ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੰਗੋਰੀ

10:42 AM Dec 24, 2023 IST

ਰੂਪ ਸਤਵੰਤ

‘‘ਨੀ ਕੁੜੀਏ, ਆਹ ਦਾਲ਼ ’ਚ ਕੜਛੀ ਮਾਰ ਦਿੰਦੀ। ਕਿਹੜੇ ਵੇਲਿਆਂ ਦੀ ਧਰੀ ਐ। ਰਿਝ-ਰਿਝ ਕਮਲੀ ਹੋਗੀ ਹੋਊ। ਗੇੜੇ ਨਾਲ ਹੀ ਸ਼ੀਸ਼ੇ ਮੂਹਰੇ ਜਾ ਖੜ੍ਹੂ। ਭੋਰਾ ਗ਼ੌਰ ਨੀ ਕਰਦੀ ਰੋਟੀ ਟੁੱਕ ਦੀ।’’ ਲੰਮੀ ਸਾਰੀ ਹਾਕ ਮਾਰ ਕੇ ਬੀਬੀ ਨੇ ਆਪਣੀ ਪੋਤੀ ਨੂੰ ਆਖਿਆ। ਪੱਕਾ ਨਾਂ ਨਿਹਾਲ ਕੁਰ, ਪਰ ਸਾਰੇ ਨਿਹਾਲੋ ਕਹਿੰਦੇ ਸੀ ਉਹਨੂੰ ‘ਨਿਹਾਲੋ ਬੀਬੀ’।
ਦਰਮਿਆਨਾ ਕੱਦ, ਗੋਰਾ ਰੰਗ, ਠੋਡੀ ’ਤੇ ਲਸਣ ਜੋ ਬੀਬੀ ਦੇ ਸਾਦ-ਮੁਰਾਦੇ ਸੁਹੱਪਣ ਨੂੰ ਦੂਣਾ-ਚੌਣਾ ਕਰੀ ਜਾਂਦਾ। ਨਿਹਾਲੋ ਬੀਬੀ ਦਾ ਦਿਨ, ਪਹਿਲੇ ਪਹਿਰ ਡੰਗਰਾਂ ਨੂੰ ਪੱਠੇ ਪਾਉਣ ਤੋਂ ਠਿੱਲ੍ਹ ਪੈਂਦਾ ਤੇ ਮਿੱਲ ਦੇ ਰਾਤ ਆਲੇ ਘੁੱਗੂ ਤਾਈਂ ਲਗਾਤਾਰ ਟੋਕੇ ਵਾਲੀ ਮਸ਼ੀਨ ਵਾਂਗੂੰ ਚਲਦਾ। ਉਂਜ ਤਾਂ ਟਿੱਕੀ ਦੇ ਛਿਪਾ ਨਾਲ ਰੋਟੀਆਂ ਥੱਪ ਦਿੰਦੀ ਹੁੰਦੀ, ਪਰ ਟੱਬਰ ਦਾ ਮਾਹੌਲ ਹੀ ਐਨਾ ਚੰਦਰਾ ਸੀ ਬਈ ਪੈਂਦੀ-ਪੈਂਦੀ ਨੂੰ ਨੌਂ-ਦਸ ਵੱਜ ਹੀ ਜਾਂਦੇ। ਅਸਲੋਂ ਕੰਮ ਦਾ ਬਾਹਲਾ ਚੱਸ ਸੀ ਬੀਬੀ ਨੂੰ। ਨਾ ਅੱਕਦੀ ਨਾ ਥੱਕਦੀ। ਤੜਕੇ ਤੋਂ ਆਥਣ ਤਾਈਂ ਭੰਮੀਰੀ ਬਣੀ ਫਿਰਦੀ। ਛੋਟਾ ਕਹੇ ਜਾਂ ਵੱਡਾ, ਕੰਮ ਛੁੱਤ। ਹਰ ਵੇਲੇ ਕਿਸੇ ਨਾ ਕਿਸੇ ਆਹਰੇ ਲੱਗੀ ਰਹਿੰਦੀ। ਘੱਟ ਬੋਲਣ ਤੇ ਹੱਡ-ਮਾਰਵਾਂ ਕੰਮ ਕਰਨ ਵਾਲੀ ਸਿਰੜੀ ਤੀਵੀਂ।
ਉਂਜ ਤਾਂ ਗੱਲਾਂ ਦੀ ਬਾਹਲੀ ਚੱਸ ਹੈ ਨਹੀਂ ਸੀ, ਪਰ ਜੇ ਕਦੇ ਗੱਲਾਂ ਕਰਨ ਬਹਿ ਜਾਂਦੀ ਤਾਂ ਦਿਲ ਖੋਲ੍ਹ ਕੇ ਅਗਲੀਆਂ-ਪਿਛਲੀਆਂ ਫਰੋਲ ਦਿੰਦੀ। ਨਾ ਆਪਣਿਆਂ ਦਾ ਪਰਦਾ ਨਾ ਬਿਗਾਨਿਆਂ ਦੀ ਲਿਹਾਜ। ਹਾਂ, ਵਿਹਲੜਾਂ ’ਤੇ ਬਾਹਲਾ ਹਰਖ਼ਦੀ ਹੁੰਦੀ। ਜਦ ਭਖ਼ੀ ਹੁੰਦੀ ਫੇਰ ਚੋਂਦੀਆਂ-ਚੋਂਦੀਆਂ ਗਾਲ੍ਹਾਂ ਦਿੰਦੀ, ਪਰ ਸ਼ਾਇਦ ਆਪਣੀ ਸੱਸ ਤੋਂ ਘੱਟ ਕੱਬੀ ਸੀ ਬੀਬੀ। ਸੱਸ ਨੂੰ ਜੈਬੋ ਆਂਹਦੇ ਸੀ ਤੇ ਬੀਬੀ ਉਹਨੂੰ ਕਹਿੰਦੀ ਹੁੰਦੀ ਅੰਮਾ। ਦੇਖੀ ਤਾਂ ਹੈ ਨਹੀਂ ਸੀ ਉਹ ਬੁੜ੍ਹੀ ਕਿਸੇ ਨੇ, ਪਰ ਕਹਿੰਦੇ ਬਈ ਅੰਮਾ ਜਿੰਨੀ ਰਕਾਨ ਤੇ ਅਣਖੀਲੀ ਸੀ, ਉਹ ਓਨੀ ਹੀ ਕੌੜ ਸੀ। ਬੀਬੀ ਦਾ ਪੂਰਾ ਲਾਹਾ ਲਿਆ ਉਹਨੇ। ਨਾਲੇ ਸਾਰਾ ਦਿਨ ਮੜ੍ਹ ਕਟਾਉਂਦੀ ਨਾਲ਼ੇ ਫੇਰ ਆਥਣੇ ਕੁੱਤਿਆਂ-ਬਿੱਲਿਆਂ ਵਿਚਦੀ ਬੀਬੀ ਦੇ ਜਣਨ ਆਲਿਆਂ ਨੂੰ ਗਾਲ੍ਹਾਂ ਕੱਢਦੀ। ਬੀਬੀ ਕੰਨੀਂ ਕੌੜਾ ਤੇਲ ਪਾ ਸਭ-ਕੁਝ ਸੁਣਦੀ ਰਹਿੰਦੀ, ਪਰ ਭੋਰਾ ਜ਼ਬਾਨਤਰਾਜ਼ੀ ਨਾ ਕਰਦੀ। ਸ਼ਾਇਦ ਇਸੇ ਲਈ ਜਦ ਅੰਮਾ ਮੰਜੇ ਨੂੰ ਆਣ ਲੱਗੀ ਸੀ ਉਦੋਂ ਬੀਬੀ ਨੂੰ ਅਕਸਰ ਕਹਿੰਦੀ ਹੁੰਦੀ, ‘‘ਮੁੰਨੀ, ਥੋੜ੍ਹਾ-ਬਹੁਤ ਘਿਓ ਰਲ਼ਾ ਕੇ ਖਾ ਲਿਆ ਕਰ ਕੁੜੇ। ਪਹਿਲਾਂ ਮੈਂ ਹੱਡ ਕੁਟਾਉਂਦੀ ਰਹੀ, ਹੁਣ ਤੈਨੂੰ ਤੁੜਾਉਂਦੀ ਨੂੰ ਕੈ ਵਰ੍ਹੇ ਹੋ ਗੇ। ਆਹ ਦਾਦੇ-ਮਗਾਉਣੇ ਬੰਦੇ... ਕਦੇ ਬਣੇ ਆ ਕਿਸੇ ਦੇ...?? ਕੋਈ ਪੁੱਛ ਨੀ ਤੀਮੀ ਦੀ। ਤੂੰ ਤਾਂ ਪਹਿਲਾਂ ਹੀ ਘਸੀ ਜੀ ਐਂ। ਡੰਗੋਰੀ ਨਾਲ ਤੁਰਨ ਜੋਗਰੀ ਤਾਂ ਰਹਿ ਜਾ।’’
‘‘ਲੈ ਅੰਮਾ ਜੀ, ਤਿੰਨ ਪੁੱਤ ਐ ਮੇਰੇ। ਸੁੱਖ ਨਾਲ ਪੋਤੇ ਪੋਤੀਆਂ ਵੀ ਹੋ ਜਾਣਗੇ। ਜਿਹਦੇ ਕੋਲ ਐਨੀ ਜਦਾਦ ਹੋਵੇ ਉਹਨੂੰ ਲੋੜ ਕੀ ਐ ਡੰਗੋਰੀ ਦੀ। ਜਿਉਂਦੇ ਵਸਦੇ ਰਹਿਣ।’’ ਬੀਬੀ ਨੇ ਕਹਿਣਾ।
ਹੋਰਾਂ ਜ਼ਨਾਨੀਆਂ ਵਾਂਗੂੰ ਬੀਬੀ ਦੀ ਚੁੰਨੀ ਗਲ ’ਚ ਨਹੀਂ ਸੀ ਹੁੰਦੀ। ਉਹ ਤਾਂ ਬੰਦਿਆਂ ਵਾਂਗੂੰ ਸਿਰ ’ਤੇ ਮੜ੍ਹਾਸਾ ਜਿਹਾ ਮਾਰੀ ਰੱਖਦੀ। ਜ਼ੋਰ ਬੰਦਿਆਂ ਵਾਲਾ ਤੇ ਸੁੱਘੜਤਾ ਤੀਵੀਆਂ ਵਾਲੀ। ਚੀੜ੍ਹੇ ਹੱਡ ਦੀ, ਬੰਦਿਆਂ ਵਰਗੀ ਜ਼ਨਾਨੀ। ਰੱਬ ਹੀ ਜਾਣੇ ਏਹ ਸੁਭਾਅ ਉਹਨੇ ਲਿਆ ਕਿੱਥੋਂ ਸੀ??
ਕਹਿੰਦੀ ਹੁੰਦੀ, ‘‘ਜਦੋਂ ਵਿਆਹ ਕੇ ਆਈ ਤੀ ਨਾ, ਬਾਪ ਮੇਰੇ ਨੇ 18 ਤੋਲ਼ੇ ਸਿਓਨਾ ਪਾਇਆ ਤੀ। ਨਾਲੇ ਫ਼ੌਜੀ ਨੂੰ ਸੈਂਕਲ ਅੱਡ। ਹੁਣ ਦੇਖ ਲਾ ਇੱਕ ਟੂਮ ਨੀ ਛੱਡੀ ਨਪੁੱਤਿਆਂ ਨੇ। ਸਾਰੀਆਂ ਖੋਰਤੀਆਂ।’’ ਵਿਚਾਰੀ ਬਾਪ ਦੇ ਦਾਬੇ ’ਚੋਂ ਨਿਕਲ ਕੇ ਆਈ ਸੀ ਤੇ ਗਹਾਂ ਆਦਮੀ ਟੱਕਰਿਆ, ਉਹ ਪਿਉ ਤੋਂ ਵੀ ਦੋ ਰੱਤੀ ਉੱਤੇ। ਲੋਕ ਤੜਕੇ ਉੱਠ ਕੇ ਪਾਠ ਕਰਦੇ ਐ ਤੇ ਓਸ ਭਲੇ ਮਾਣਸ ਨੂੰ ਉਦੋਂ ਤਾਈਂ ਚਾਹ ਸੁਆਦ ਨਹੀਂ ਸੀ ਲੱਗਦੀ ਜਦ ਤੱਕ ਲਾ- ਵਾਢਿਓਂ ਕੱਲੇ-ਕੱਲੇ ਜੀਅ ’ਤੇ ਗਾਲ੍ਹ ਨਾ ਵਰ੍ਹਾ ਦਵੇ। ਅਗਲਾ ਨੇਵੀ ’ਚੋਂ ਰਿਟਾਇਰ ਸੀ। ਮਾੜੀ ਮੋਟੀ ਹੈਂਕੜ ਤਾਂ ਫੇਰ ਹੁੰਦੀ ਓ ਐ ਫ਼ੌਜੀਆਂ ’ਚ। ਫ਼ੌਜੀ ਬਾਰਾ ਸਿਹੁੰ ਤੋਂ ਖਪੀ ਹੋਈ ਕਹਿੰਦੀ, ‘‘ਆ ਦਾਰੂ ਤਾਂ ਜੈ ਵੱਢੀ, ਬੰਦੇ ’ਚੋਂ ਬੰਦਾ ਕੱਢ ਲੈਂਦੀ ਐ। ਮਗਰ ਰਹਿ ਜਾਂਦਾ ਕਲਬੂਤ। ਜੋ ਨਾ ਆਵਦੇ ਜੋਗਰਾ, ਨਾ ਕਿਸੇ ਹੋਰ ਜੋਗਰਾ। ਆਹ ਤੇਰਾ ਭਾਪਾ ਦੇਖ ਲਾ ਜਮਦੂਤ ਬਣ ਜਾਂਦੈ ਪੀ ਕੇ।’’ ਫੇਰ ਮਲ਼ਵੀਂ ਜੀਭ ਨਾਲ ਆਪ ਹੀ ਕਹਿੰਦੀ, ‘‘ਊਂ ਬੰਦਾ ਨੀ ਮਾੜਾ ਐਨਾ। ਬਸ ਆਹ ਪੀਣੀ ਓ ਮਾੜੀ ਆ ਏਹਦੀ।’’ ਆਪਣੇ ਘਰਵਾਲੇ ਬਾਰੇ ਗੱਲ ਕਰਦੀ ਉਹ ਅਕਸਰ ‘ਤੇਰਾ ਭਾਪਾ’ ਕਹਿ ਕੇ ਹੀ ਸੰਬੋਧਨ ਕਰਦੀ।
ਤਿੰਨ ਮੁੰਡੇ ਸੀ ਬੀਬੀ ਦੇ ਤੇ ਤਿੰਨ ਹੀ ਕੁੜੀਆਂ ਪਾਲੋ, ਬਬਲੀ ਤੇ ਜੀਤਾਂ। ਜੇਠੇ ਦਾ ਨਾਉਂ ਕਰਤਾਰ, ਗਬ੍ਹਲਾ ਜਗਤਾਰ ਤੇ ਸਭ ਤੋਂ ਛੋਟਾ ਨੱਥਾ। ਕੁੜੀਆਂ ਲਾਇਕ ਸਨ, ਕਹਿਣੇ ’ਚ ਸਨ। ਦਸ-ਦਸ ਪੜ੍ਹਾਈਆਂ ਤੇ ਸਿਲਾਈ ਕਢਾਈ ਦੇ ਕੋਰਸ ਕਰਵਾ ਦਿੱਤੇ। ਫੇਰ ਭਾਗਾਂ ਨੂੰ ਚੰਗੇ ਘਰ ਟੱਕਰਗੇ ਤੇ ਹੁਣ ਸੁਖੀ ਨੇ ਆਪੋ-ਆਪਣੀ ਥਾਵੇਂ। ਕਰਤਾਰ ਰੇਲਵੇ ’ਚ ਹੋ ਗਿਆ ਸੀ ਤੇ ਨੱਥਾ ਬੈਂਕ ’ਚ। ਦੋਵੇਂ ਆਪਣੇ ਟੱਬਰ ਲੈ ਕੇ ਸ਼ਹਿਰ ਜਾ ਵੜੇ ਸੀ। ਬੀਬੀ ਹੁਣ ਗਬ੍ਹਲੇ ਜਗਤਾਰ ਦੇ ਪਰਨੇ ਪੈਗੀ। ਨਾ ਕੋਈ ਕੰਮ ਸਿੱਖਿਆ, ਨਾ ਪੜ੍ਹਿਆ ਤੇ ਨਾ ਨੌਕਰੀ। ਸਿਰੇ ਦਾ ਸ਼ਰਾਬੀ ਤੇ ਵਿਹਲੜ ਕਿਸੇ ਥਾਂ ਦਾ। ਪਿਉ ਦੀ ਪੈਨਸ਼ਨ ਉਡੀਕਦਾ ਰਹਿੰਦਾ ਜਾਂ ਫੇਰ ਦੁੱਧ ਪਾ ਕੇ ਵੱਟੇ ਹੋਏ ਬੀਬੀ ਦੇ ਪੈਸੇ। ਨਿੱਤ ਕਲੇਸ਼ ਕਰਦਾ। ਕਹਿਣ ਨੂੰ ਤਾਂ ਬੀਬੀ 6 ਜਵਾਕਾਂ ਤੇ 14 ਦੋਹਤੇ-ਪੋਤਿਆਂ ਵਾਲੀ ਸੀ, ਪਰ ਸ਼ਾਇਦ ਉਹਦੇ ਕੋਲ ਬੈਠਣ ਦਾ ਸਮਾਂ ਕਿਸੇ ਕੋਲ ਨਹੀਂ ਸੀ।
ਨਿਗ੍ਹਾ ਖਾਸੀ ਘੱਟ ਸੀ, ਕਾਲਾ ਮੋਤੀਆ ਪੱਕਿਆ ਹੋਇਆ ਸੀ। ਪਰ ਅਪਰੇਸ਼ਨ ਤੋਂ ਜਰਕਦੀ ਕਹਿੰਦੀ ਹੁੰਦੀ, ‘‘ਨਾ ਭਾਈ, ਜਿੰਨੇ ਅੰਗ ਦੇ ਕੇ ਤੋਰਿਆ ਤੀ ਰੱਬ ਨੇ, ਓਨੇ ਹੀ ਮੋੜ ਦੇਣੇ ਆ ਆਪਾਂ ਜਾ ਕੇ। ਜੇ ਡਾਕਟਰਾਂ ਨੇ ਕੋਈ ਵਾਧਾ-ਘਾਟਾ ਕਰਤਾ ਤਾਂ ਮੇਰੀ ਤਾਂ ਮੁਕਤੀ ਨਈਂ ਹੋਣੀ। ਕਿਹੜਾ ਭਟਕੂ ਰੋਹੀਆਂ ’ਚ। ਦੱਬ-ਘੁੱਟ ਕੇ ਹੀ ਸਾਰ ਲਾਂਗੇ।’’
ਜਦੋਂ ਪਿੰਡ ’ਚ ਬੱਤੀ ਵਗ ਜਾਣੀ ਤਾਂ ਸਭ ਨੇ ਆਪੋ-ਆਪਣੀਆਂ ਪੀੜ੍ਹੀਆਂ-ਪਟੜੇ ਲੈ ਕੇ ਬੀਹੀਆਂ ਵਿੱਚ ਆ ਬਹਿਣਾ। ਬੀਬੀ ਮਾਮ-ਦਸਤਾ ਚੁੱਕ ਲਿਆਉਂਦੀ ਤੇ ਬਹਿ ਜਾਂਦੀ ਮਸਾਲਾ ਕੁੱਟਣ। ਅਖੇ, ‘‘ਜੱਗੀ ਦਾ ਭਾਪਾ ਮਿਰਚ-ਮਸਾਲੇ ਆਲਾ ਦਹੀਂ ਬਾਹਲੇ ਸ਼ੌਕ ਨਾਲ ਖਾਂਦੈ। ਹੱਡ-ਗੋਡਿਆਂ ਦਾ ਤਾਂ ਚੱਲਦਿਆਂ ਦਾ ਹੀ ਭਾਅ ਹੁੰਦੈ ਬੀਰ। ਨਾਲੇ ਬਹਿ ਕੇ ਕੰਮ ਕਰਨ ’ਚ ਕਿਹੜਾ ਜ਼ੋਰ ਲੱਗਦੈ। ਚਾਹੇ ਸਾਰੀ ਰਾਤ ਮੂੰਗਲੀ ਖੜਕਾਈ ਚੱਲੋ। ਕੰਮ ਵੀ ਹੋ ਜਾਂਦਾ ਤੇੇ ਗੱਲਾਂ ਵੀ।’’ ਫੇਰ ਆਪ ਹੀ ਮੂੰਹ ’ਤੇ ਚੁੰਨੀ ਧਰ ਕੇ ਹੱਸ ਪੈਂਦੀ। ਕੰਮ ਹੀ ਉਹਦੀ ਤਬੀਅਤ ਸੀ।
