For the best experience, open
https://m.punjabitribuneonline.com
on your mobile browser.
Advertisement

ਟਾਂਗਰੀ ਨਦੀ ਤੇ ਚੋਆਂ ਦੇ ਬੰਨ੍ਹ ਕਮਜ਼ੋਰ ਹੋਣ ਕਾਰਨ ਹੜ੍ਹ ਦਾ ਖ਼ਦਸ਼ਾ

08:56 AM Jul 11, 2024 IST
ਟਾਂਗਰੀ ਨਦੀ ਤੇ ਚੋਆਂ ਦੇ ਬੰਨ੍ਹ ਕਮਜ਼ੋਰ ਹੋਣ ਕਾਰਨ ਹੜ੍ਹ ਦਾ ਖ਼ਦਸ਼ਾ
ਪਿੰਡ ਦੁੂਧਨ ਗੁੱਜਰਾਂ ਨੇੜੇ ਅਦਾਲਤੀਵਾਲਾ ਟਾਂਗਰੀ ਦੇ ਕਮਜ਼ੋਰ ਬੰਨ੍ਹ ਦਾ ਦ੍ਰਿਸ਼।
Advertisement

ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 10 ਜੁਲਾਈ
ਮੀਂਹ ਦੇ ਮੌਸਮ ਤੋਂ ਪਹਿਲਾਂ ਨਦੀਆਂ ਅਤੇ ਰਜਬਾਹਿਆਂ ਦੇ ਬੰਨ੍ਹ ਮਜ਼ਬੂਤ ਕਰਨਾ ਸਬੰਧਤ ਵਿਭਾਗਾਂ ਦਾ ਫਰਜ਼ ਬਣਦਾ ਹੈ ਤਾਂ ਕਿ ਹੜ੍ਹ ਕਾਰਨ ਬੰਨ੍ਹ ਟੁੱਟ ਨਾ ਸਕਣ। ਪਿਛਲੇ ਸਾਲ ਹੜ੍ਹ ਦੌਰਾਨ ਟਾਂਗਰੀ ਨਦੀ ਦੇ ਬੰਨ੍ਹਾਂ ਵਿੱਚ ਚਾਰ ਥਾਵਾਂ ਤੋਂ ਪਾੜ ਪੈਣ ਕਾਰਨ ਫਸਲਾਂ, ਮਕਾਨਾਂ ਤੇ ਟਿਊਬਵੈੱਲਾਂ ਦੀਆਂ ਮੋਟਰਾਂ ਦਾ ਭਾਰੀ ਨੁਕਸਾਨ ਹੋਇਆ ਸੀ। ਹੁਣ ਮੁੜ ਬਰਸਾਤਾਂ ਦਾ ਸਮਾਂ ਆ ਗਿਆ ਹੈ ਅਤੇ ਕਿਸੇ ਸਮੇਂ ਵੀ ਭਾਰੀ ਮੀਂਹ ਪੈ ਸਕਦਾ ਹੈ। ਦੂਜੇ ਪਾਸੇ ਇਸ ਵਾਰ ਵੀ ਡਰੇਨੇਜ ਵਿਭਾਗ ਵੱਲੋਂ ਟਾਂਗਰੀ ਨਦੀ, ਮੀਰਾਂਪੁਰ ਚੋਆ ਅਤੇ ਅਦਾਲਤੀਵਾਲਾ ਡਰੇਨ ਦੀ ਨਾ ਤਾਂ ਤਸੱਲੀਬਖਸ਼ ਸਫਾਈ ਕੀਤੀ ਗਈ ਹੈ ਅਤੇ ਨਾ ਹੀ ਇਨ੍ਹਾਂ ਦੇ ਬੰਨ੍ਹ ਮਜ਼ਬੂਤ ਕੀਤੇ ਗਏ। ਇਸ ਕਰਕੇ ਅਦਾਲਤੀਵਾਲਾ ਟਾਂਗਰੀ ਦਾ ਇੱਕ ਪਾਸੇ ਵਾਲਾ ਬੰਨ੍ਹ ਬਹੁਤ ਕਮਜ਼ੋਰ ਹੈ ਅਤੇ ਇਹ ਭਾਰੀ ਮੀਂਹ ਕਾਰਨ ਕਿਸੇ ਵੇਲੇ ਵੀ ਪਿੰਡ ਲੇਹਲਾਂ ਵੱਲ ਨੂੰ ਟੁੱਟ ਸਕਦਾ ਹੈ। ਇਥੇ ਪਿਛਲੇ ਸਾਲ ਆਏ ਹੜ੍ਹਾਂ ਸਮੇਂ ਵੀ ਟਾਂਗਰੀ ਦੇ ਟੁੱਟੇ ਬੰਨ੍ਹ ਨੇ ਭਾਰੀ ਤਬਾਹੀ ਮਚਾਈ ਸੀ। ਇਸ ਵਾਰ ਵੀ ਜੇਕਰ ਸਬੰਧਤ ਮਹਿਕਮਾ ਨਾ ਜਾਗਿਆ ਤਾਂ ਹੜ੍ਹਾਂ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਲਈ ਸਰਕਾਰ ਨੂੰ ਨਦੀਆਂ ਨਾਲਿਆਂ ਦੇ ਬੰਨ੍ਹ ਮਜ਼ਬੂਤ ਕਰਨੇ ਚਾਹੀਦੇ ਹਨ।
ਇਸ ਸਬੰਧੀ ਡਰੇਨੇਜ ਵਿਭਾਗ ਦੇ ਜੇਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਅਦਾਲਤੀਵਾਲਾ ਡਰੇਨ ਦੇ ਬੰਨ੍ਹਾਂ ’ਤੇ ਮਿੱਟੀ ਪਾ ਕੇ ਮਜ਼ਬੂਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਥੈਲੇ ਮਿੱਟੀ ਨਾਲ ਭਰ ਕੇ ਰੱਖੇ ਗਏ ਹਨ ਤਾਂ ਕਿ ਜੇ ਕਿਤੇ ਜੇਕਰ ਬੰਨ੍ਹ ਟੁੱਟ ਵੀ ਜਾਵੇ ਤਾਂ ਉਸ ਨੂੰ ਪੂਰਿਆ ਜਾ ਸਕੇ।

