For the best experience, open
https://m.punjabitribuneonline.com
on your mobile browser.
Advertisement

ਖੇਤੀ ਮਹਿਕਮੇ ਵੱਲੋਂ ਨੌਂ ਡੀਲਰਾਂ ਦੇ ਲਾਇਸੈਂਸ ਰੱਦ

07:48 AM Aug 02, 2024 IST
ਖੇਤੀ ਮਹਿਕਮੇ ਵੱਲੋਂ ਨੌਂ ਡੀਲਰਾਂ ਦੇ ਲਾਇਸੈਂਸ ਰੱਦ
Advertisement

ਚਰਨਜੀਤ ਸਿੰਘ ਭੁੱਲਰ
ਚੰਡੀਗੜ੍ਹ, 1 ਅਗਸਤ
ਨਰਮਾ ਪੱਟੀ ’ਚ ਹੁਣ ਨਰਮੇ ਦੇ ਮਾੜੇ ਬੀਜਾਂ ਦੀ ਗੂੰਜ ਪੈ ਗਈ ਹੈ। ਬੇਵੱਸ ਹੋਏ ਕਿਸਾਨਾਂ ਨੇ ਨਰਮੇ ’ਤੇ ਗੁਲਾਬੀ ਸੁੰਡੀ ਦੇ ਹਮਲੇ ਲਈ ਬੀਟੀ ਨਰਮੇ ਦੀਆਂ ਕਈ ਕਿਸਮਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਖੇਤੀ ਮਹਿਕਮੇ ਨੇ ਮਾਨਸਾ ਜ਼ਿਲ੍ਹੇ ਵਿੱਚ ਉਨ੍ਹਾਂ ਨੌਂ ਬੀਜ ਡੀਲਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ, ਜਿਨ੍ਹਾਂ ਦੇ ਬੀਜਾਂ ਦੇ 11 ਨਮੂਨੇ ਫ਼ੇਲ੍ਹ ਹੋ ਗਏ ਸਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਗਿਆਨਾ ਦੇ ਕਿਸਾਨ ਜਸਵਿੰਦਰ ਸਿੰਘ ਨੇ ਆਪਣੇ ਖੇਤ ਵਿੱਚੋਂ ਨਰਮਾ ਵਾਹ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਇੱਕ ਬੀਟੀ ਕੰਪਨੀ ਦੇ ਬੀਜ ਕਾਰਨ ਹੀ ਉਸ ਦੀ ਫ਼ਸਲ ’ਤੇ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦਾ ਹਮਲਾ ਜ਼ਿਆਦਾ ਹੋਇਆ ਹੈ। ਹਾਲਾਂਕਿ ਅਪਰੈਲ ਮਹੀਨੇ ਵਿੱਚ ਜਦੋਂ ਖੇਤੀ ਮਹਿਕਮੇ ਨੇ ਬੀਟੀ ਨਰਮੇ ਦੇ 84 ਨਮੂਨੇ ਜਾਂਚੇ ਸਨ ਤਾਂ ਉਹ ਨਮੂਨੇ ਪਾਸ ਹੋ ਗਏ ਸਨ।
ਮਾਨਸਾ ਜ਼ਿਲ੍ਹੇ ਵਿੱਚ ਕਈ ਕਿਸਾਨਾਂ ਨੇ ਨਰਮੇ ਦੇ ਬੀਜਾਂ ਦੀ ਗੁਣਵੱਤਾ ’ਤੇ ਸਵਾਲ ਚੁੱਕੇ ਸਨ, ਜਿਸ ਮਗਰੋਂ ਖੇਤੀ ਮਹਿਕਮਾ ਹਰਕਤ ਵਿੱਚ ਆਇਆ ਸੀ। ਪਿੰਡ ਖਿਆਲੀ ਚਹਿਲਾਂ ਵਾਲੀ ਦੇ ਕਿਸਾਨ ਕੁਲਦੀਪ ਸਿੰਘ ਚਹਿਲ ਨੇ ਕਿਹਾ ਕਿ ਉਸ ਨੇ ਚਾਰ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਬਿਜਾਈ ਕੀਤੀ ਸੀ ਪ੍ਰੰਤੂ ਬੀਜ ਉੱਗਦਾ ਹੀ ਨਹੀਂ ਹੈ। ਉਸ ਨੇ ਲਾਗਤ ਖ਼ਰਚੇ ਸਿਰ ਪੈਣ ਦੀ ਗੱਲ ਵੀ ਆਖੀ। ਮਲੋਟ, ਅਬੋਹਰ ਤੇ ਫ਼ਾਜ਼ਿਲਕਾ ਦੇ ਪਿੰਡਾਂ ਵਿੱਚ ਸੈਂਕੜੇ ਕਿਸਾਨਾਂ ਨੇ ਸੁੰਡੀ ਦੇ ਹਮਲੇ ਮਗਰੋਂ ਫ਼ਸਲ ਹੀ ਵਾਹ ਦਿੱਤੀ ਹੈ ਅਤੇ ਉਨ੍ਹਾਂ ਨੇ ਹੁਣ ਝੋਨਾ ਲਾਇਆ ਹੈ। ਇੱਕ ਖੇਤੀ ਅਧਿਕਾਰੀ ਦਾ ਕਹਿਣਾ ਹੈ ਕਿ ਬਹੁਤੇ ਕਿਸਾਨ ਤਾਂ ਸੁੰਡੀ ਦੇ ਹਮਲੇ ਦੇ ਸ਼ੁਰੂ ਵਿੱਚ ਹੀ ਨਿਰਾਸ਼ ਹੋ ਜਾਂਦੇ ਹਨ ਅਤੇ ਫ਼ਸਲ ਵੱਲ ਧਿਆਨ ਦੇਣ ਦੀ ਥਾਂ ਵਾਹੁਣ ਨੂੰ ਤਰਜੀਹ ਦਿੰਦੇ ਹਨ। ਇਸ ਵਾਰ ਨਰਮੇ ਹੇਠ 99,720 ਹੈਕਟੇਅਰ ਰਕਬਾ ਸੀ ਜਦੋਂ ਕਿ ਟੀਚਾ ਦੋ ਲੱਖ ਹੈਕਟੇਅਰ ਦਾ ਸੀ। ਹੁਣ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਅਗਲੇ ਵਰ੍ਹੇ ਰਕਬਾ ਹੋਰ ਘਟ ਜਾਣਾ ਹੈ। ਇੱਕ ਪ੍ਰਾਈਵੇਟ ਬੀਜ ਕੰਪਨੀ ਦੇ ਅਧਿਕਾਰੀ ਨੇ ਕਿਹਾ ਕਿ ਬੀਜਾਂ ਵਿੱਚ ਕਿਧਰੇ ਕੋਈ ਖ਼ਾਮੀ ਨਹੀਂ ਹੈ ਬਲਕਿ ਸੁੰਡੀ ਦੇ ਹਮਲੇ ਕਰ ਕੇ ਪੌਦੇ ਵੱਧ-ਫੁੱਲ ਨਹੀਂ ਰਹੇ ਹਨ। ਉਨ੍ਹਾਂ ਕਿਹਾ ਕਿ ਮੀਂਹ ਘੱਟ ਪੈਣ ਕਰ ਕੇ ਵੀ ਪੌਦਿਆਂ ਦਾ ਕੱਦ ਮਧਰਾ ਰਹਿ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਆਗੂਆਂ ਨੇ ਅੱਜ ਮਾਨਸਾ ਦੇ ਖੇਤੀਬਾੜੀ ਅਫ਼ਸਰ ਨਾਲ ਮੀਟਿੰਗ ਕਰ ਕੇ ਪ੍ਰਭਾਵਿਤ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਮਾਨਸਾ ਦੇ ਬੀਜ ਡੀਲਰਾਂ ਨੇ ਵੀ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ ਹੈ।

Advertisement

ਧੋਖਾਧੜੀ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ: ਖੁੱਡੀਆਂ

ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕਿਸਾਨਾਂ ਨਾਲ ਧੋਖਾਧੜੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਹਨ ਕਿ ਕਿਸਾਨਾਂ ਨੂੰ ਚੰਗੇ ਬੀਜ ਅਤੇ ਖਾਦਾਂ ਮੁਹੱਈਆ ਕਰਾਉਣ ਵਾਸਤੇ ਕੋਈ ਢਿੱਲ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਮਾੜੇ ਬੀਜ ਦੀ ਸਪਲਾਈ ਕਰਨ ਵਾਲੇ ਕਸੂਰਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਨੇ ਕਈ ਡੀਲਰਾਂ ਦੇ ਲਾਇਸੈਂਸ ਰੱਦ ਵੀ ਕਰ ਦਿੱਤੇ ਹਨ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਫ਼ਸਲਾਂ ਦਾ ਜਾਇਜ਼ਾ ਲੈਣ ਵਾਸਤੇ ਭਲਕੇ ਹਲਕਾ ਸਰਦੂਲਗੜ੍ਹ ਅਤੇ ਬੁਢਲਾਡਾ ਦੇ ਖੇਤਾਂ ਵਿੱਚ ਜਾਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜ਼ਿਲ੍ਹਾ ਫ਼ਾਜ਼ਿਲਕਾ ਅਤੇ ਮੁਕਤਸਰ ਦੇ ਖੇਤਾਂ ਦਾ ਦੌਰਾ ਵੀ ਕੀਤਾ ਸੀ। ਉਹ ਜ਼ਮੀਨੀ ਹਕੀਕਤ ਦੇਖਣਗੇ।

Advertisement
Author Image

joginder kumar

View all posts

Advertisement
Advertisement
×