ਡੀਏਵੀ ਸਕੂਲ ਦੇ ਖਿਡਾਰੀਆਂ ਨੇ ਕਬੱਡੀ ਟੂਰਨਾਮੈਂਟ ਜਿੱਤਿਆ
ਅਵਿਨਾਸ਼ ਸ਼ਰਮਾ
ਨੂਰਪੁਰ ਬੇਦੀ, 1 ਅਗਸਤ
ਸਿੱਖਿਆ ਬਲਾਕ ਤਖਤਗੜ੍ਹ ਜ਼ੋਨ ਦੇ ਅੰਡਰ 14 ,17,19 ਵਰਗ ਦੇ ਕਬੱਡੀ ਮੁਕਾਬਲੇ ਜ਼ੋਨਲ ਕਨਵੀਨਰ ਪ੍ਰਿੰਸੀਪਲ ਵਰਿੰਦਰ ਸ਼ਰਮਾ, ਜ਼ੋਨਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ ਦੀ ਅਗਵਾਈ ਵਿੱਚ ਸਮਾਪਤ ਹੋ ਗਏ ਹਨ। ਪ੍ਰਿੰਸੀਪਲ ਹਰਦੀਪ ਸਿੰਘ ਨੇ ਦੱਸਿਆ ਕਿ ਅੰਡਰ 19 ਵਰਗ ਵਿੱਚ ਫਾਈਨਲ ਦਾ ਮੁਕਾਬਲਾ ਡੀਏਵੀ ਸਕੂਲ ਤਖਤਗੜ੍ਹ ਅਤੇ ਮਧੂਬਨ ਵਾਟਿਕਾ ਸਕੂਲ ਦੇ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਡੀਏਵੀ ਸਕੂਲ ਤਖਤਗੜ੍ਹ ਜੇਤੂ ਰਿਹਾ। ਇਸੇ ਲੜੀ ਵਿੱਚ ਅੰਡਰ 17 ਦੇ ਫਾਈਨਲ ’ਚ ਭਾਉਵਾਲ ਨੇ ਕਰਤਾਰਪੁਰ ਨੂੰ ਹਰਾਇਆ। ਅੰਡਰ 14 ਵਿੱਚ ਫਾਈਨਲ ਦਾ ਮੁਕਾਬਲਾ ਕਰਤਾਰਪੁਰ ਅਤੇ ਭਾਉਵਾਲ ਦੇ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਕਰਤਾਰਪੁਰ ਜੇਤੂ ਰਿਹਾ। ਇਨ੍ਹਾਂ ਮੁਕਾਬਲਿਆਂ ਵਿੱਚ ਮਹਿੰਦਰ ਚਾਹਲ, ਬਖਸ਼ੀ ਰਾਮ, ਬਲਵਿੰਦਰ ਸਿੰਘ, ਬ੍ਰਿਜ ਮੋਹਨ, ਰਵਿੰਦਰ ਕੌਰ ਆਦਿ ਅਧਿਆਪਕਾਂ ਨੇ ਅਹਿਮ ਭੂਮਿਕਾ ਨਿਭਾਈ।
ਵਾਲੀਵਾਲ ਦਾ ਜ਼ੋਨਲ ਟੂਰਨਾਮੈਂਟ ਸ਼ੁਰੂ
ਸ੍ਰੀ ਆਨੰਦਪੁਰ ਸਾਹਿਬ (ਬੀਐੱਸ ਚਾਨਾ): ਸ਼ਹੀਦ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੌਰ ਵਿੱਚ ਅੱਜ ਵਾਲੀਬਾਲ ਜ਼ੋਨਲ ਟੂਰਨਾਮੈਂਟ ਦਾ ਆਗਾਜ਼ ਹੋਇਆ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ ਦਿਨ ਲੜਕੀਆਂ ਦੇ ਅੰਡਰ-19 ’ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਆਨੰਦਪੁਰ ਸਾਹਿਬ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੇਰ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸੇ ਤਰ੍ਹਾਂ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਦੀਪੁਰ ਨੂੰ ਹਰਾ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀਰਤਪੁਰ ਸਾਹਿਬ ਵੀ ਫਾਈਨਲ ਵਿੱਚ ਪੁੱਜ ਗਿਆ ਹੈ। ਟੂਰਨਾਮੈਂਟ ਦੀ ਸ਼ੁਰੂਆਤ ਵਿੱਚ ਸਕੂਲ ਮੁਖੀ ਗੁਰਜਤਿੰਦਰ ਪਾਲ ਸਿੰਘ ਅਤੇ ਇਕਬਾਲ ਸਿੰਘ ਡੀਪੀਈ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਖੇਡਾਂ ਨਾਲ ਜੋੜਨ ਲਈ ਪ੍ਰੇਰਿਆ।