For the best experience, open
https://m.punjabitribuneonline.com
on your mobile browser.
Advertisement

ਧੀਆਂ ਧਿਆਣੀਆਂ

08:04 AM Sep 15, 2024 IST
ਧੀਆਂ ਧਿਆਣੀਆਂ
Advertisement

ਡਾ. ਇਕਬਾਲ ਸਿੰਘ ਸਕਰੌਦੀ

Advertisement

ਸੁਖਜੀਤ ਕੌਰ ਨੇ ਫੋਨ ਬੰਦ ਕਰਦਿਆਂ ਬਹੁਤ ਹੀ ਖ਼ੁਸ਼ੀ ਅਤੇ ਹੁਲਾਸ ਭਰੇ ਲਹਿਜੇ ਵਿੱਚ ਆਪਣੀ ਸੱਸ ਮਾਂ ਨੂੰ ਕਿਹਾ, ‘‘ਮਾਂ ਜੀ, ਕੱਲ੍ਹ ਨੂੰ ਰੱਖੜੀ ਦੇ ਤਿਉਹਾਰ ਉੱਤੇ ਮੇਰੇ ਭਾਅ ਜੀ ਅਤੇ ਵੱਡੇ ਭੈਣ ਜੀ ਆ ਰਹੇ ਨੇ। ਮੈਂ ਖਾਣ ਪੀਣ ਦਾ ਤਾਂ ਵਧੀਆ ਪ੍ਰਬੰਧ ਘਰ ਵਿੱਚ ਹੀ ਕਰ ਲੈਣਾ ਹੈ, ਪਰ ਭੈਣ ਜੀ ਦੇ ਪਸੰਦ ਦੇ ਦੋ ਵਧੀਆ ਜਿਹੇ ਸੂਟ ਅਸੀਂ ਦੋਵੇਂ ਜੀਅ ਬਾਜ਼ਾਰ ਜਾ ਕੇ ਲੈ ਆਉਂਦੇ ਆਂ।’’
ਬਚਨ ਕੌਰ ਨੇ ਸਮਝਿਆ ਕਿ ਨੂੰਹ ਦੀ ਵੱਡੀ ਭੈਣ ਅਤੇ ਉਹਦਾ ਜੀਜਾ ਆ ਰਹੇ ਹਨ। ਉਹ ਇਕਦਮ ਅੱਗ ਦੇ ਭਬੂਕੇ ਵਾਂਗੂੰ ਭੜਕਦਿਆਂ ਬੋਲੀ, ‘‘ਲੈ, ਉਨ੍ਹਾਂ ਨੇ ਏਥੇ ਆ ਕੇ ਕੀ ਟਿੰਡੀਆਂ ਲੈਣੀਐਂ। ਜੀਹਦਾ ਜੀਅ ਕਰਦੈ, ਮੂੰਹ ਚੱਕੀ ਤੁਰਿਆ ਆਉਂਦੈ ਏਧਰ ਨੂੰ। ਸੁੱਖੀ ਸਾਂਦੀ ਤਿਉਹਾਰ ਵਾਲੇ ਦਿਨ ਵੀ ਕੋਈ ਕਿਸੇ ਦੇ ਘਰ ਜਾਂਦਾ ਹੁੰਦੈ?’’
ਸੱਸ ਤੋਂ ਸੋਹਲੇ ਸੁਣ ਕੇ ਨੂੰਹ ਨੂੰ ਇਕਦਮ ਸਮਝ ਆ ਗਈ ਸੀ ਕਿ ਮਾਂ ਜੀ ਤਾਂ ਇਹ ਸਮਝ ਬੈਠੇ ਹਨ ਕਿ ਉਹਦੀ ਨੂੰਹ ਦੀ ਵੱਡੀ ਭੈਣ ਅਤੇ ਜੀਜਾ ਆ ਰਹੇ ਨੇ। ਪਹਿਲਾਂ ਤਾਂ ਉਹਦੇ ਮਨ ਵਿੱਚ ਆਇਆ ਕਿ ਆਪਣੀ ਸੱਸ ਨੂੰ ਸਾਫ਼-ਸਾਫ਼ ਦੱਸ ਦੇਵੇ ਕਿ ਮਾਂ, ਮੁਹਾਲੀ ਵਿਆਹੀ ਤੁਹਾਡੀ ਧੀ ਤੁਹਾਡੇ ਪੁੱਤ ਨੂੰ ਰੱਖੜੀ ਬੰਨ੍ਹਣ ਆ ਰਹੀ ਹੈ। ਪਰ ਇਕਦਮ ਕੁਝ ਸੋਚ ਕੇ ਉਹਨੇ ਆਪਣੇ ਮਨ ਹੀ ਮਨ ਵਿੱਚ ਕੁਝ ਸਮੇਂ ਲਈ ਸ਼ੁਗਲ ਕਰਨ ਦੀ ਠਾਣ ਲਈ।
ਉਸ ਨੇ ਆਪਣੀ ਸੱਸ ਦੇ ਸਾਹਮਣੇ ਆਪਣੇ ਘਰਵਾਲ਼ੇ ਨੂੰ ਫੋਨ ਮਿਲਾਉਂਦਿਆਂ ਆਖਿਆ, ‘‘ਹਾਂ ਜੀ, ਸਰਦਾਰਾ ਸਿੰਘ ਜੀ, ਹੁਣੇ-ਹੁਣੇ ਵੱਡੇ ਭੈਣ ਜੀ ਦਾ ਫੋਨ ਆਇਆ ਸੀ। ਉਹ ਕੱਲ੍ਹ ਸਵੇਰੇ ਹੀ ਆਪਣੇ ਕੋਲ ਆ ਰਹੇ ਆ। ਤੁਸੀਂ ਕਾਹਲੀ ਨਾਲ ਕ੍ਰਿਸ਼ਨ ਦੀ ਡੇਅਰੀ ਤੋਂ ਸੱਤ ਲਿਟਰ ਦੁੱਧ ਲਿਆ ਦਿਉ। ਭੈਣ ਜੀ ਨੂੰ ਇੱਕ ਤਾਂ ਠੰਢੀ ਖੀਰ ਬਹੁਤ ਪਸੰਦ ਆ। ਨਾਲ ਹੀ ਮੈਂ ਆਈਸਕਰੀਮ ਤਿਆਰ ਕਰਕੇ ਰੈਫਰੀਜਰੇਟਰ ਵਿੱਚ ਲਾ ਦਿਆਂਗੀ। ਤੁਸੀਂ ਬਹੁਤਾ ਟਾਈਮ ਨਾ ਲਾਇਉ ਹੁਣ। ਸੱਤ ਕੁ ਵਜੇ ਫਿਰ ਆਪਾਂ ਭੈਣ ਜੀ ਲਈ ਸੋਹਣੇ-ਸੋਹਣੇ ਦੋ ਸੂਟ ਵੀ ਲੈ ਕੇ ਆਉਣੇ ਐਂ।’’
ਜਿਉਂ ਹੀ ਉਸ ਨੇ ਫੋਨ ਬੰਦ ਕੀਤਾ ਤਾਂ ਸੱਸ ਨੇ ਨੂੰਹ ਵੱਲ ਤਿਰਛਾ ਜਿਹਾ ਵੇਂਹਦਿਆਂ ਇੱਕ ਲੰਮੀ ਹੂੰਘਰ ਮਾਰੀ, ‘‘ਹੂੰ........ਊਂ.......। ਕਰ ਲੈ ਬਹੂ ਤੂੰ ਆਪਣੇ ਮਨ ਦੀਆਂ। ਸਿੱਧਾ ਸਾਦਾ ਘਰ ਆਲ਼ਾ ਜੋ ਟੱਕਰਿਐ ਤੈਨੂੰ। ਤੂੰ ਜੇ ਦਿਨ ਨੂੰ ਰਾਤ ਕਹਿਨੀਂ ਐਂ ਤਾਂ ਉਹ ਵਿਚਾਰਾ ਰਾਤ ਕਹਿ ਦਿੰਦੈ। ਪਤਾ ਨੀਂ ਭਾਈ, ਕੀ ਸਿਰ ’ਚ ਘੋਲ ਕੇ ਪਾਇਐ ਤੂੰ?’’
