ਇਸਾਈਆਂ ’ਚ ਸੰਘ ਪਰਿਵਾਰ ਦੀ ‘ਦਿਲਚਸਪੀ’ ਦੇ ਖ਼ਤਰੇ
ਜੂਲੀਓ ਰਬਿੈਰੋ
ਬੌਂਬੇ ਕੈਥੋਲਿਕ ਸਭਾ ਦੇ ਸੂਤਰਾਂ ਤੋਂ ਮੈਨੂੰ ਪਤਾ ਲੱਗਿਆ ਕਿ ਜੋ ਲੋਕ ਮੇਰੇ ਜੱਦੀ ਸੂਬੇ ਮਹਾਰਾਸ਼ਟਰ ਨੂੰ ਚਲਾ ਰਹੇ ਹਨ, ਉਨ੍ਹਾਂ ਲਈ ਇਸਾਈ ਅਚਾਨਕ ਹੀ ‘ਦਿਲਚਸਪੀ’ ਦਾ ਸਬੱਬ ਬਣ ਗਏ ਹਨ। ਮੇਰੇ ਇਸ ਸ਼ਹਿਰ ਲਈ ਇਹ ਇੱਕ ਨਵਾਂ ਵਰਤਾਰਾ ਹੈ। ਮੁੰਬਈ ਵਿੱਚ ਰਹਿੰਦਿਆਂ ਮੈਂ ਆਪਣੀ ਜ਼ਿੰਦਗੀ ਦੇ 95 ਸਾਲਾਂ ਵਿੱਚੋਂ ਜ਼ਿਆਦਾਤਰ ਬਿਨਾਂ ਕਿਸੇ ਚਿੰਤਾ ਦੇ ਗੁਜ਼ਾਰੇ ਹਨ। ਅਸਲ ’ਚ ਦੇਖਿਆ ਜਾਵੇ ਤਾਂ ਜਦ ਸਾਡੇ ਹਰਮਨ ਪਿਆਰੇ ਪ੍ਰਧਾਨ ਮੰਤਰੀ ਨੇ ਇਸਾਈ ਭਾਈਚਾਰੇ ਦੇ ਆਗੂਆਂ ਨੂੰ ਦਿੱਲੀ ਆਪਣੀ ਰਿਹਾਇਸ਼ ’ਤੇ ਮਿਲਣ ਲਈ ਸੱਦਿਆ ਤਾਂ ਸਥਾਨਕ ਇਸਾਈ ਯਕਦਮ ਉਤਸ਼ਾਹ ਨਾਲ ਭਰ ਗਏ ਸਨ। ਮੁੰਬਈ ਦੇ ਮੁੱਖ ਪਾਦਰੀ ਓਸਵਾਲਡ ਕਾਰਡੀਨਲ ਗ੍ਰਾਸੀਅਸ ਵੀ ਸੱਦੇ ’ਤੇ ਰਾਜਧਾਨੀ ਪਹੁੰਚੇ। ਮੁੰਬਈ ਦੇ ਸੱਤ ਇਲਾਕਿਆਂ ਵਿੱਚ ਰਹਿੰਦੇ ਕੈਥੋਲਿਕਾਂ ਨੇ ਕੈਥੋਲਿਕ ਸਭਾ ਦੇ ਆਗੂਆਂ ਨੂੰ ਦੱਸਿਆ ਕਿ ਰਾਖਵਾਂਕਰਨ ਚਾਹੁਣ ਵਾਲੇ ਮਰਾਠਾ ਸਮਾਜ ਦੇ ਮੈਂਬਰਾਂ (ਜੋ ਕਿ ਹੇਠਲੇ ਵਰਗ ਕੁਨਬੀ ਨੂੰ ਅਪਣਾਉਣ ਲਈ ਤਿਆਰ ਹਨ) ਦੀ ਗਿਣਤੀ ਕਰਨ ਵਾਲੇ ਸਰਕਾਰੀ ਅਧਿਕਾਰੀ ਇਸਾਈਆਂ ਨੂੰ ਵੀ ਉਨ੍ਹਾਂ ਵੱਲੋਂ ਆਪਣਾ ਧਰਮ ਬਦਲਣ ਦੀਆਂ ਤਰੀਕਾਂ ਅਤੇ ਵਰਣ ਵਿਵਸਥਾ ’ਚ ਉਨ੍ਹਾਂ ਦੀ ਮੂਲ ਜਾਤੀ ਬਾਰੇ ਪੁੱਛ ਰਹੇ ਹਨ। ਉਨ੍ਹਾਂ ਨੂੰ ਅਜਿਹੇ ਸਵਾਲ ਪੁੱਛਣ ਲਈ ਕਿਸ ਨੇ ਤੇ ਕਿਉਂ ਕਿਹਾ ਹੈ? ਸਰਕਾਰੀ ਨੌਕਰੀਆਂ ਤੇ ਉੱਚ ਸਿੱਖਿਆ ਸੰਸਥਾਵਾਂ ’ਚ ਦਾਖਲਿਆਂ ਵਿੱਚ ਮਰਾਠਿਆਂ ਵੱਲੋਂ ਮੰਗੇ ਜਾ ਰਹੇ ਰਾਖਵੇਂਕਰਨ ਨਾਲ ਸ਼ਹਿਰ ਵਿੱਚ ਰਹਿ ਰਹੇ ਇਸਾਈਆਂ ਨਾਲ ਕੀ ਲੈਣਾ-ਦੇਣਾ ਹੈ? ਮੁੰਬਈ ਵਿੱਚ, ਕੁਨਬੀ (ਕਿਸਾਨ), ਭੰਡਾਰੀ (ਤਾੜੀ ਕੱਢਣ ਵਾਲੇ), ਆਗਰੀ (ਨਮਕ ਕੱਢਣ ਵਾਲੇ ਕਾਮੇ) ਤੇ ਕੋਲੀ (ਮੱਛੀ ਫੜਨ ਵਾਲੇ) ਲੋਕਾਂ, ਜਿਨ੍ਹਾਂ ਨੂੰ ਚਾਰ ਸਦੀਆਂ ਜਾਂ ਉਸ ਤੋਂ ਵੀ ਪਹਿਲਾਂ ਇਨ੍ਹਾਂ ਦੇ ਇਲਾਕਿਆਂ ਉੱਤੇ ਕਬਜ਼ਾ ਕਰਨ ਵਾਲੇ ਪੁਰਤਗਾਲੀਆਂ ਨੇ ਇਸਾਈ ਬਣਾਇਆ ਸੀ, ਨੂੰ ਇਸਾਈ ਨਾਮ ਤੇ ਨਾਲ ਹੀ ਬਪਤਿਸਮਾ ਦੇਣ ਵਾਲੇ ਪੁਰਤਗਾਲੀ ਪਾਦਰੀਆਂ ਦੇ ਉਪਨਾਮ ਦਿੱਤੇ ਗਏ ਸਨ। ਮੁੰਬਈ ਵਿੱਚ ਬਹੁਤੇ ਕੈਥੋਲਿਕਾਂ ਨੂੰ ਅੱਜ ਇਹ ਨਹੀਂ ਪਤਾ ਕਿ ਉਨ੍ਹਾਂ ਨੂੰ ਇਹ ਵਿਦੇਸ਼ੀ ਉਪਨਾਮ ਕਿਵੇਂ ਮਿਲੇ ਸਨ, ਪਰ ਉਨ੍ਹਾਂ ਨੂੰ ਆਪਣੀਆਂ ਅਸਲ ਹਿੰਦੂ ਜਾਤੀਆਂ ਬਾਰੇ ਪਤਾ ਹੈ। ਇਹੀ ਗੱਲ ਉਨ੍ਹਾਂ ਗੋਆ ਤੋਂ ਆਏ ਤੇ ਮੰਗਲੌਰੀਆਂ ਉੱਤੇ ਵੀ ਲਾਗੂ ਹੁੰਦੀ ਹੈ ਜਿਨ੍ਹਾਂ ਦੇ ਬਾਕੀ ਬਚੀ ਸਥਾਨਕ ਇਸਾਈ ਆਬਾਦੀ ’ਚ ਮੇਰੇ ਵਾਂਗ ਪੁਰਤਗਾਲੀ ਉਪਨਾਮ ਹਨ। ਮਰਾਠੀ-ਭਾਸ਼ਾਈ ਸਥਾਨਕ ਕੈਥੋਲਿਕਾਂ ਨੂੰ ‘ਈਸਟ ਇੰਡੀਆ ਕੰਪਨੀ’ ਕਰਕੇ ‘ਈਸਟ ਇੰਡੀਅਨ’ ਕਿਹਾ ਜਾਂਦਾ ਹੈ ਜਿੱਥੇ ਬਸਤੀਵਾਦੀ ਸਮਿਆਂ ’ਚ ਇਨ੍ਹਾਂ ਵਿੱਚੋਂ ਕਈਆਂ ਨੇ ਕੰਮ ਕੀਤਾ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੁਨਬੀ, ਭੰਡਾਰੀ, ਆਗਰੀ ਤੇ ਕੋਲੀ ਵਰਗਾਂ ਨਾਲ ਸਬੰਧਤ ਸਨ। ਇਸ ਲਈ ਮਹਾਰਾਸ਼ਟਰ ਸਰਕਾਰ ਨੇ ਇਨ੍ਹਾਂ ਨੂੰ ਦੋ-ਤਿੰਨ ਦਹਾਕੇ ਪਹਿਲਾਂ ਓਬੀਸੀ ਦਰਜਾ ਦੇ ਦਿੱਤਾ ਸੀ। ਸਾਡੇ ਪੂਰਵਜਾਂ ਨੇ ਚਾਰ ਸਦੀਆਂ ਪਹਿਲਾਂ ਧਰਮ ਬਦਲ ਲਿਆ ਸੀ। ਇਸ ਦੇ ਬਾਵਜੂਦ ਮੇਰੀ ਪੀੜ੍ਹੀ ਤੱਕ ਵੀ ਵਿਆਹ ਸਾਡੀਆਂ ਪੁਰਾਣੀਆਂ ਹਿੰਦੂ ਜਾਤੀਆਂ ਤੋਂ ਬਾਹਰ ਬਹੁਤ ਘੱਟ ਹੀ ਹੁੰਦੇ ਸਨ। ਪਰ ਕੀ ਮਹਾਰਾਸ਼ਟਰ ਸਰਕਾਰ ਇਹ ਸਵਾਲ ਮੁੜ ਨਜ਼ਰਸਾਨੀ ਜਾਂ ਸ਼ਾਇਦ ਇਤਿਹਾਸ ’ਤੇ ਮੁੜ ਝਾਤ ਮਾਰਨ ਲਈ ਪੁੱਛ ਰਹੀ ਹੈ ਜਾਂ ਕੀ ਇਹ ਮੁੰਬਈ ਦੇ ‘ਈਸਟ ਇੰਡੀਅਨਾਂ’ ਵਿੱਚੋਂ ਉਨ੍ਹਾਂ ਨੂੰ ਰਾਖਵਾਂਕਰਨ ਦੇਣਾ ਚਾਹੁੰਦੀ ਹੈ ਜੋ ਮੁੱਢਲੇ ਤੌਰ ’ਤੇ ਮਰਾਠਾ ਭਾਈਚਾਰੇ ਨਾਲ ਸਬੰਧ ਰੱਖਦੇ ਹਨ? ਅਜਿਹੀ ਪੁੱਛਗਿੱਛ ਲਈ ਸਰਕਾਰ ਭਾਵੇਂ ਜੋ ਵੀ ਕਾਰਨ ਦੇਵੇ, ਇਸ ਨਾਲ ਭਾਈਚਾਰੇ ਦੇ ਉਨ੍ਹਾਂ ਲੋਕਾਂ ਅੰਦਰ ਬੇਚੈਨੀ ਦਾ ਮਾਹੌਲ ਬਣਦਾ ਹੈ ਜਿਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਅਜਿਹੇ ਸਵਾਲ ਉਨ੍ਹਾਂ ਤੋਂ ਪੁੱਛੇ ਜਾਣ ਬਾਰੇ ਪਤਾ ਲੱਗਦਾ ਹੈ। ਇੱਕ ਸਿਆਸੀ ਤੌਰ ’ਤੇ ਤਾਕਤਵਰ ਵਰਗ ਲਈ ਰਾਖਵਾਂਕਰਨ ਮੰਗ ਰਹੇ ਮਨੋਜ ਜਾਰੰਗੇ ਪਾਟਿਲ ਦੇ ਬਰਾਬਰ ਦਾ ਕੋਈ ਇਸਾਈ ਨਹੀਂ ਹੈ ਜਿਸ ਦਾ ਇੱਕ ਸਾਧਾਰਨ ਜਿਹਾ ਕਾਰਨ ਹੈ ਕਿ ਇੱਥੇ ਇਸਾਈਆਂ ਵਿੱਚ ਅਜਿਹਾ ਕੋਈ ਵਰਗ ਨਹੀਂ ਹੈ। ਇਸਾਈਆਂ ਨੂੰ ਨਿਸ਼ਾਨਾ ਬਣਾਉਣ ਬਾਰੇ ਇੱਕ ਹੋਰ ਪ੍ਰੇਸ਼ਾਨ ਕਰਨ ਵਾਲੀ, ਅਸਲ ’ਚ ਡਰਾਉਣੀ ਕਹਾਣੀ ਅਸਾਮ ਤੋਂ ਸਾਹਮਣੇ ਆ ਰਹੀ ਹੈ। ਉਸ ਸੂਬੇ ’ਚ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਸੱਤਾ ਹੈ ਜੋ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਨਜ਼ਰਅੰਦਾਜ਼ ਕੀਤੇ ਜਾਣ ’ਤੇ 2015 ਵਿੱਚ ਭਾਜਪਾ ’ਚ ਸ਼ਾਮਲ ਹੋਏ ਸਨ। ਗੁਹਾਟੀ ਵਿਚਲੇ ਸੰਘ ਪਰਿਵਾਰ ਦੇ ਸਮਰਥਕਾਂ ਨੇ ਉੱਥੇ ਕੈਥੋਲਿਕ ਸਕੂਲਾਂ ਵਿੱਚ ਜਾ ਕੇ ਪਾਦਰੀਆਂ ਤੇ ਇਸਾਈ ਸਾਧਵੀਆਂ (ਨਨਾਂ) ਨੂੰ ਜ਼ੁਬਾਨੀ ਰਵਾਇਤੀ ਧਾਰਮਿਕ ਪੁਸ਼ਾਕਾਂ ਨਾ ਪਾਉਣ ਦਾ ਹੁਕਮ ਸੁਣਾਇਆ ਸੀ ਕਿਉਂਕਿ ਉਨ੍ਹਾਂ (ਸੰਘ ਕਾਰਕੁਨਾਂ) ਨੂੰ ਲੱਗਦਾ ਸੀ ਕਿ ਅਜਿਹੀਆਂ ਪੁਸ਼ਾਕਾਂ ਨੌਜਵਾਨ ਹਿੰਦੂ ਵਿਦਿਆਰਥੀਆਂ ਨੂੰ ਇਸਾਈ ਧਰਮ ਅਪਣਾਉਣ ਲਈ ਲਲਚਾ ਸਕਦੀਆਂ ਹਨ। ਮੈਂ ਮੁੰਬਈ ਦੇ ‘ਜੀਸੁਇਟ’ (ਸੁਸਾਇਟੀ ਆਫ ਜੀਸਸ) ਸਕੂਲ ’ਚ ਅੱਠ ਸਾਲ ਪੜ੍ਹਿਆ ਹਾਂ। ਸਿਰਫ਼ ਇੱਕ ਲੜਕੇ, ਬੁੂਲਚੰਦ ਮੂਲਚੰਦ ਜੋ ਸਿੰਧੀ ਬੋਲਦਾ ਸੀ, ਨੇ ਧਰਮ ਬਦਲਿਆ। ਧਰਮ ਬਦਲਣ ਮਗਰੋਂ ਉਹ ਯੀਸੂ ਸਮਾਜ ਦਾ ਹਿੱਸਾ ਬਣ ਗਿਆ, ਪਾਦਰੀ ਬਣਨ ਦੀ ਸਿੱਖਿਆ ਲਈ ਤੇ ਮਗਰੋਂ ਸੇਂਟ ਜ਼ੇਵੀਅਰ ਸਕੂਲ ਦਾ ਪ੍ਰਿੰਸੀਪਲ ਬਣਿਆ ਜਿੱਥੇ ਅਸੀਂ ਦੋਵੇਂ ਪੜ੍ਹੇ ਸੀ। ਮੈਂ ਉਸ ਵੇਲੇ ਪੁਣੇ ਸ਼ਹਿਰ ਦਾ ਐੱਸਪੀ ਸੀ ਜਦ ਮੈਨੂੰ ਉਸ ਦੇ ਕੈਥੋਲਿਕ ਪਾਦਰੀ ਬਣਨ ਮੌਕੇ ਹੋਏ ਧਾਰਮਿਕ ਸਮਾਗਮ ਦਾ ਸੱਦਾ ਮਿਲਿਆ। ਮੈਂ ਸਮਾਗਮ ਵਿੱਚ ਹਿੱਸਾ ਲਿਆ ਜਿੱਥੇ ਉਸ ਦਾ ਪਰਿਵਾਰ ਵੀ ਮੌਜੂਦ ਸੀ। ਉਨ੍ਹਾਂ ਵਿੱਚੋਂ ਕਿਸੇ ਨੇ ਵੀ ਉਸ ਵੇਲੇ ਧਰਮ ਨਹੀਂ ਬਦਲਿਆ ਜਾਂ ਬਾਅਦ ਵਿੱਚ ਵੀ ਕਿਸੇ ਨੇ ਅਜਿਹਾ ਨਹੀਂ ਕੀਤਾ। ਕੀ ਸਰਕਾਰ ਬੂਲਚੰਦ ਵਰਗੇ ਵਿਅਕਤੀਆਂ ਨੂੰ ਆਪਣੇ ਦੇਵਤੇ ਬਦਲਣ ਤੋਂ ਰੋਕ ਸਕਦੀ ਹੈ? ਮੈਨੂੰ ਅਜਿਹਾ ਨਹੀਂ ਲੱਗਦਾ। ਉਹ ਬੇਸ਼ੱਕ ਯੀਸੂ ਸਮਾਜ ਦੇ ਪਾਦਰੀਆਂ ਦੇ ਮੱਠਵਾਦੀ ਜੀਵਨ ਤੋਂ ਪ੍ਰਭਾਵਿਤ ਸੀ ਜਿਨ੍ਹਾਂ ਉਸ ਨੂੰ ਸਕੂਲ ਵਿੱਚ ਪੜ੍ਹਾਇਆ। ਕਲਪਨਾ ਕਰੋ ਕਿ ਉਸ ਨੂੰ ਕਿੰਨਾ ਸਦਮਾ ਲੱਗਦਾ ਜੇ ਉਸ ਵੇਲੇ ਦੀ ਸਰਕਾਰ ਨੇ ਕਾਨੂੰਨਾਂ ਤੇ ਤਾਕਤ ਦੀ ਵਰਤੋਂ ਕਰ ਕੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਹੁੰਦਾ। ਪੁਰਤਗਾਲ ਵਿੱਚ, ਮੈਂ ਕੁਝ ਪੁਰਤਗਾਲੀ ਨੌਜਵਾਨਾਂ ਨੂੰ ਮਿਲਿਆ ਜਿਨ੍ਹਾਂ ’ਚੋਂ ਲੜਕੀਆਂ ਨੇ ਚਿੱਟੀਆਂ ਸਾੜ੍ਹੀਆਂ ਤੇ ਲੜਕਿਆਂ ਨੇ ਧੋਤੀ-ਕੁੜਤੇ ਪਾਏ ਹੋਏ ਸਨ। ਉਹ ‘ਕ੍ਰਿਸ਼ਨ ਚੇਤਨਾ’ ਰਾਹੀਂ ਹਿੰਦੂ ਧਰਮ ਵੱਲ ਖਿੱਚੇ ਗਏ ਸਨ। ਉਨ੍ਹਾਂ ਮੇਰੀ ਪਤਨੀ ਤੇ ਮੈਨੂੰ ਵੀ ਇਸ ਪਾਸੇ ਖਿੱਚਣ ਦੀ ਕੋਸ਼ਿਸ਼ ਕੀਤੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪੂਰਵਜ 1540 ਵਿੱਚ ਕਈ ਸਮੁੰਦਰ ਪਾਰ ਕਰ ਕੇ ਗੋਆ ਪਹੁੰਚੇ ਸਨ। ਉਨ੍ਹਾਂ ਦੇ ਨਾਲ ਤੇ ਮਗਰੋਂ ਆਏ ਕੈਥੋਲਿਕ ਪਾਦਰੀਆਂ ਨੇ ਮੇਰੇ ਹਿੰਦੂ ਪੂਰਵਜਾਂ ਨੂੰ ਇਸਾਈ ਬਣਾਇਆ ਸੀ। ਹੁਣ, ਉਹ ਮੈਨੂੰ ‘ਘਰ ਵਾਪਸੀ’ ਲਈ ਫੁਸਲਾ ਰਹੇ ਹਨ! ਇਹ ਸੁਣ ਕੇ ਉਹ ਬਹੁਤ ਖ਼ੁਸ਼ ਹੋਏ।
ਹਮਲਾਵਰ ਰੁਖ਼ ਵਾਲੀਆਂ ਸੰਘ ਪਰਿਵਾਰ ਦੀਆਂ ਇਕਾਈਆਂ ‘ਵੀਐੱਚਪੀ’ ਤੇ ਬਜਰੰਗ ਦਲ ਦੀਆਂ ਸਰਗਰਮੀਆਂ ਤੋਂ ਅਸਾਮ ਦੇ ਮੁੱਖ ਮੰਤਰੀ ਜਾਣੂੰ ਹੋਣਗੇ। ਜੇਕਰ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਥਾਪੜਾ ਹੋਇਆ ਤਾਂ ਗੁਹਾਟੀ ਦੇ ਉਨ੍ਹਾਂ ਕੈਥੋਲਿਕ ਸਕੂਲਾਂ ਲਈ ਕੰਮ ਕਰਨਾ ਬਹੁਤ ਔਖਾ ਹੋ ਜਾਵੇਗਾ ਜਿਨ੍ਹਾਂ ਪਿਛਲੇ ਕਈ ਸਾਲਾਂ ਦੌਰਾਨ ਹਜ਼ਾਰਾਂ ਅਸਾਮੀ ਲੜਕੇ ਤੇ ਲੜਕੀਆਂ ਨੂੰ ਪੜ੍ਹਾਇਆ ਹੈ। ਕੀ ਗੁਹਾਟੀ ਵਿੱਚ ਧਰਮ ਪਰਿਵਰਤਨ ਦੀਆਂ ਘਟਨਾਵਾਂ ਵਾਪਰੀਆਂ ਹਨ? ਪਾਦਰੀਆਂ ਤੇ ਇਸਾਈ ਸਾਧਵੀਆਂ ਨੂੰ ਹੁਕਮ ਜਾਰੀ ਕਰਨ ਵਾਲੇ ਕੱਟੜਪੰਥੀਆਂ ਨੂੰ ਅਜਿਹੇ ਮਾਮਲਿਆਂ ਬਾਰੇ ਨਾਵਾਂ (ਜਿਨ੍ਹਾਂ ਦਾ ਧਰਮ ਬਦਲਿਆ ਗਿਆ), ਜਨਮ ਤਰੀਕਾਂ ਅਤੇ ਧਰਮ ਪਰਿਵਰਤਨ ਦੀਆਂ ਤਰੀਕਾਂ ਸਹਿਤ ਦੱਸਣਾ ਚਾਹੀਦਾ ਹੈ। ਅਸਪੱਸ਼ਟ ਦੋਸ਼ ਨਾ ਸਿਰਫ਼ ਬਰਦਾਸ਼ਤ ਤੋਂ ਬਾਹਰ ਹਨ ਸਗੋਂ ਸ਼ੈਤਾਨੀ ਭਰੇ ਵੀ ਹਨ। ਰਿਪੋਰਟਾਂ ਮੁਤਾਬਿਕ ਗੁਹਾਟੀ ਦੇ ਪ੍ਰਮੁੱਖ ਕੈਥੋਲਿਕ ਪਾਦਰੀ (ਆਰਚਬਿਸ਼ਪ) ਨੇ ਡਾਇਓਸਿਸ ਸਕੂਲਾਂ ਵਿੱਚ ਪਾਦਰੀਆਂ ਤੇ ਸਾਧਵੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਉਹੀ ਕੱਪੜੇ ਪਹਿਨਣ ਜੋ ਅਧਿਆਪਕ ਸਕੂਲਾਂ ਵਿੱਚ ਪਹਿਨਦੇ ਹਨ। ਕਿਉਂਕਿ ਸਰਕਾਰ ਰਾਜ ਧਰਮ ਨਹੀਂ ਨਿਭਾ ਰਹੀ, ਇਸ ਲਈ ‘ਆਰਚਬਿਸ਼ਪ’ ਨੂੰ ਝੁਕਣਾ ਪਿਆ ਹੈ। ਜੇਕਰ ਧਮਕਾਉਣ ਦਾ ਵਰਤਾਰਾ ਜਾਰੀ ਰਿਹਾ ਤਾਂ ਸ਼ਾਇਦ, ਉਨ੍ਹਾਂ (ਪਾਦਰੀ) ਨੂੰ ਹੋਰ ਬਦਲ ਵੀ ਅਪਨਾਉਣੇ ਪੈਣ। ਇਸੇ ਤਰ੍ਹਾਂ ਦੇ ਤੱਤਾਂ ਵੱਲੋਂ ਕਰਨਾਟਕ ਵਿੱਚ ਮੁਸਲਿਮ ਲੜਕੀਆਂ ਨੂੰ ਹਿਜਾਬ ਪਾ ਕੇ ਕਾਲਜ ਜਾਣ ਤੋਂ ਰੋਕਣ ਦੇ ਯਤਨ ਅਸਫ਼ਲ ਹੋ ਗਏ ਸਨ ਜਦੋਂ ਕੁਝ ਲੜਕੀਆਂ ਨੇ ਅਦਾਲਤ ਦਾ ਰੁਖ਼ ਕੀਤਾ ਸੀ। ਮੁੱਖ ਮੰਤਰੀ ਹੁੰਦਿਆਂ ਯੋਗੀ ਆਦਿੱਤਿਆਨਾਥ ਨੂੰ ਕੋਈ ਧਾਰਮਿਕ ਪਹਿਰਾਵਾ ਨਾ ਪਾਉਣ ਲਈ ਨਹੀਂ ਕਹਿ ਸਕਦਾ, ਜਾਂ ਪ੍ਰੱਗਿਆ ਸਿੰਘ ਠਾਕੁਰ ਨੂੰ ਸੰਸਦ ਵਿੱਚ ਧਾਰਮਿਕ ਪੁਸ਼ਾਕ ਪਾਉਣ ਤੋਂ ਕੋਈ ਰੋਕ ਨਹੀਂ ਸਕਦਾ। ਸਿੱਖਾਂ ਨੂੰ ਕੋਈ ਦਸਤਾਰ ਸਜਾ ਕੇ ਜਾਂ ਕੜਾ ਪਾ ਕੇ ਸਕੂਲ ਜਾਣ ਤੋਂ ਰੋਕਣ ਦੀ ਹਿੰਮਤ ਨਹੀਂ ਕਰਦਾ। ਫਿਰ, ਕਿਉਂ ਇੱਕ ਅਮਨ-ਪਸੰਦ, ਅਨੁਸ਼ਾਸਿਤ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਗ਼ੈਰਕਾਨੂੰਨੀ ਫਤਵਿਆਂ ਅੱਗੇ ਝੁਕਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕੁਝ ਮਹੀਨੇ ਪਹਿਲਾਂ ਗੋਆ ਵਿੱਚ ਇੱਕ ਪੁਸਤਕ ਰਿਲੀਜ਼ ਸਮਾਗਮ ਵਿੱਚ ਮੈਂ ਭਵਿੱਖਬਾਣੀ ਕੀਤੀ ਸੀ ਕਿ ਭਾਰਤ ‘ਭਗਵਾਂ ਪਾਕਿਸਤਾਨ’ ਬਣਨ ਦੇ ਖ਼ਤਰੇ ਨਾਲ ਜੂਝ ਰਿਹਾ ਹੈ ਜਿੱਥੇ ਘੱਟਗਿਣਤੀਆਂ ਨੂੰ ਉਸੇ ਤਰ੍ਹਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਵੇਂ ਪਾਕਿਸਤਾਨ ਵਿੱਚ ਹਿੰਦੂਆਂ ਤੇ ਇਸਾਈਆਂ ਨੂੰ ਬਣਾਇਆ ਜਾਂਦਾ ਹੈ। ਗੋਆ ਵਿੱਚ ਭਾਜਪਾ ਦੇ ਬੁਲਾਰੇ ਨੇ ਇਸ ’ਤੇ ਇਤਰਾਜ਼ ਕਰਦਿਆਂ ਇਸ ਨੂੰ ਨਿਰੋਲ ਮੇਰੀ ‘ਵਿਚਾਰਧਾਰਾ’ ਕਰਾਰ ਦਿੱਤਾ। ਮੈਂ ਇਹ ਗੱਲ ਬਾਖ਼ੁਸ਼ੀ ਜ਼ੋਰ ਦੇ ਕੇ ਕਹਿੰਦਾ ਹਾਂ ਕਿ ਕਮਜ਼ੋਰ ਤੇ ਸੱਤਾ ਵਿਹੂਣਿਆਂ ਨੂੰ ਧਮਕਾਉਣਾ ਕਦੇ ਵੀ ਮੇਰੀ ਵਿਚਾਰਧਾਰਾ ਦਾ ਹਿੱਸਾ ਨਹੀਂ ਰਿਹਾ ਤੇ ਨਾ ਹੀ ਕਦੇ ਹੋਵੇਗਾ।