ਹੜ੍ਹ ਪੀੜਤ ਬੱਚਿਆਂ ਨੂੰ ਨਵਾਂ ਸਕੂਲ ਤੇ ਪੁਸਤਕਾਂ ਮਿਲੀਆਂ
ਅਕਾਂਕਸ਼ਾ ਐਨ ਭਾਰਦਵਾਜ
ਜਲੰਧਰ, 21 ਜੁਲਾਈ
ਕਸਬਾ ਲੋਹੀਆਂ ਨੇੜਲੇ ਧੱਕਾ ਬਸਤੀ ਵਾਸੀਆਂ ਤੇ ਉਨ੍ਹਾਂ ਦੇ ਬੱਚਿਆਂ ਦੇ ਚਿਹਰਿਆਂ ’ਤੇ ਅੱਜ ਮੁੜ ਰੌਣਕ ਪਰਤ ਆਈ ਜਦੋਂ ਉਨ੍ਹਾਂ ਨੂੰ ਪਾਠ ਪੁਸਤਕਾਂ ਤੇ ਪੜ੍ਹਨ ਲਈ ਨਵਾਂ ਸਕੂਲ ਮਿਲਿਆ। ਇਥੋਂ ਦੇ ਲੋਕ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਹੜ੍ਹਾਂ ਕਾਰਨ ਉਨ੍ਹਾਂ ਦੇ ਘਰ-ਬਾਰ ਨੁਕਸਾਨੇ ਗਏ ਹਨ। ਇਸ ਸਬੰਧੀ ‘ਟ੍ਰਬਿਿਊਨ’ ਸਮੂਹ ਵਲੋਂ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਹੜ੍ਹਾਂ ਕਾਰਨ ਇਸ ਬਸਤੀ ਦੇ ਲੋਕਾਂ ਦੇ ਘਰ-ਬਾਰ ਉਜੜ ਗਏ ਹਨ ਤੇ ਉਨ੍ਹਾਂ ਦੇ ਬੱਚੇ ਪੜ੍ਹਾਈ ਤੋਂ ਵਾਂਝੇ ਹੋ ਗਏ ਹਨ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇਨ੍ਹਾਂ ਬੱਚਿਆਂ ਦਾ ਸਰਕਾਰੀ ਪ੍ਰਾਇਮਰੀ ਸਕੂਲ ਜਮਸ਼ੇਰ ਵਿਚ ਦਾਖਲਾ ਕਰ ਦਿੱਤਾ ਹੈ। ਇਸ ਤੋਂ ਬਾਅਦ ਪਹਿਲੀ ਜਮਾਤ ਵਿਚ ਪੜ੍ਹਦੇ ਅੰਸ਼ ਸਿੰਘ ਦੀ ਖੁਸ਼ੀ ਦੇਖਿਆਂ ਹੀ ਬਣਦੀ ਸੀ। ਉਸ ਨੇ ਸਕੂਲ ਤੋਂ ਪਰਤਦਿਆਂ ਬਨਿਾਂ ਆਰਾਮ ਕੀਤਿਆਂ ਉਸ ਨੋਟਬੁੱਕ ਵਿਚ ਆਪਣਾ ਹੋਮਵਰਕ ਮੁਕੰਮਲ ਕੀਤਾ ਜਿਹੜੀ ਉਸ ਦੀ ਅਧਿਆਪਕਾ ਨੇ ਅੱਜ ਦਿੱਤੀ ਸੀ। ਅੰਸ਼ ਸਿੰਘ ਦੇ ਪਿਤਾ ਸੁਰਜੀਤ ਸਿੰਘ ਨੇ ਦੱਸਿਆ, ‘ਹੁਣ ਸਾਨੂੰ ਤਸੱਲੀ ਹੈ, ਸਾਡੇ ਬੱਚੇ ਹੁਣ ਪੜ੍ਹ ਸਕਦੇ ਹਨ।’ ਦੱਸਣਾ ਬਣਦਾ ਹੈ ਕਿ ਆਪਣੇ ਪਿੰਡਾਂ ਤੋਂ ਉਜੜਨ ਮਗਰੋਂ ਇਹ ਲੋਕ ਮੰਡੀ ਦੇ ਰਾਹਤ ਕੈਂਪਾਂ ਵਿਚ ਰਹਿ ਰਹੇ ਹਨ ਜਿਸ ਤੋਂ ਇਨ੍ਹਾਂ ਦੇ ਬੱਚਿਆਂ ਦਾ ਸਕੂਲ ਮਸਾਂ ਡੇਢ ਸੌ ਮੀਟਰ ਦੀ ਦੂਰੀ ’ਤੇ ਹੈ।
ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼ਾਹਕੋਟ ਰਾਜੇਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਕਿ ਇਸ ਬਸਤੀ ਦੇ ਬੱਚਿਆਂ ਦੀਆਂ ਪੁਸਤਕਾਂ ਤੇ ਸਟੇਸ਼ਨਰੀ ਆਦਿ ਸਭ ਪਾਣੀ ਕਾਰਨ ਰੁੜ੍ਹ ਗਿਆ ਹੈ ਤਾਂ ਉਨ੍ਹਾਂ ਅੱਜ ਇਨ੍ਹਾਂ ਬੱਚਿਆਂ ਨੂੰ ਸਭ ਕੁਝ ਮੁਹੱਈਆ ਕਰਵਾ ਦਿੱਤਾ ਹੈ।