ਸੱਸ ਦੀਆਂ ਕਰਾਰੀਆਂ ਜਿਹੀਆਂ ਸੁਣ ਕੇ ਉਹ ਰਸੋਈ ਵਿੱਚ ਚਲੀ ਗਈ। ਦੋ ਕੁ ਮਿੰਟ ਬਾਅਦ ਇੱਕ ਥਾਲ ਵਿੱਚ ਚੌਲ ਪਾ ਕੇ ਇੱਕ ਗੀਤ ਦੇ ਬੋਲ,
ਕੋਠੇ ’ਤੇ ਕਾਂ ਬੋਲੇ,
ਚਿੱਠੀ ਮੇਰੇ ਮਾਹੀਏ ਦੀ,
ਵਿੱਚ ਮੇਰਾ ਨਾਂ ਬੋਲੇ।
ਗੁਣਗੁਣਾਉਂਦੀ ਹੋਈ ਸੱਸ ਕੋਲ ਆ ਗਈ। ਚੌਲਾਂ ਵਾਲਾ ਥਾਲ ਸੱਸ ਅੱਗੇ ਕਰਕੇ ਕਹਿੰਦੀ, ‘‘ਮਾਂ ਜੀ, ਦੇਖਿਓ ਭਲਾ, ਖੀਰ ਲਈ ਇੰਨੇ ਕੁ ਚੌਲ ਠੀਕ ਰਹਿਣਗੇ?’’
ਸੱਸ ਵੀ ਸਭ ਸਮਝਦੀ ਸੀ। ਉਸ ਨੂੰ ਪਤਾ ਸੀ ਕਿ ਉਸ ਦੀ ਨੂੰਹ ਜਾਣਬੁੱਝ ਕੇ ਉਸ ਨੂੰ ਪ੍ਰੇਸ਼ਾਨ ਕਰਦੀ ਹੈ। ਗੁੱਸਾ ਤਾਂ ਉਹਨੂੰ ਪਹਿਲਾਂ ਹੀ ਬਥੇਰਾ ਚੜ੍ਹਿਆ ਹੋਇਆ ਸੀ। ਉਹ ਤਾਂ ਪਹਿਲਾਂ ਹੀ ਅੰਦਰੋਂ ਪੂਰੀ ਤਪੀ ਹੋਈ ਸੀ। ਉਹ ਦੁਖੀ ਹੋ ਕੇ ਬੋਲੀ, ‘‘ਬੱਸ ਬੱਸ, ਰਹਿਣ ਦੇ ਇਹ ਖੇਖਣ। ਸਭ ਜਾਣਦੀ ਆਂ ਮੈਂ ਤੈਨੂੰ ਚਲਾਕੋ ਨੂੰ। ਆਉਣ ਆਲ਼ਾ ਈ ਐ, ਜੀਹਨੂੰ ਹੁਣੇ ਫੋਨ ਖੜਕਾਇਐ। ਉਸੇ ਨੂੰ ਪੁੱਛ ਲਈਂ। ਅੱਗੇ ਵੀ ਤਾਂ ਦੋਏ ਜੀਅ ਰਸੋਈ ’ਚ ਵੜ ਕੇ ਪਤਾ ਨੀਂ ਕਿਹੜੇ ਗੁਰਮਤੇ ਕਰਦੇ ਰਹਿੰਦੇ ਓ।’’
ਨੂੰਹ ਨੇ ਮਸਾਂ-ਮਸਾਂ ਹਾਸਾ ਰੋਕਿਆ। ਉਸ ਨੇ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਕਿਹਾ, ‘‘ਮਾਂ ਜੀ, ਉਹ ਤਾਂ ਸਰਦਾਰਾ ਸਿੰਘ ਜੀ, ਨਾ ਸੱਚ ਥੋਡੇ ਪੁੱਤ ਜੀ, ਗਰਮ-ਗਰਮ ਰੋਟੀ ਖਾ ਕੇ ਬਲਾਈਂ ਖ਼ੁਸ਼ ਹੁੰਦੇ ਐ। ਮੈਨੂੰ ਵੀ ਬੜਾ ਚੰਗਾ ਲੱਗਦੈ, ਜਦੋਂ ਉਹ ਕੋਲ ਬਹਿ ਕੇ ਰੋਟੀ ਖਾਂਦੇ ਐ।’’
ਉਸੇ ਵੇਲੇ ਸਰਦਾਰਾ ਸਿੰਘ ਦੁੱਧ ਦੀ ਢੋਲੀ ਲੈ ਕੇ ਅੰਦਰ ਆ ਗਿਆ। ਵਹੁਟੀ ਨੂੰ ਦੁੱਧ ਦੀ ਢੋਲੀ ਫੜਾਉਣ ਉਪਰੰਤ ਮਾਂ ਨੂੰ ਪੁੱਛਿਆ, ‘‘ਮਾਂ ਜੀ! ਕੀ ਗੱਲ ਐ? ਤੁਹਾਡਾ ਚਿੱਤ ਤਾਂ ਰਾਜ਼ੀ ਐ? ਤੁਹਾਡਾ ਤਾਂ ਚਿਹਰਾ ਉੱਤਰਿਆ ਪਿਐ!’’
‘‘ਭਾਈ, ਸਾਡੇ ਉੱਤਰੇ ਚੜ੍ਹੇ ਚਿਹਰੇ ਦੀ ਕੀਹਨੂੰ ਪਰਵਾਹ ਐ? ਬਹੂ ਨੇ ਤੈਨੂੰ ਮੁੱਠੀ ’ਚ ਕੀਤਾ ਹੋਇਐ। ਤਿੰਨ ਕਰੇ, ਤੇਰ੍ਹਾਂ ਕਰੇ! ਤੂੰ ਕਦੇ ਟੋਕਿਐ ਉਹਨੂੰ?’’ ਭਰੀ ਪੀਤੀ ਮਾਂ ਨੇ ਸਾਰਾ ਗੁੱਭ ਗੁਭਾਟ ਕੱਢ ਦਿੱਤਾ।
ਉਸ ਨੇ ਮਾਂ ਨੂੰ ਗਲ਼ੇ ਲਗਾਉਂਦਿਆਂ ਕਿਹਾ, ‘‘ਓਹ ਹੋ, ਮਾਂ ਜੀ। ਤੁਸੀਂ ਵੀ ਪਤਾ ਨੀਂ ਕਦੇ-ਕਦੇ ਕਿਹੜੀਆਂ ਗੱਲਾਂ ਲੈ ਬਹਿੰਦੇ ਓ। ਤੁਹਾਡੀ ਨੂੰਹ ਤਾਂ ਸਾਰਾ ਦਿਨ ‘ਮੇਰੇ ਮਾਂ ਜੀ, ਮੇਰੇ ਮਾਂ ਜੀ’ ਕਰਦੀ ਰਹਿੰਦੀ ਐ। ਮੁਹਾਲੀ ਤੋਂ ਵੱਡੇ ਭੈਣ ਜੀ ਅਤੇ ਜੀਜਾ ਜੀ ਦੇ ਆਉਣ ਉੱਤੇ ਉਹਨੂੰ ਚਾਅ ਚੜ੍ਹ ਜਾਂਦੈ। ਹੋਰ ਦੱਸੋ, ਕੀ ਚਾਹੀਦੈ ਆਪਾਂ ਨੂੰ? ਚਲੋ, ਏਦਾਂ ਕਰਦਾਂ, ਮੈਂ ਤੁਹਾਡੀ ਵੱਡੇ ਭੈਣ ਜੀ ਨਾਲ ਫੋਨ ’ਤੇ ਗੱਲ ਕਰਵਾਉਂਦਾ ਹਾਂ।’’
ਇੰਨੀ ਗੱਲ ਕਹਿ ਕੇ ਉਸ ਨੇ ਮੁਹਾਲੀ ਰਹਿੰਦੀ ਵੱਡੀ ਭੈਣ ਇੰਦਰਪ੍ਰੀਤ ਕੌਰ ਨੂੰ ਫੋਨ ਲਾ ਲਿਆ। ਜਿਉਂ ਹੀ ਭੈਣ ਨੇ ‘‘ਹੈਲੋ’’ ਕਿਹਾ ਤਾਂ ਉਸ ਨੇ ਭੈਣ ਨੂੰ ਸਤਿਕਾਰ ਦਿੰਦਿਆਂ ਕਿਹਾ, ‘‘ਪੈਰੀਂ ਪੈਨਾਂ ਭੈਣ। ਹੋਰ ਸੁਣਾਓ, ਜੀਜਾ ਜੀ ਅਤੇ ਮੇਰੇ ਭਾਣਜੇ ਭਾਣਜੀ ਦਾ ਕੀ ਹਾਲ ਐ?’’
‘‘ਬੱਸ ਵੀਰ, ਗੁਰੂ ਦੀ ਕਿਰਪਾ ਨਾਲ ਸਭ ਰਾਜ਼ੀ ਖ਼ੁਸ਼ੀ ਆਂ। ਹੋਰ ਮੇਰੀ ਭਾਬੋ ਰਾਣੀ ਕੀ ਕਰੀ ਜਾਂਦੀ ਐ? ਮਾਂ ਦੀ ਸਿਹਤ ਕਿਵੇਂ ਐਂ?’’ ਉਸ ਨੇ ਪੁੱਛਿਆ।
‘‘ਭੈਣੇ, ਤੁਹਾਡੇ ਵੱਡਿਆਂ ਦੇ ਅਸ਼ੀਰਵਾਦ ਸਦਕਾ ਸਭ ਰਾਜ਼ੀ ਖ਼ੁਸ਼ੀ ਆਂ। ਚੜ੍ਹਦੀ ਕਲਾ ’ਚ ਆਂ। ਆਹ ਲਓ, ਮਾਂ ਜੀ ਨਾਲ ਕਰੋ ਗੱਲ।’’ ਉਸ ਨੇ ਫੋਨ ਮਾਂ ਦੇ ਕੰਨ ਨਾਲ ਲਾ ਦਿੱਤਾ।
ਮਾਂ ਨੇ ਉੱਚੀ-ਉੱਚੀ ਦੋ ਵਾਰ ਹੈ... ਲੋ..., ਹੈ... ਲੋ... ਕਿਹਾ। ਤਦ ਦੂਜੇ ਪਾਸੇ ਤੋਂ ਇੰਦਰਪ੍ਰੀਤ ਦੀ ਅਵਾਜ਼ ਆਈ, ‘‘ਸਤਿ ਸ੍ਰੀ ਅਕਾਲ ਮਾਂ ਜੀ। ਹੋਰ ਸੁਣਾਓ, ਤੁਹਾਡੀ ਸਿਹਤ ਕਿਵੇਂ ਰਹਿੰਦੀ ਐ? ਮੇਰੀ ਭਾਬੋ ਰਾਣੀ ਦਾ ਕੀ ਹਾਲ ਐ?’’
ਮਾਂ ਨੇ ਹਲਕੀ ਜਿਹੀ ਖੰਘ ਕਰਕੇ ਗਲ਼ੇ ਨੂੰ ਸਾਫ਼ ਕਰਦਿਆਂ ਕਿਹਾ, ‘‘ਹਾਂ ਧੀਏ, ਸਿਹਤ ਤਾਂ ਮੇਰੀ ਚੰਗੀ ਭਲੀ ਐ। ਸੁੱਖ ਨਾਲ ਬੈਠੀ ਬਿਠਾਈ ਨੂੰ ਤਿੰਨੋਂ ਡੰਗ ਤੱਤੀ ਰੋਟੀ ਮਿਲਦੀ ਐ। ਹੋਰ ਫ਼ਲ ਫਰੂਟ ਵੀ ਆਪਣੇ ਘਰ ਵਿੱਚ ਵਾਧੂ ਹੁੰਦੈ। ਤੂੰ ਦੱਸ, ਪ੍ਰਾਹੁਣਾ ਅਤੇ ਜੁਆਕ ਸਭ ਰਾਜ਼ੀ ਬਾਜ਼ੀ ਨੇ? ਨਾ ਧੀਏ! ਕੱਲ੍ਹ ਨੂੰ ਸੁੱਖ ਨਾਲ ਰੱਖੜੀ ਦਾ ਤਿਉਹਾਰ ਐ! ਤੂੰ ਆ ਜਾਂਦੀ ਕੱਲ੍ਹ ਨੂੰ। ਨਾ ਅੰਮ੍ਰਿਤਸਰ ਕਿਹੜਾ ਦੂਰ ਐ?’’
ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਉਹ ਬੋਲੀ, ‘‘ਮਾਂ, ਅੰਮ੍ਰਿਤਸਰ ਜੇ ਦੂਰ ਨੀਂ, ਤਾਂ ਮੁਹਾਲੀ ਤੋਂ ਬਹੁਤਾ ਨੇੜੇ ਵੀ ਨਹੀਂ ਹੈ। ਘਰਾਂ ਦੇ ਕੰਮਕਾਜ ਹੀ ਇੰਨੇ ਹੁੰਦੇ ਆ, ਘਰਾਂ ’ਚੋਂ ਨਿਕਲਿਆ ਕਿਹੜਾ ਜਾਂਦੈ? ਪਹਿਲਾਂ ਤਾਂ ਮੇਰਾ ਆਉਣ ਦਾ ਕੋਈ ਇਰਾਦਾ ਨਹੀਂ ਸੀ। ਇਸੇ ਕਰਕੇ ਮੈਂ ਰੱਖੜੀਆਂ ਕੋਰੀਅਰ ਕਰਵਾ ਕੇ ਭੇਜ ਦਿੱਤੀਆਂ ਸਨ। ਪਰ ਆਹ ਘੰਟਾ ਕੁ ਪਹਿਲਾਂ ਮੇਰੀ ਪਿਆਰੀ ਭਾਬੋ ਰਾਣੀ ਦਾ ਫੋਨ ਆਇਆ ਸੀ। ਉਹਨੇ ਪੂਰਾ ਜ਼ੋਰ ਦੇ ਕੇ ਮੈਨੂੰ ਅੰਮ੍ਰਿਤਸਰ ਆ ਕੇ ਆਪਣੇ ਵੀਰ ਨੂੰ ਰੱਖੜੀ ਬੰਨ੍ਹਣ ਲਈ ਕਿਹਾ ਹੈ। ਇਸ ਲਈ ਅਸੀਂ ਮੁਹਾਲੀ ਤੋਂ ਸੁਵਖਤੇ ਪੰਜ ਵਜੇ ਚੱਲ ਕੇ ਨੌਂ ਵਜੇ ਤੱਕ ਅੰਮ੍ਰਿਤਸਰ ਪਹੁੰਚ ਜਾਵਾਂਗੇ। ਮਾਂ ਜੀ, ਮੈਂ ਇੱਥੇ ਆਪਣੇ ਆਲ਼ੇ-ਦੁਆਲ਼ੇ ਬਥੇਰੇ ਘਰਾਂ ’ਚ ਵੇਖਦੀ ਹਾਂ। ਭਰਾ, ਭਰਾ ਨਾਲ ਨਹੀਂ ਵਰਤਦੇ। ਨਾ ਹੀ ਭੈਣ ਨਾਲ ਵਰਤਦੇ ਨੇ। ਹੁਣ ਤਾਂ ਬੱਸ ਸਾਲੀ ਅਤੇ ਸਾਂਢੂ ਨਾਲ ਹੀ ਰਿਸ਼ਤੇਦਾਰੀ ਬਾਕੀ ਰਹਿ ਗਈ। ਮਾਂ, ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਕਿਹਾ ਹੈ ਕਿ ਆਪਣਾ ਤਾਂ ਘਰ ਭਾਗਾਂ ਵਾਲਾ ਹੈ, ਜੋ ਸੁਖਜੀਤ ਜਿਹੀ ਮੇਰੀ ਪਿਆਰੀ ਭਾਬੀ ਨੇ ਆਪਣੇ ਘਰ ਨੂੰ ਭਾਗ ਲਾਏ ਨੇ। ਤੁਹਾਡੇ ਜੁਆਈ ਨੇ ਵੀ ਇਹੀ ਗੱਲ ਮੈਨੂੰ ਕਈ ਵਾਰੀ ਕਹੀ ਹੈ ਕਿ ਅੰਮ੍ਰਿਤਸਰ ਸੁਖਜੀਤ ਭੈਣ ਨੂੰ ਮਿਲ ਕੇ ਇੰਝ ਲੱਗਦਾ ਹੁੰਦੈ, ਜਿਵੇਂ ਆਪਣੀ ਸਕੀ ਭੈਣ ਨੂੰ ਮਿਲਿਆ ਹੋਵਾਂ। ਮਾਂ, ਤੂੰ ਤਾਂ ਬਹੁਤ ਚੰਗੇ ਕਰਮਾਂ ਵਾਲੀ ਹੈਂ, ਜੋ ਆਪਣਾ ਬੁਢਾਪਾ ਸੁਖਾਲੇ ਢੰਗ ਨਾਲ ਨੂੰਹ, ਪੁੱਤ ਨਾਲ ਕੱਟ ਰਹੀ ਐਂ। ਸੁਖਜੀਤ ਵਰਗੀਆਂ ਨੂੰਹਾਂ ਭਾਗਾਂ ਨਾਲ ਮਿਲਦੀਆਂ ਨੇ। ਚੰਗਾ ਮਾਂ, ਮੈਂ ਹੁਣ ਘਰ ਦਾ ਰੋਟੀ ਟੁੱਕ ਵੀ ਕਰਨੈਂ ਅਤੇ ਕੱਲ੍ਹ ਸੁਵਖਤੇ ਇੱਥੋਂ ਤੁਰਨਾ ਵੀ ਹੈ।’’ ਇੰਨੀਆਂ ਗੱਲਾਂ ਕਹਿ ਕੇ ਉਸ ਨੇ ਫੋਨ ਕੱਟ ਦਿੱਤਾ।
ਬਚਨ ਕੌਰ ਅੱਖਾਂ ਬੰਦ ਕਰ ਕੇ ਅਣਜਾਣੇ ਵਿੱਚ ਆਪਣੀ ਨੂੰਹ ਨੂੰ ਬੋਲੀਆਂ ਕੌੜੀਆਂ ਕੁਸੈਲੀਆਂ ਕਹਿ ਕੇ ਪਛਤਾ ਰਹੀ ਸੀ। ਉਸੇ ਵੇਲੇ ਨੂੰਹ ਨੇ ਖੀਰ ਦੀ ਭਰੀ ਪਲੇਟ ਸੱਸ ਦੇ ਮੰਜੇ ਕੋਲ ਪਏ ਟੇਬਲ ਉੱਤੇ ਰੱਖਦਿਆਂ ਕਿਹਾ, ‘‘ਮਾਂ ਜੀ, ਆਹ ਜ਼ਰਾ ਖੀਰ ਖਾ ਕੇ ਦੱਸਿਓ, ਮਿੱਠਾ ਕਿਵੇਂ ਐ?’’
ਸੱਸ ਨੇ ਨੂੰਹ ਦਾ ਹੱਥ ਫੜ ਕੇ ਆਪਣੇ ਮੰਜੇ ਉੱਤੇ ਬਿਠਾਉਂਦਿਆਂ ਕਿਹਾ, ‘‘ਧੀਏ, ਮੈਨੂੰ ਮੁਆਫ਼ ਕਰ ਦੇ। ਮੇਰੀ ਚੰਦਰੀ ਜ਼ਬਾਨ ਪਤਾ ਨਹੀਂ ਤੈਨੂੰ ਕੀ ਕੀ ਬੋਲ ਗਈ! ਪਰ ਜਦ ਤੂੰ ਫੂਨ ਕਰਕੇ ਮੇਰੀ ਧੀ ਨੂੰ ਇੱਥੇ ਬੁਲਾਇਆ ਸੀ ਤਾਂ ਤੂੰ ਮੈਨੂੰ ਸਾਫ਼-ਸਾਫ਼ ਕਿਉਂ ਨੀਂ ਸੀ ਦੱਸਿਆ ਕਿ ਸਰਦਾਰੇ ਦੇ ਰੱਖੜੀ ਬੰਨ੍ਹਣ ਲਈ ਉਹਦੀ ਵੱਡੀ ਭੈਣ ਨੂੰ ਬੁਲਾਇਆ ਹੈ?’’
ਸੁਖਜੀਤ ਨੇ ਸੱਸ ਨੂੰ ਗਲਵਕੜੀ ਪਾਉਂਦਿਆਂ ਕਿਹਾ, ‘‘ਮਾਂ ਜੀ, ਮੈਂ ਤਾਂ ਤੁਹਾਨੂੰ ਬਿਲਕੁਲ ਸਹੀ ਕਿਹਾ ਸੀ ਕਿ ਕੱਲ੍ਹ ਨੂੰ ਵੱਡੇ ਭੈਣ ਜੀ ਅਤੇ ਭਾਅ ਜੀ ਆ ਰਹੇ ਹਨ। ਕਿਉਂ ਜੋ ਮੁਹਾਲੀ ਵਾਲੇ ਵੱਡੇ ਦੀਦੀ ਨੂੰ ਮੈਂ ਵੱਡੇ ਭੈਣ ਜੀ ਹੀ ਕਹਿੰਦੀ ਹਾਂ। ਪਰ ਜਦੋਂ ਤੁਸੀਂ ਇਹ ਸਮਝ ਲਿਆ ਕਿ ਮੇਰੇ ਵੱਡੇ ਦੀਦੀ ਅਤੇ ਜੀਜਾ ਜੀ ਆ ਰਹੇ ਹਨ ਤਾਂ ਮੈਂ ਸੋਚਿਆ ਕਿ ਚਲੋ ਜੇਕਰ ਮਾਂ ਨੂੰ ਹੁਣ ਭੁਲੇਖਾ ਲੱਗ ਹੀ ਗਿਆ ਹੈ ਤਾਂ ਕੁਝ ਦੇਰ ਇਹੀ ਸਸਪੈਂਸ ਬਣਾ ਕੇ ਰੱਖਦੇ ਹਾਂ। ਕੁਝ ਦੇਰ ਹਾਸਾ ਠੱਠਾ ਵੀ ਹੋਣਾ ਚਾਹੀਦੈ। ਨਾਲੇ ਮਾਂ ਜੀ, ਮੁਹਾਲੀ ਵਾਲੇ ਭੈਣ ਜੀ ਤਾਂ ਕੱਲ੍ਹ ਨੂੰ ਆਉਣ ਲਈ ਤਿਆਰ ਹੀ ਨਹੀਂ ਸੀ ਹੁੰਦੇ। ਇਹ ਤਾਂ ਮੈਂ ਜਦੋਂ ਉਹਨਾਂ ਨੂੰ ਕਿਹਾ ਕਿ ਭੈਣ ਜੀ, ਤੁਹਾਡਾ ਆਪਣੀ ਛੋਟੀ ਭਾਬੀ ਨੂੰ ਮਿਲਣ ਲਈ ਜਮ੍ਹਾਂ ਈ ਜੀਅ ਨੀਂ ਕਰਦਾ, ਤਦ ਕਿਤੇ ਆਉਣ ਲਈ ਸਹਿਮਤ ਹੋਏ। ਨਾਲੇ ਮਾਂ, ਧੀਆਂ ਧਿਆਣੀਆਂ ਨੇ ਕਿਹੜਾ ਕਿਸੇ ਦਾ ਘਰ ਚੁੱਕ ਕੇ ਲੈ ਜਾਣਾ ਹੁੰਦੈ। ਇਹ ਤਾਂ ਸਗੋਂ ਆਪਣੇ ਬਾਬਲ ਦੇ ਵਿਹੜੇ ਦੀ, ਆਪਣੇ ਵੀਰਾਂ ਦੀ, ਆਪਣੀਆਂ ਭਾਬੀਆਂ ਦੀ, ਆਪਣੇ ਭਤੀਜੇ ਭਤੀਜੀਆਂ ਦੀ ਸਦਾ ਸੁੱਖ ਈ ਮੰਗਦੀਆਂ ਆਈਆਂ ਨੇ। ਮਾਂ ਜੀ ਇਹ ਤਿੱਥ ਤਿਉਹਾਰ ਤਾਂ ਭੈਣ ਭਰਾਵਾਂ ਦੇ ਮੇਲ ਮਿਲਾਪ ਦੇ ਵਸੀਲੇ ਹਨ, ਨਹੀਂ ਤਾਂ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਕੀਹਦੇ ਕੋਲ ਵਿਹਲ ਐ?’’
ਨੂੰਹ ਦੀਆਂ ਇੰਨੀਆਂ ਸਿਆਣਪ ਭਰੀਆਂ ਗੱਲਾਂ ਸੁਣ ਕੇ ਬਚਨ ਕੌਰ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ।
ਸੰਪਰਕ: 84276-85020

Advertisement

Advertisement
Author Image

Advertisement