦੌੜ ਗਿਆ। ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜੈੱਕ ਡਿੱਗਣ ਕਾਰਨ ਗੱਡੀ ਠੀਕ ਕਰ ਰਹੇ ਮਕੈਨਿਕ ਦੀ ਮੌਤ

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਸ਼ਹਿਰ ਦੀ ਮੋਟਰ ਮਾਰਕੀਟ ਵਿੱਚ ਮਾਰੂਤੀ ਵੈਨ ਦੀਆਂ ਕਮਾਨੀਆਂ ਠੀਕ ਕਰ ਰਹੇ ਮਕੈਨਿਕ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਗੁਆਂਢੀ ਦੁਕਾਨ ’ਤੇ ਟਾਟਾ ਐੱਸ ਗੱਡੀ ਠੀਕ ਹੋਣ ਤੋਂ ਬਾਅਦ ਟਰਾਇਲ ਦੌਰਾਨ ਚਾਲਕ ਨੇ ਬੈਕ ਗੇਅਰ ਪਾ ਕੇ ਮਾਰੂਤੀ ਵੈਨ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਵਿੱਚ ਜੈੱਕ ਡਿੱਗ ਪਿਆ ਅਤੇ ਮਕੈਨਿਕ ਦੀ ਗੱਡੀ ਥੱਲੇ ਦੱਬਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਰਾਜ ਕੁਮਾਰ (42) ਵਾਸੀ ਜੋਗੀਵਾੜਾ ਅੰਬਾਲਾ ਸ਼ਹਿਰ ਵਜੋਂ ਹੋਈ ਹੈ। ਅੰਬਾਲਾ ਸਿਟੀ ਪੁਲੀਸ ਨੇ ਮ੍ਰਿਤਕ ਦੇ ਪਿਤਾ ਜੈਪਾਲ ਧੀਮਾਨ ਦੇ ਬਿਆਨ ’ਤੇ ਟਾਟਾ ਐੱਸ ਚਾਲਕ ਅੰਕਿਤ ਕੁਮਾਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement
Author Image

Advertisement
Advertisement
×