ਡੀਸੀ ਵੱਲੋਂ ਮੀਂਹ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 9 ਜੁਲਾਈ
ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ ਜ਼ਮੀਨੀ ਹਾਲਾਤ ਜਾਣਨ ਲਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ ਅਤੇ ਸਬੰਧਤ ਵਿਭਾਗਾਂ ਨੂੰ ਸੰਭਾਵੀ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਭੰਗੀ ਚੋਅ, ਮਹਿੰਗਰੋਵਾਲ ਚੋਅ ਅਤੇ ਨਸਰਾਲਾ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਸਮ ਦੀ ਖ਼ਰਾਬੀ ਕਾਰਨ ਜਾਨ-ਮਾਲ ਦਾ ਨੁਕਸਾਨ ਨਾ ਹੋਵੇ, ਇਸ ਲਈ ਜ਼ਿਲ੍ਹਾ ਤੇ ਤਹਿਸੀਲ ਪੱਧਰ ’ਤੇ ਟੀਮਾਂ ਪਹਿਲਾਂ ਤੋਂ ਹੀ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਕੁਦਰਤੀ ਆਫ਼ਤ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦਰਿਆਵਾਂ, ਨਹਿਰਾਂ, ਚੋਆਂ ਅਤੇ ਨੀਵੇਂ ਇਲਾਕਿਆਂ ਵਿਚ ਜਾਣ ਤੋਂ ਗੁਰੇਜ਼ ਕਰਨ ਕਿਉਂਕਿ ਡੈਮਾਂ ਤੋਂ ਪਾਣੀ ਛੱਡਿਆ ਜਾ ਰਿਹਾ ਹੈ।
ਜ਼ਿਲ੍ਹਾ ਤੇ ਤਹਿਸੀਲ ਪੱਧਰ ’ਤੇ ਕੰਟਰੋਲ ਰੂਮ ਸਥਾਪਤ
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੜ੍ਹਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰ ’ਤੇ ਕੰਟਰੋਲ ਰੂਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਦਫ਼ਤਰ ਡਿਪਟੀ ਕਮਿਸ਼ਨਰ, ਕਮਰਾ ਨੰਬਰ 138 ਵਿਚ ਬਣਾਇਆ ਗਿਆ ਹੈ, ਜਿਸ ਦਾ ਟੈਲੀਫੋਨ ਨੰਬਰ 01882-220412 ਹੈ। ਉਨ੍ਹਾਂ ਦੱਸਿਆ ਕਿ ਤਹਿਸੀਲ ਹੁਸ਼ਿਆਰਪੁਰ ਦਾ ਟੈਲੀਫੋਨ ਨੰਬਰ 01882-244175, ਤਹਿਸੀਲ ਗੜ੍ਹਸ਼ੰਕਰ ਦਾ ਨੰਬਰ 01884-282026, ਦਸੂਹਾ ਦਾ 01883-506268 ਅਤੇ ਮੁਕੇਰੀਆਂ ਦਾ ਦਾ ਨੰਬਰ 01883-244310 ਹੈ।