ਗੜਿਆਂ ਕਾਰਨ ਨੁਕਸਾਨੀ ਕਣਕ ਦੀਆਂ ਬੱਲੀਆਂ ਸੁੱਕਣ ਲੱਗੀਆਂ
ਪੱਤਰ ਪ੍ਰੇਰਕ
ਬਨੂੜ, 12 ਫਰਵਰੀ
ਬਨੂੜ ਖੇਤਰ ਵਿੱਚ ਪਿਛਲੇ ਦਿਨੀਂ ਗੜਿਆਂ ਨਾਲ ਕਣਕ ਦੀ ਫ਼ਸਲ ਦਾ ਵੀ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ। ਨੁਕਸਾਨੀਆਂ ਕਣਕ ਦੀਆਂ ਬੱਲਾਂ ਹੁਣ ਸੁੱਕਣੀਆਂ ਸ਼ੁਰੂ ਹੋ ਗਈਆਂ ਹਨ। ਇਸ ਕੁਦਰਤੀ ਕਹਿਰ ਕਾਰਨ ਵੱਡੀ ਪੱਧਰ ’ਤੇ ਨੁਕਸਾਨੀਆਂ ਗਈਆਂ ਫ਼ਸਲਾਂ ਦੀ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਵਿਸ਼ੇਸ਼ ਗਿਰਦਾਵਰੀ ਕਰਾਉਣ ਦੇ ਨਿਰਦੇਸ਼ ਨਾ ਦਿੱਤੇ ਜਾਣ ਕਾਰਨ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਪਿੰਡ ਮਾਣਕਪੁਰ (ਖੇੜਾ) ਦੇ ਕਿਸਾਨਾਂ ਸ਼ੇਰ ਸਿੰਘ, ਗੁਰਦੀਪ ਸਿੰਘ, ਕਰਮਜੀਤ ਸਿੰਘ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਨੇ ਨੁਕਸਾਨੀ ਫ਼ਸਲ ਦਿਖਾਉਂਦਿਆਂ ਕਿਹਾ ਕਿ ਨਿੱਸਰੀ ਹੋਈ ਕਣਕ ਦਾ ਪੰਜਾਹ ਫ਼ੀਸਦੀ ਤੋਂ ਵੱਧ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਗੜਿਆਂ ਦਾ ਨੁਕਸਾਨ ਹੁਣ ਸਾਹਮਣੇ ਆ ਰਿਹਾ ਹੈ ਤੇ ਕਣਕ ਦੀਆਂ ਬੱਲਾਂ ਤੇ ਪੱਤੇ ਸੁੱਕਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਨੁਕਸਾਨ ਦਾ ਝਾੜ ’ਤੇ ਵੱਡਾ ਅਸਰ ਪਵੇਗਾ। ਠੇਕੇ ਉੱਤੇ ਜ਼ਮੀਨਾਂ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਦੂਹਰੀ ਮਾਰ ਪਵੇਗੀ। ਉਨ੍ਹਾਂ ਕਿਹਾ ਕਿ ਨੁਕਸਾਨ ਦਾ ਜਾਇਜ਼ਾ ਲੈਣ ਲਈ ਬਿਨਾਂ ਕਿਸੇ ਦੇਰੀ ਤੋਂ ਮਾਲ ਵਿਭਾਗ ਤੋਂ ਗਿਰਦਾਵਰੀ ਕਰਾਈ ਜਾਵੇ ਤੇ ਮੁਆਵਜ਼ਾ ਦਿੱਤਾ ਜਾਵੇ।
ਤਸੌਲੀ, ਅਬਰਾਵਾਂ, ਸਨੇਟਾ, ਦੁਰਾਲੀ, ਬਠਲਾਣਾ, ਢੇਲਪੁਰ, ਗੋਬਿੰਦਗੜ੍ਹ, ਸ਼ਾਮਪੁਰ, ਗੀਗੇਮਾਜਰਾ, ਮੀਂਢੇਮਾਜਰਾ, ਤਸੌਲੀ, ਨਗਾਰੀ, ਦੈੜੀ, ਸੁਖਗੜ੍ਹ, ਦੁਰਾਲੀ ਆਦਿ ਸਮੁੱਚੇ ਖੇਤਰ ਵਿੱਚ ਗੜਿਆਂ ਨੇ ਕਣਕ, ਗੋਭੀ, ਪਿਆਜ਼, ਲਸਣ, ਮੇਥੇ, ਬਰਸੀਮ, ਸਬਜ਼ੀਆਂ ਦਾ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਹੈ। ਪੀੜਤ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਗਿਰਦਾਵਰੀ ਕਰਾਈ ਜਾਵੇ।