ਪੰਜਾਬ ਦੇ ਵਪਾਰੀਆਂ ਤੇ ਕਿਸਾਨਾਂ ’ਚ ਵੰਡੀਆਂ ਪਾ ਰਹੀ ਹੈ ਕੇਂਦਰ ਸਰਕਾਰ: ਟਿਕੈਤ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 2 ਸਤੰਬਰ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਰਾਜਪੁਰਾ ਵਿਚ ਕਿਹਾ ਕਿ ਕੇਂਦਰ ਸਰਕਾਰ ਨੇ ਜਿਵੇਂ ਉਤਰ ਪ੍ਰਦੇਸ਼ ਵਿਚ ਹਿੰਦੂ ਅਤੇ ਮੁਸਲਮਾਨਾਂ ਵਿਚ ਨਫ਼ਰਤ ਫੈਲਾ ਕੇ ਵੰਡੀਆਂ ਪਾਈਆਂ ਉਸੇ ਤਰ੍ਹਾਂ ਪੰਜਾਬ ਵਿਚ ਵੀ ਕੇਂਦਰ ਸਰਕਾਰ ਕਿਸਾਨਾਂ ਅਤੇ ਵਪਾਰੀਆਂ ਨੂੰ ਇਕ ਦੂਜੇ ਵਿਰੁੱਧ ਖੜ੍ਹਾ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ। ਸ੍ਰੀ ਟਿਕੈਤ ਨੇ ਰਾਜਪੁਰਾ ਦੀ ਅਨਾਜ ਮੰਡੀ ਵਿਚ ਅੱਜ ਸ਼ੁਰੂ ਹੋਏ ਕਿਸਾਨ ਮੇਲੇ ਵਿਚ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਲਈ ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ਉਪਰ ਦਿੱਤਾ ਜਾ ਰਿਹਾ ਧਰਨਾ ਕੇਂਦਰ ਸਰਕਾਰ ਜਾਣਬੁੱਝ ਕੇ ਖ਼ਤਮ ਨਹੀਂ ਹੋਣ ਦੇਣਾ ਚਾਹੁੰਦੀ। ਸਰਕਾਰ ਇਸ ਧਰਨੇ ਨੂੰ ਪਹਿਲੇ ਵਾਲੇ ਧਰਨੇ ਤੋਂ ਜ਼ਿਆਦਾ ਲੰਬਾ ਖਿੱਚਣਾ ਚਾਹੁੰਦੀ ਹੈ ਤਾਂ ਕਿ ਆਮ ਜਨਤਾ ਜ਼ਿਆਦਾ ਤੋਂ ਜ਼ਿਆਦਾ ਪ੍ਰੇਸ਼ਾਨ ਹੋਵੇ ਅਤੇ ਵਪਾਰੀਆਂ ਦਾ ਵਪਾਰ ਠੱਪ ਹੋ ਜਾਵੇ ਤਾਂ ਹੀ ਵਪਾਰੀਆਂ ਤੇ ਆਮ ਜਨਤਾ ਵਿਚ ਕਿਸਾਨਾਂ ਪ੍ਰਤੀ ਨਫ਼ਰਤ ਪੈਦਾ ਹੋਵੇਗੀ ਅਤੇ ਜਨਤਾ, ਵਪਾਰੀ ਅਤੇ ਕਿਸਾਨ ਆਹਮੋ-ਸਾਹਮਣੇ ਹੋਣਗੇ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਚਾਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਧਰਨਾ 14 ਮਹੀਨੇ ਤੋਂ ਵੀ ਵੱਧ ਚਲੇਗਾ। ਇਸ ਮੌਕੇ ਪ੍ਰਧਾਨ ਜਸਵੰਤ ਸਿੰਘ ਖੇੜੀ ਗੰਡਿਆਂ, ਪਟਿਆਲਾ ਦੇ ਮੀਤ ਪ੍ਰਧਾਨ ਬੱਬੂ ਖਰਾਜਪੁਰ, ਸਾਬਕਾ ਸਰਪੰਚ ਮਿੰਟੂ ਚੌਹਾਨ, ਨਿਸ਼ਾਨ ਸਿੰਘ ਚੌਹਾਨ, ਸੁਰਜੀਤ ਸਿੰਘ ਬੱਗਾ, ਕੁਲਵਿੰਦਰ ਸੋਨੀ, ਪਰਵਾਨ ਸਿੰਘ, ਲੱਖਾ ਸਰਪੰਚ, ਬਿੱਟਾ ਸਰਪੰਚ, ਗੁਰਪ੍ਰੀਤ ਬਿੰਦਰ, ਜਾਵੇਦ ਖ਼ਾਨ ਤੋਂ ਇਲਾਵਾ ਹੋਰ ਕਿਸਾਨ ਮੌਜੂਦ ਸਨ।
ਕਿਸਾਨੀ ਮਸਲਿਆਂ ਨੂੰ ਠੰਢੇ ਬਸਤੇ ਵਿਚ ਪਾਉਣ ਦੇ ਦੋਸ਼
ਪਟਿਆਲਾ ( ਪੱਤਰ ਪ੍ਰੇਰਕ):
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਕਮੇਟੀਆਂ ਕਦੇ ਵੀ ਕਿਸਾਨੀ ਮਸਲੇ ਹੱਲ ਨਹੀਂ ਕਰਦੀਆਂ, ਸਗੋਂ ਇਨ੍ਹਾਂ ਕਮੇਟੀਆਂ ਨੇ ਹਮੇਸ਼ਾ ਕਿਸਾਨਾਂ ਦੇ ਮੁੱਦਿਆਂ ਨੂੰ ਠੰਢੇ ਬਸਤੇ ਵਿਚ ਹੀ ਪਾਇਆ ਹੈ। ਉਨ੍ਹਾਂ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਕਿਸੇ ਵੀ ਕਮੇਟੀ ਨੇ ਅੱਜ ਤੱਕ ਕਿਸਾਨਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ। ਉਨ੍ਹਾਂ ਸੁਪਰੀਮ ਕੋਰਟ ਦੇ ਅੱਜ ਹਾਈ ਪਾਵਰ ਕਮੇਟੀ ਬਣਾਉਣ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਇਸ ਬਾਰੇ ਪੂਰਾ ਫ਼ੈਸਲਾ ਪੜ੍ਹਨ ਤੋਂ ਬਾਅਦ ਹੀ ਟਿੱਪਣੀ ਕਰਨਗੇ ਪਰ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੇ ਬਾਰਡਰ ਬੰਦ ਕੀਤਾ ਹੋਇਆ ਹੈ ਜੋ ਕੋਰਾ ਝੂਠ ਹੈ। ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ, ਮੀਡੀਆ, ਹਰਿਆਣਾ ਸਰਕਾਰ, ਪੰਜਾਬ ਸਰਕਾਰ ਜਾਂ ਕੋਈ ਵੀ ਸਰਕਾਰੀ ਨੁਮਾਇੰਦਾ ਆ ਕੇ ਸ਼ੰਭੂ ਬਾਰਡਰ ’ਤੇ ਦੇਖ ਸਕਦਾ ਹੈ ਕਿ ਕਿਸਾਨਾਂ ਨੇ ਬਾਰਡਰ ਬਿਲਕੁਲ ਹੀ ਖੋਲ੍ਹ ਦਿੱਤਾ ਹੈ। ਇਸ ਵੇਲੇ ਬਾਰਡਰ ਹਰਿਆਣਾ ਦੀ ਭਾਜਪਾ ਸਰਕਾਰ ਨੇ ਬੰਦ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਅੱਜ ਸ਼ੰਭੂ ਬਾਰਡਰ ’ਤੇ ਕਿਸਾਨਾਂ ਨੇ ਵੱਡਾ ਇਕੱਠ ਕੀਤਾ ਜਿਸ ਵਿਚ ਹਰਿਆਣਾ ਦੀ ਭਾਜਪਾ ਤੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਕੱਟੜ ਵਿਰੋਧੀ ਪਾਰਟੀ ਹੋਣ ਦਾ ਰੋਲ ਨਿਭਾ ਰਹੀ ਹੈ ਜਿਸ ਦਾ ਜਵਾਬ ਲੋਕ ਆਪਣੇ ਆਪ ਹੀ ਦੇਣਗੇ।ਇਸ ਮੌਕੇ ਵੱਡੀ ਗਿਣਤੀ ਕਿਸਾਨਾਂ ਨੇ ਕੇਂਦਰ ਤੇ ਹਰਿਆਣਾ ਸਰਕਾਰ ਵਿਰੁੱਧ ਭੜਾਸ ਕੱਢਦਿਆਂ ਕਿਹਾ ਕਿ ਕਿਸਾਨਾਂ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਨਾ ਚੱਲੀਆਂ ਜਾਣ ਬਲਕਿ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਜਾਵੇ।