ਦਸੂਹਾ: ਸੰਭਾਲ ਨਾ ਹੋਣ ਕਾਰਨ ਕਮਿਊਨਿਟੀ ਸੈਂਟਰ ਦੀ ਇਮਾਰਤ ਖੰਡਰ ਬਣੀ
ਭਗਵਾਨ ਦਾਸ ਸੰਦਲ
ਦਸੂਹਾ, 29 ਮਾਰਚ
ਇੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਉਸਾਰੀ ਕਮਿਊਨਿਟੀ ਸੈਂਟਰ ਦੀ ਇਮਾਰਤ ਖੰਡਰ ਬਣੀ ਹੋਈ ਹੈ। ਕਰੀਬ 28 ਸਾਲ ਪਹਿਲਾਂ ਉਸਾਰੀ ਇਸ ਇਮਾਰਤ ਦੀ ਬਦਕਿਸਮਤੀ ਹੈ ਕਿ ਦਸੂਹਾ ਕੌਂਸਲ ਦੀ ਲਾਪ੍ਰਵਾਹੀ ਕਾਰਨ ਅੱਜ ਤੱਕ ਇੱਥੇ ਕੋਈ ਘਰੇਲੂ ਸਮਾਗਮ ਨਹੀਂ ਹੋ ਸਕਿਆ। ਜਾਣਕਾਰੀ ਅਨੁਸਾਰ 1997 ਵਿੱਚ ਕਾਂਗਰਸ ਦੇ ਕਾਰਜਕਾਲ ਦੌਰਾਨ ਤਤਕਾਲੀ ਮਰਹੂਮ ਸਿਹਤ ਮੰਤਰੀ ਰਾਮੇਸ਼ ਚੰਦਰ ਡੋਗਰਾ ਵੱਲੋਂ ਕੇਂਦਰ ਸਰਕਾਰ ਦੀ ਇੰਦਰਾ ਗਾਂਧੀ ਵਿਕਾਸ ਸਕੀਮ ਅਧੀਨ ਇਸ ਕਮਿਊਨਿਟੀ ਹਾਲ ਦੇ ਮੁਕੰਮਲ ਪ੍ਰਾਜੈਕਟ ਲਈ 1.22 ਕਰੋੜ ਪਾਸ ਕੀਤੇ ਗਏ ਸਨ ਜਿਸ ਵਿੱਚ 2 ਕਨਾਲ ਜਗ੍ਹਾ ਵਿੱਚ ਦੋ ਮੰਜ਼ਿਲਾ ਇਮਾਰਤ ਦੀ ਉਸਾਰੀ, ਪਾਰਕਿੰਗ, ਪਾਰਕ ਤੇ ਹੋਰਨਾਂ ਸੁਵਿਧਾਵਾਂ ਦੀ ਤਜ਼ਵੀਜ ਸ਼ਾਮਲ ਸੀ ਪਰ ਬੁਨਿਆਦੀ ਸਹੂਲਤਾਂ ਦੀ ਅਣਹੋਂਣ ਕਾਰਨ ਇਮਾਰਤ ਸ਼ੋਅਪੀਸ ਬਣੀ ਰਹੀ। 2016 ਵਿੱਚ ਨਗਰ ਕੌਂਸਲ ਦੇ ਤਤਕਾਲੀ ਪ੍ਰਧਾਨ ਹਰਸਿਮਰਤ ਸਿੰਘ ਸਾਹੀ ਵੱਲੋਂ ਕਰੀਬ ਅੱਠ ਲੱਖ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਹਾਲ ਦਾ ਨਵੀਨੀਕਰਨ ਕਰਵਾਇਆ ਗਿਆ, ਪਰ ਇਸ ਦੇ ਬਾਵਜੂਦ ਵੀ ਇਮਾਰਤ ਦੀ ਚਾਰ ਦੀਵਾਰੀ, ਬਿਜਲੀ, ਪਾਣੀ ਦੀ ਸੁਵਿਧਾ ਤੇ ਹੋਰ ਬੁਨਿਆਦੀ ਸਹੂਲਤਾਂ ਨਾ ਹੋਣ ਸਮੇਤ ਅਨੇਕਾਂ ਖਾਮੀਆਂ ਕਾਰਨ ਕਮਿਊਨਿਟੀ ਹਾਲ ਦੀ ਇਮਾਰਤ ਚਿੱਟਾ ਹਾਥੀ ਬਣੀ ਰਹੀ। ਸਾਂਭ ਸੰਭਾਲ ਖੁਣੋਂ ਖੰਡਰ ਬਣੀ ਇਸ ਦੀ ਇਮਾਰਤ ਦੇ ਆਲੇ ਦੁਆਲੇ ਜੰਗਲੀ ਬੂਟੀ ਦੀ ਭਰਮਾਰ ਹੈ ਅਤੇ ਨਸ਼ੇੜੀਆਂ ਅਤੇ ਅਪਰਾਧੀਆਂ ਦੀ ਪਨਾਹਗਾਹ ਬਣੀ ਹੋਈ ਹੈ। ਜਦਕਿ ਇਮਾਰਤ ਦੇ ਮੁੱਖ ਦਰਵਾਜ਼ੇ ਅਤੇ ਬਾਕੀ ਕਮਰਿਆਂ ਸਣੇ ਖਿੜਕੀਆਂ ਦੇ ਦਰਵਾਜ਼ੇ ਗਾਇਬ ਹੋ ਚੁੱਕੇ ਹਨ। ਲੋਕਾਂ ਵਿੱਚ ਰੋਸ ਹੈ ਕਿ ਵਿਧਾਇਕ ਕਰਮਬੀਰ ਘੁੰਮਣ ਨੇ ਵੀ ਇਸ ਕਮਿਊਨਿਟੀ ਹਾਲ ਨੂੰ ਲੋਕਾਂ ਦੇ ਵਰਤਨਯੋਗ ਬਣਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ।
ਨਗਰ ਕੌਂਸਲ ਦੀ ਮੀਟਿੰਗ ’ਚ ਮੁੱਦਾ ਚੁੱਕਾਂਗੇ: ਈਓ
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਕਮਲਜਿੰਦਰ ਸਿੰਘ ਨੇ ਕਿਹਾ ਕੁਝ ਤਕਨੀਕੀ ਕਾਰਨਾਂ ਕਾਰਨ ਇਸ ਇਮਾਰਤ ਦਾ ਨਵੀਨੀਕਰਨ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਨੂੰ ਵਰਤਣਯੋਗ ਬਣਾਉਣ ਲਈ ਉਹ ਅਗਲੀ ਹਾਊਸ ਦੀ ਬੈਠਕ ਵਿੱਚ ਮੁੱਦਾ ਚੁੱਕਣਗੇ।