ਜਣੇਪੇ ਮਗਰੋਂ ਔਰਤ ਦੀ ਮੌਤ; ਪਰਿਵਾਰ ਵੱਲੋਂ ਪ੍ਰਦਰਸ਼ਨ
ਜੋਗਿੰਦਰ ਸਿੰਘ ਓਬਰਾਏ
ਖੰਨਾ, 28 ਨਵੰਬਰ
ਇਥੋਂ ਦੀ ਜਰਨੈਲੀ ਸੜਕ ’ਤੇ ਨਿੱਜੀ ਹਸਪਤਾਲ ਵਿਚ ਜਣੇਪੇ ਉਪਰੰਤ ਔਰਤ ਦੀ ਮੌਤ ਹੋ ਗਈ, ਜਿਸ ਦੀ ਪਛਾਣ ਸੰਦੀਪ ਕੌਰ ਵਾਸੀ ਲੁਹਾਰ ਮਾਜਰਾ ਵਜੋਂ ਹੋਈ ਹਾਲਾਂਕਿ ਉਸ ਨੂੰ ਕਿਸੇ ਹੋਰ ਨਿੱਜੀ ਹਸਪਤਾਲ ਵਿਚ ਰੈਫ਼ਰ ਕੀਤਾ ਗਿਆ ਸੀ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾਂ ਦੇ ਵਾਰਸਾਂ ਨੇ ਡਾਕਟਰਾਂ ’ਤੇ ਇਲਾਜ ਵਿਚ ਲਾਪ੍ਰਵਾਹੀ ਦਾ ਦੋਸ਼ ਲਾਉਂਦਿਆਂ ਹਸਪਤਾਲ ਵਿਚ ਹੰਗਾਮਾ ਕੀਤਾ ਅਤੇ ਡਾਕਟਰਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਲੋਕਾਂ ਦਾ ਗੁੱਸਾ ਵਧਦਾ ਦੇਖ ਪੁਲੀਸ ਅਧਿਕਾਰੀ ਘਟਨਾ ਸਥਾਨ ’ਤੇ ਪੁੱਜੇ ਅਤੇ ਮ੍ਰਿਤਕਾ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਚ ਭੇਜਿਆ।
ਮ੍ਰਿਤਕਾ ਦੇ ਪਤੀ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ 25 ਨਵੰਬਰ ਨੂੰ ਖੰਨਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਕੱਲ੍ਹ ਅਪਰੇਸ਼ਨ ਰਾਹੀਂ ਬੱਚੇ ਦਾ ਜਨਮ ਹੋਇਆ। ਅਪਰੇਸ਼ਨ ਉਪਰੰਤ ਉਸ ਦੀ ਪਤਨੀ ਦਾ ਖੂਨ ਵਗਦਾ ਰਿਹਾ, ਜਿਸ ਸਬੰਧੀ ਵਾਰ ਵਾਰ ਹਸਪਤਾਲ ਦੇ ਸਟਾਫ਼ ਨੂੰ ਦੱਸਿਆ ਗਿਆ ਪਰ ਕਿਸੇ ਨੇ ਪ੍ਰਵਾਹ ਨਹੀਂ ਕੀਤੀ। ਅੰਤ ਵਿਚ ਡਾਕਟਰਾਂ ਨੇ ਉਸ ਦੀ ਪਤਨੀ ਨੂੰ ਦੂਜੇ ਨਿੱਜੀ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ, ਜਿਨ੍ਹਾਂ ਨੇ ਸੰਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਜਗਤਾਰ ਸਿੰਘ ਅਤੇ ਪਰਿਵਾਰਕ ਮੈਬਰਾਂ ਨੇ ਮੌਤ ਉਪਰੰਤ ਹਸਪਤਾਲ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਆਰੰਭ ਕਰਦਿਆਂ ਮੰਗ ਕੀਤੀ ਕਿ ਉਸ ਦੀ ਪਤਨੀ ਦੀ ਮੌਤ ਲਈ ਜ਼ਿੰਮੇਵਾਰ ਡਾਕਟਰ ਅਤੇ ਹੋਰ ਸਟਾਫ਼ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਡੀਐੱਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਉਨ੍ਹਾਂ ਦੀ ਪੁਲੀਸ ਟੀਮ ਨੇ ਮੌਕੇ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਲਾਸ਼ ਨੂੰ ਸਿਵਲ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਦਾ ਬੋਰਡ ਬਣਾ ਕੇ ਪੋਸਟ ਮਾਰਟਮ ਕਰਵਾਇਆ ਜਾਵੇਗਾ ਅਤੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਗਏ ਪਰ ਮੌਤ ਦਾ ਕਾਰਨ ਪੋਸਟਮਾਰਟਮ ਰਿਪਰੋਟ ਵਿਚ ਹੀ ਸਪਸ਼ਟ ਹੋਵੇਗਾ।
ਡਾਕਟਰਾਂ ਨੇ ਇਮਾਨਦਾਰੀ ਨਾਲ ਇਲਾਜ ਕੀਤਾ: ਡਾ. ਬਾਜਵਾ
ਇਸ ਮਾਮਲੇ ਨੂੰ ਦੇਖਦਿਆਂ ਖੰਨਾ ਇਲਾਕੇ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਅਣਮਿੱਥੇ ਸਮੇਂ ਲਈ ਡਾਕਟਰੀ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਇਸ ਦੌਰਾਨ ਡਾਕਟਰੀ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰ ਪੀੜਤ ਪਰਿਵਾਰ ਨੂੰ ਉਕਸਾ ਰਹੇ ਹਨ, ਜਦੋਂ ਇਸ ਸਬੰਧੀ ਹਸਪਤਾਲ ਦੇ ਡਾ. ਬਲਚਰਨ ਸਿੰਘ ਬਾਜਵਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਡਾਕਟਰਾਂ ਦੀ ਟੀਮ ਨੇ ਆਪਣੇ ਵੱਲੋਂ ਮਰੀਜ਼ ਦਾ ਪੂਰੀ ਇਮਾਨਦਾਰੀ ਨਾਲ ਇਲਾਜ ਕੀਤਾ ਹੈ ਪਰ ਸੰਦੀਪ ਕੌਰ ਨੂੰ ਬਚਾਇਆ ਨਹੀਂ ਜਾ ਸਕਿਆ।