ਸਾਲ ਲੰਘਦੇ ਗਏ, ਬੀਬੀ ਹੋਰ ਬਿਰਧ ਹੁੰਦੀ ਗਈ। ਪਰ ਪੋਤੇ-ਪੋਤੀਆਂ ਦਾ ਹੇਜ ਜਵਾਨ ਹੋ ਰਿਹਾ ਸੀ ਉਹਦੇ ਅੰਦਰ। ਸ਼ਾਇਦ ਉਹਨੂੰ ਲੱਗਦਾ ਸੀ ਬਈ ਕੋਈ ਨਾ ਕੋਈ ਮੇਰੀ ਡੰਗੋਰੀ ਜ਼ਰੂਰ ਬਣੇਗਾ। ਰੱਬ ਪਤਾ ਨਹੀਂ ਕੀ ਚਾਹੁੰਦਾ ਸੀ। ਗੱਬ੍ਹਲੀ ਨੂੰਹ ਦਾ ਪਾਸਾ ਖੜ੍ਹ ਗਿਆ। ਵਿਚਾਰੀ ਊਣੀ ਹੋ ਗੀ ਸੀ ਤੇ ਬੀਬੀ ਦਾ ਕੰਮ ਦੂਣਾ ਹੋ ਗਿਆ। ਇਸੇ ਨੂੰਹ ਦੀ ਕੁੜੀ ਜਾਣੀ ਬੀਬੀ ਦੀ ਪੋਤੀ ਕਿਸੇ ਉਲੱਥ ਜਿਹੇ ਨਾਲ ਉੱਧਲਗੀ। ਵੱਡਾ ਪੋਤਾ ਟਰੱਕ ’ਤੇ ਜਾ ਚੜ੍ਹਿਆ। ਦੋ-ਤਿੰਨ ਮਹੀਨਿਆਂ ਬਾਅਦ ਘਰੇ ਮੁੜਦਾ। ਰਾਤ ਕੱਟਦਾ। ਪੁਰਾਣੇ ਲੀੜੇ ਧਰ ਜਾਂਦਾ ਧੋਣ ਲਈ ਤੇ ਧੋਤੇ ਹੋਏ ਬੈਗ ’ਚ ਤੁੰਨ ਕੇ ਬਿਨਾਂ ਚਾਹ-ਪਾਣੀ ਪੀਤਿਆਂ ਮੂੰਹ ਹਨੇਰੇ ਹੀ ਨਿਕਲ ਜਾਂਦਾ। ਨਾ ਹੋਇਆਂ ਜਿਹਾ। ਜਮਾਂ ਵਾਹਣ ਦੇ ਡਲ਼ਾ। ਸਭ ਤੋਂ ਛੋਟਾ ਮੀਤਾ, ਸੁਲਫਾ ਪੀਣੇ ਸਾਧਾਂ ਨਾਲ ਹੋ ਤੁਰਿਆ। ਪਿੰਡੋਂ ਕਈ ਮੀਲ ਦੂਰ ਕਿਸੇ ਟਿੱਲੇ ’ਤੇ ਰਹਿੰਦਾ। ਕਹਿੰਦੇ ਕਿਸੇ ਛੁੱਟੜ ’ਤੇ ਚਾਦਰ ਵੀ ਪਾ ਲਈ ਸੀ ਉਹਨੇ।
ਫ਼ੌਜੀ ਵੀ ਕੂਚ ਕਰ ਗਿਆ ਸੀ ਹੁਣ। ਜਿਉਂਦੇ-ਜੀਅ ਚਾਹੇ ਉਹਨੇ ਬੀਬੀ ਦੀ ਬਾਤ ਨਹੀਂ ਸੀ ਪੁੱਛੀ, ਪਰ ਬੀਬੀ ਤੋਂ ਫ਼ੌਜੀ ਦਾ ਤੁਰ ਜਾਣਾ ਝੱਲਿਆ ਨਹੀਂ ਸੀ ਗਿਆ। ਬਾਹਲਾ ਰੋਈ ਸੀ ਬੀਬੀ ਓਦਣ। ਜਾਇਦਾਦ ਦੀ ਵੰਡੀ ਪੈ ਗਈ। ਐਡੇ ਖੁੱਲ੍ਹੇ-ਡੁੱਲ੍ਹੇ ਮਕਾਨ ਦੇ ਵਿਚਾਲੇ ਕੱਢੀਆਂ ਤਿੰਨ ਕੰਧਾਂ ਬੀਬੀ ਦੇ ਕਾਲਜੇ ’ਚੋਂ ਹੋ ਕੇ ਲੰਘੀਆਂ ਸਨ। ਡੰਗਰ ਵੀ ਵਿਕ ਗਏ ਤੇ ਹੁਣ ਔਲਾਦ ਨੇ ਬੀਬੀ ਜਮ੍ਹਾਂ ਵਿਹਲੀ ਕਰ ਦਿੱਤੀ ਸੀ। ਕੰਧ ਕਰਨ ਆਇਆ ਸਰਜੀਤ ਮਿਸਤਰੀ, ਜੋ ਬੀਬੀ ਦੇ ਪੇਕੇ ਪਿੰਡ ਦਾ ਦੋਹਤਾ ਸੀ, ਖਾਸਾ ਟੈਮ ਦਿਹਲੀਆਂ ’ਤੇ ਉਦਾਸ ਬੈਠਾ ਰਿਹਾ। ਫੇਰ ਬੀਬੀ ਦੇ ਪੈਰਾਂ ਕੋਲ ਆ ਕੇ ਕੰਬਦੀ ਆਵਾਜ਼ ’ਚ ਕਹਿੰਦਾ, ‘‘ਮਾਸੀ, ਕਿਉਂ ਪਾਪ ਕਰਾਉਂਦੇ ਹੋ ਮੈਥੋਂ...? ਕਿਸੇ ਹੋਰ ਨੂੰ ਸੱਦ ਲੈਂਦੇ।’’
‘‘ਆਹੋ... ਭਾਈ, ਮੈਂ ਹੀ ਪਾਪਣ ਆਂ। ਕੋਈ ਗੈਂ ਮਾਰੀ ਹੋਣੀ ਐ ਪਿਛਲੇ ਜਨਮ। ਤਾਂਹੀਓ ਭੋਗਣ ਲੱਗੀ ਹੋਈ ਆਂ,’’ ਕਹਿੰਦੀ ਬੀਬੀ ਦਾ ਗੱਚ ਭਰ ਆਇਆ ਸੀ ਤੇ ਸਰਜੀਤ ਵੀ ਕਿੰਨਾ ਚਿਰ ਡੁਸਕਦਾ ਰਿਹਾ ਸੀ।
ਘਰ ’ਚ ਹੁਣ ਬੀਬੀ ਤੇ ਗੱਬ੍ਹਲਾ ਜਗਤਾਰ ਸੀ। ਜਗਤਾਰ ਨੂੰ ਬੱਸ ਬੀਬੀ ਦੀ ਪੈਨਸ਼ਨ ਤੱਕ ਮਤਲਬ ਸੀ। ਉਹਦੇ ਭਾਅ ਦੀ, ਬੀਬੀ ਕੱਲ੍ਹ ਮਰਦੀ, ਅੱਜ ਮਰ ਜਵੇ। ਜਮਾਂ ਨਿਰਮੋਹਾ। ਨਿੱਤ ਦਾਰੂ ਪੀ ਕੇ ਆਉਂਦਾ, ਬੀਬੀ ਨੂੰ ਕੁੱਟਦਾ-ਮਾਰਦਾ, ਗਾਲ੍ਹਾਂ ਕੱਢਦਾ ਤੇ ਤੜਕੇ ਉਸੇ ਮੂੰਹ ਨਾਲ ਉਸੇ ਮਾਂ ਤੋਂ ਰੋਟੀ ਮੰਗ ਕੇ ਖਾਂਦਾ। ਬੰਦਿਆਂ ਵਾਲੇ ਕਣ ਤਾਂ ਜਿਵੇਂ ਮੁੱਕ ਹੀ ਗਏ ਸੀ ਉਹਦੇ ’ਚੋਂ। ਪਰ ਬੀਬੀ ਮੱਥੇ ਵੱਟ ਨਾ ਪਾਉਂਦੀ ਤੇ ਤੱਤੀਆਂ-ਤੱਤੀਆਂ ਖਵਾਉਂਦੀ ਉਹਨੂੰ। ਚਿਰਾਂ ਤੋਂ ਲਿੱਪੀ ਕੰਧੋਲੀ ਤੋਂ ਕਿਰਦੀਆਂ ਪੇਪੜੀਆਂ ਵਾਂਗੂੰ ਬੀਬੀ ਵੀ ਹੁਣ ਟੁੱਟ ਕੇ ਕਿਰਨ ਲੱਗ ਪਈ ਸੀ। ਬੰਦਿਆਂ ਵਾਲੀ ਜੂਨ ਥੋੜ੍ਹਾ ਰਹਿ ਗਈ ਸੀ ਉਹਦੀ। ਕਿੰਨਾ-ਕਿੰਨਾ ਚਿਰ ’ਕੱਲੀ ਬੈਠੀ ਘਰ ਦੀਆਂ ਛੱਤਾਂ ਦੇਖੀ ਜਾਂਦੀ। ਚੁੱਪ-ਗੜੁੱਪ, ਜਿਵੇਂ ਕੋਈ ਕਸਰ ਵਾਲਾ ਜੀਅ ਹੋਵੇ। ਉਹਦੀ ਸੱਤਿਆ ਮੁੱਕਦੀ ਜਾ ਰਹੀ ਸੀ।
ਫੇਰ ਇੱਕ ਦਿਨ ਪਾਲੋ ਆਈ ਤੇ ਬੀਬੀ ਨੂੰ ਆਪਣੇ ਸਹੁਰਿਆਂ ਨੂੰ ਲੈ ਗਈ। ਪਾਲੋ ਦਾ ਘਰ ਵਾਲਾ ਵਲਾਇਤ ਰਹਿੰਦਾ ਸੀ। ਜਵਾਕ ਉਡਾਰ ਸੀ ਤੇ ਪਾਲੋ ਦੇ ਕਹਿਣੇ ’ਚ ਸੀ। ਬੀਬੀ ਉੱਥੇ ਖ਼ੁਸ਼ ਸੀ ਹੁਣ। ਬੀਬੀ ਨੂੰ ਲੱਗਿਆ ਜਿਵੇਂ ਮੁੜ ਹਰੀ ਹੋਣ ਲੱਗ ਪਈ ਹੋਵੇ। ਪਰ ਸੱਚ ਹੌਲੀ-ਹੌਲੀ ਸਾਹਮਣੇ ਆ ਖੜ੍ਹਿਆ। ਬੀਬੀ ਦੀ ਪੈਨਸ਼ਨ ਵਾਸਤੇ ਪਾਲੋ ਦੀ ਲਲਕ ਬਾਹਲਾ ਚਿਰ ਗੁੱਝੀ ਨਾ ਰਹਿ ਸਕੀ ਤੇ ਬੀਬੀ ਲਈ ਡੰਗੋਰੀ ਫੇਰ ਜਾਂਦੀ ਰਹੀ।
ਕਦੇ ਨਿਆਣਿਆਂ ਦਾ ਝੁਰਮਟ ਹੁੰਦਾ ਸੀ, ਹੁਣ ਸੁੰਨ-ਸਰਾਂ ਦਾ ਪਹਿਰਾ ਹੁੰਦਾ ਬੀਹੀ ’ਚ। ਕੋਈ ਨਹੀਂ ਦਿਸਦਾ। ਜਿਵੇਂ ਬੀਹੀ ਉੱਜੜ ਗਈ ਹੋਵੇ। ਹਾਂ, ਸੱਚ ਐ, ਉੱਜੜ ਹੀ ਗਈ। ਬਾਹਲੇ ਵਿਦੇਸ਼ਾਂ ਨੂੰ ਤੁਰ ਗਏ ਤੇ ਕਈ ਨੌਕਰੀ ਦੇ ਚੱਕਰਾਂ ’ਚ ਸ਼ਹਿਰੀਂ ਜਾ ਵੜੇ। ਬੀਹੀ ਮੁੱਢ, ਬੀਬੀ ਦਾ ਘਰ। ਤਿੰਨ ਹਿੱਸਿਆਂ ’ਚ ਵੰਡਿਆ ਘਰ ਦਿਸ ਰਿਹਾ ਹੈ, ਪਰ ਕਿਸੇ ਵੀ ਹਿੱਸੇ ’ਚ ਬੀਬੀ ਨਹੀਂ ਦਿਸ ਰਹੀ। ਜਿਵੇਂ ਡੰਗੋਰੀ ਭਾਲ਼ਦੀ-ਭਾਲ਼ਦੀ ਕਿਤੇ ਦੂਰ ਲੰਘ ਗਈ ਹੋਵੇ।
ਸੰਪਰਕ: 81968-21300

Advertisement

Advertisement