Advertisement

ਜਮਹੂਰੀ ਅਧਿਕਾਰ ਸਭਾ ਦੀ ਟੀਮ ਵੱਲੋਂ ਹੜ੍ਹ ਦੀ ਮਾਰ ਵਾਲੇ ਖੇਤਰਾਂ ਦਾ ਦੌਰਾ

ਪਟਿਆਲਾ (ਗੁਰਨਾਮ ਸਿੰਘ ਅਕੀਦਾ): ਜਮਹੂਰੀ ਅਧਿਕਾਰ ਸਭਾ ਦੀ ਇੱਕ ਟੀਮ ਨੇ ਪਟਿਆਲਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਦੀ ਰੋਕਥਾਮ ਲਈ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ੍ਹੀ ਹੈ। ਸਭਾ ਦੀ ਟੀਮ ਵਿੱਚ ਡਾਕਟਰ ਬਰਜਿੰਦਰ ਸਿੰਘ ਸੋਹਲ, ਸੁਰਿੰਦਰ ਪਾਲ ਗੋਇਲ ਅਤੇ ਪੀਐਸਯੂ ਲਲਕਾਰ ਦੇ ਵਿਦਿਆਰਥੀ ਆਗੂ ਹਰਪ੍ਰੀਤ ਸਿੰਘ ਅਤੇ ਐਡਵੋਕੇਟ ਰਾਜੀਵ ਲੋਹਟਬੱਦੀ ਨੇ ਹੜ੍ਹ ਮਾਰੂ ਇਲਾਕਿਆਂ ਪਿੰਡ ਦੌਲਤਪੁਰ, ਬਾਜਵਾ ਕਲੋਨੀ, ਬਾਬਾ, ਦੀਪ ਸਿੰਘ ਕਾਲੋਨੀ, ਹੀਰਾ ਬਾਗ਼, ਰਿਸ਼ੀ ਕਲੋਨੀ, ਦੇਵੀਗੜ੍ਹ ਰੋਡ ਤੋਂ ਡਕਾਲਾ ਰੋਡ ਨੇੜੇ ਡੀਅਰ ਪਾਰਕ ਦਾ ਦੌਰਾ ਕੀਤਾ। ਕੁਝ ਜਗ੍ਹਾ ’ਤੇ ਪੋਕਲੇਨ ਅਤੇ ਜੇਸੀਬੀ ਮਸ਼ੀਨਾਂ ਨਾਲ ਤਾਜ਼ੀ ਮਿੱਟੀ ਪੁੱਟ ਕੇ ਬੰਨ੍ਹਾਂ ਨੂੰ ਉੱਚਾ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਰਿਸ਼ੀ ਕਲੋਨੀ ਅਤੇ ਉਸ ਤੋਂ ਅਗਲੇ ਇਲਾਕਿਆਂ ਵਿੱਚ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਤੋਂ ਇਲਾਵਾ ਡੀਅਰ ਪਾਰਕ ਦੇ ਨੇੜੇ ਜਿੱਥੇ ਛੋਟੀ ਅਤੇ ਵੱਡੀ ਨਦੀ ਦਾ ਮੇਲ ਹੁੰਦਾ ਹੈ ਉੱਤੇ ਛੋਟੀ ਨਦੀ ਪੂਰੀ ਤਰ੍ਹਾਂ ਬੰਦ ਕੀਤੀ ਹੋਈ ਹੈ। ਛੋਟੀ ਨਦੀ ਬੰਦ ਹੋਣ ਕਾਰਨ ਹੀਰਾ ਬਾਗ਼ ਤੇ ਰਿਸ਼ੀ ਕਲੋਨੀ, ਚੌਰਾ ਪਿੰਡ ਅਤੇ ਨਾਲ ਲੱਗਦੇ ਹੋਰ ਇਲਾਕਿਆਂ ਵਿੱਚ ਹੜ੍ਹ ਦਾ ਪਾਣੀ ਦਾਖਲ ਹੋ ਸਕਦਾ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਨਦੀ ਦੀ ਪੂਰੀ ਤਰ੍ਹਾਂ ਸਫਾਈ ਹੋ ਰਹੀ ਹੈ ਤੇ ਲੋਕਾਂ ਨੂੰ ਹੜ੍ਹਾਂ ਦਾ ਕੋਈ ਖਤਰਾ ਨਹੀਂ ਹੈ।

Advertisement
Author Image

joginder kumar

View all posts

Advertisement
Advertisement
×