ਰਾਖਵੇਂਕਰਨ ਦੀ ਸ਼ਾਮਲਾਤ ਜ਼ਮੀਨ ਬਾਰੇ ਦਲਿਤ ਜਾਗਰੂਕ ਨਹੀਂ: ਬੌੜਾਂ
ਪੱਤਰ ਪ੍ਰੇਰਕ
ਪਟਿਆਲਾ, 1 ਸਤੰਬਰ
ਪਿੰਡ ਲੰਗ ਵਿੱਚ ਰਾਤ ਬਿਤਾਉਣ ਤੋਂ ਬਾਅਦ ਦਲਿਤ ਮੁਕਤੀ ਮਾਰਚ ਦਾ ਕਾਫ਼ਲਾ ਦਲਿਤ ਮਜ਼ਦੂਰਾਂ ਲਈ ਜ਼ਮੀਨ, ਪੱਕਾ ਘਰ, ਪੱਕਾ ਰੁਜ਼ਗਾਰ, ਸਮੁੱਚਾ ਕਰਜ਼ਾ ਮੁਆਫ਼, ਜਾਤੀ ਵਿਤਕਰੇ ਤੋਂ ਛੁਟਕਾਰੇ ਦੀਆਂ ਮੰਗਾਂ ਨੂੰ ਮਜ਼ਦੂਰਾਂ ਨੂੰ ਇਕੱਠੇ ਕਰ ਕੇ ਜਥੇਬੰਦ ਹੋਣ ਦਾ ਹੋਕਾ ਦਿੰਦਾ ਚਲੈਲਾਂ, ਦੌਣ ਖ਼ੁਰਦ ਹੁੰਦਾ ਹੋਇਆ ਨੂਰਖੇੜੀਆ ਪਹੁੰਚਿਆ। ਜਨਰਲ ਸਕੱਤਰ ਗੁਰਵਿੰਦਰ ਸਿੰਘ ਬੌੜਾਂ ਨੇ ਕਿਹਾ ਕਿ ਪਿੰਡਾਂ ਵਿਚ ਰਾਖਵੇਂਕਰਨ ਦੀ ਜ਼ਮੀਨ ਬਾਰੇ ਦਲਿਤ ਜਾਗਰੂਕ ਨਹੀਂ ਹਨ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਗੁਰਵਿੰਦਰ ਬੌੜਾਂ ਅਤੇ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਨੇ ਕਿਹਾ ਕਿ ਸਰਕਾਰਾਂ ਹਰ ਸਾਲ ਲਾਰਾ ਲਾਉਂਦੀਆਂ ਹਨ ਕੀ ਮਜ਼ਦੂਰਾਂ ਦੇ ਘਰ ਕੱਚਿਆਂ ਤੋਂ ਪੱਕੇ ਕਰਕੇ ਦਿੱਤੇ ਜਾਣਗੇ। ਬਹੁਤ ਸਾਰੇ ਪਰਿਵਾਰਾਂ ਦੇ ਘਰ ਡਿੱਗੇ ਪਏ ਹਨ ਪਰ ਸਰਕਾਰ ਦਾ ਕੋਈ ਨੁਮਾਇੰਦਾ ਉਨ੍ਹਾਂ ਦੀ ਸਾਰ ਨਹੀਂ ਲੈਣ ਰਿਹਾ। ਜਦੋਂ ਕਾਫ਼ਲਾ ਲੋਕਾਂ ਨੂੰ ਉਨ੍ਹਾਂ ਦੇ ਰੁਜ਼ਗਾਰ ਬਾਰੇ ਪੁੱਛਦਾ ਹੈ ਤਾਂ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਜਿੰਨਾ ਕਮਾਉਂਦੇ ਹਾਂ ਉੰਨਾ ਲੋਨ ਕੰਪਨੀ ਦੀਆਂ ਕਿਸ਼ਤਾਂ ਭਰਨ ਵਿੱਚ ਚਲਾ ਜਾਂਦਾ ਹੈ। ਜੇ ਪੰਚਾਇਤੀ ਰਿਜ਼ਰਵ ਜ਼ਮੀਨਾਂ, ਲੈਂਡ ਸੀਲਿੰਗ ਐਕਟ ਤੋਂ ਉੱਪਰਲੀਆਂ ਜ਼ਮੀਨਾਂ, ਨਜ਼ੂਲ ਜ਼ਮੀਨਾਂ ਦੇ ਮਾਲਕੀ ਹੱਕ, ਲਕੀਰ ਅੰਦਰ ਆਉਂਦੇ ਮਕਾਨਾਂ ਦੀਆਂ ਰਜਿਸਟਰੀਆਂ, ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰ ਕੇ ਸਸਤਾ ਕਰਜ਼ਾ ਦਿੱਤਾ ਜਾਵੇ। ਮਜ਼ਦੂਰਾਂ ਦੀ ਆਰਥਿਕ ਸਥਿਤੀ ਸੁਧਾਰਨ ਲਈ ਦਿਹਾੜੀ 1000 ਰੁਪਏ ਕੀਤੀ ਜਾਵੇ, ਜਾਤੀ ਵਿਤਕਰੇ ਤੋਂ ਛੁਟਕਾਰੇ ਲਈ ਸਖ਼ਤ ਕਾਨੂੰਨ ਬਣਾਏ ਜਾਣ ਤਾਂ ਮਜ਼ਦੂਰਾਂ ਦੀ ਜ਼ਿੰਦਗੀ ਸੁਖਾਲੀ ਹੋ ਸਕਦੀ ਹੈ। ਉਪਰੋਕਤ ਤੋਂ ਇਲਾਵਾ ਜਗਤਾਰ ਸਿੰਘ, ਗੁਰਦੀਪ ਸਿੰਘ ਲੰਗ ਅਤੇ ਹੋਰ ਬਹੁਤ ਸਾਰੇ ਲੋਕ ਸ਼ਾਮਲ ਸਨ।