ਲੜਾਈ ’ਚ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ
ਪੱਤਰ ਪ੍ਰੇਰਕ
ਬਠਿੰਡਾ, 17 ਅਗਸਤ
ਇੱਥੇ ਸ਼ਹਿਰ ਦੇ ਹੀਰਾ ਚੌਕ ਵਿੱਚ ਪਿਛਲੇ ਦਿਨੀਂ ਦੋ ਧੜਿਆਂ ਵਿੱਚ ਹੋਈ ਲੜਾਈ ਦੌਰਾਨ ਜ਼ਖ਼ਮੀ ਹੋਏ ਪਰਸ ਰਾਮ ਨਗਰ ਦੇ ਨੌਜਵਾਨ ਦੀ ਲੁਧਿਆਣਾ ਦੇ ਦਯਾ ਨੰਦ ਹਸਪਤਾਲ ਵਿੱਚ ਅੱਜ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਇਸ ਲੜਾਈ ਦੌਰਾਨ ਜ਼ਖ਼ਮੀ ਹੋਏ ਨੌਜਵਾਨ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਦਾਖਲ ਕਰਾਵਇਆ ਗਿਆ ਸੀ।
ਮ੍ਰਿਤਕ ਨੌਜਵਾਨ ਦੀ ਪਛਾਣ ਲੱਖਾ ਸਿੰਘ ਵਜੋਂ ਹੋਈ। ਉਹ ਪਰਸ ਰਾਮ ਨਗਰ ਬਠਿੰਡਾ ਦਾ ਰਹਿਣ ਵਾਲਾ ਸੀ। ਗੌਰਤਲਬ ਹੈ ਬੀਤੀ 7 ਅਗਸਤ ਨੂੰ ਅੱਧੀ ਦਰਜਨ ਵਿਅਕਤੀਆਂ ਵੱਲੋਂ ਸ਼ਹਿਰ ਦੇ ਹੀਰਾ ਚੌਕ ਕੋਲ ਲੱਖਾ ਸਿੰਘ ’ਤੇ ਲੋਹੇ ਦੀਆਂ ਰਾਡ ਨਾਲ ਹਮਲਾ ਕਰ ਦਿੱਤਾ ਸੀ।
ਇਸ ਕੁੱਟਮਾਰ ਮਾਮਲੇ ਵਿੱਚ ਥਾਣਾ ਕੋਤਵਾਲੀ ਪੁਲੀਸ ਨੇ 6 ਮੁਲਜ਼ਮਾਂ ਖ਼ਿਲਾਫ਼ ਇਰਾਦਾ ਕਤਲ ਤਹਿਤ ਕੇਸ ਦਰਜ ਕੀਤਾ ਸੀ । ਪੁਲੀਸ ਵੱਲੋਂ ਇਨ੍ਹਾਂ ਵਿੱਚੋਂ 3 ਹਮਲਾਵਰਾਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦੋਂ ਕਿ 3 ਫ਼ਰਾਰ ਹੋ ਗਏ ਸਨ। ਇਸ ਮਾਮਲੇ ਵਿੱਚ ਪੁਲੀਸ ਨੇ ਨੌਜਵਾਨ ਦੀ ਮੌਤ ਤੋਂ ਬਾਅਦ ਧਾਰਾ 302 ਜੋੜ ਦਿਤੀ ਗਈ ਹੈ।
ਰੇਲਵੇ ਟਰੈਕ ਨੇੜਿਓਂ ਲਾਸ਼ ਮਿਲੀ
ਸ੍ਰੀ ਮੁਕਤਸਰ (ਨਿੱਜੀ ਪੱਤਰ ਪ੍ਰੇਰਕ ):ਇੱਥੋਂ ਦੇ ਰੇਲਵੇ ਟਰੈਕ ਲਾਗਿਓਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਰੇਲਵੇ ਪੁਲੀਸ ਅਨੁਸਾਰ ਰੇਲਵੇ ਮਾਸਟਰ ਵੱਲੋਂ ਦਿੱਤੀ ਸੂਚਨਾ ’ਤੇ ਜਦੋਂ ਉਹ ਘਟਨਾ ਸਥਾਨ ’ਤੇ ਪੁੱਜੇ ਤਾਂ ਕਰੀਬ 42 ਸਾਲਾ ਉਮਰ ਦਾ ਵਿਅਕਤੀ ਬੈਂਚ ਤੋਂ ਹੇਠਾ ਡਿੱਗਿਆ ਪਿਆ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ। ਉਸ ਕੋਲੋਂ ਕੋਈ ਪਛਾਣ ਪੱਤਰ ਨਹੀਂ ਮਿਲਿਆ। ਪੁਲੀਸ ਨੇ ਲਾਸ਼ ਨੂੰ ਪਛਾਣ ਲਈ 72 ਘੰਟੇ ਲਈ ਮੋਰਚਰੀ ਵਿੱਚ ਰੱਖ ਦਿੱਤੀ ਹੈ।