ਚੱਕਰਵਾਤੀ ਤੂਫਾਨ ਦਾਨਾ ਬੰਗਾਲ ਤੇ ਉੜੀਸਾ ਦੇ ਸਾਹਿਲ ਨੇੜੇ ਪੁੱਜਾ
ਭੁਬਨੇਸ਼ਵਰ/ਕੋਲਕਾਤਾ, 24 ਅਕਤੂਬਰ
ਚੱਕਰਵਾਤੀ ਤੂਫ਼ਾਨ ‘ਦਾਨਾ’ ਪੱਛਮੀ ਬੰਗਾਲ ਤੇ ਉੜੀਸਾ ਦੇ ਸਾਹਿਲਾਂ ਨੇੜੇ ਪਹੁੰਚ ਗਿਆ ਹੈ। ਤੂਫ਼ਾਨ ਦੇ ਸ਼ੁੱਕਰਵਾਰ ਵੱਡੇ ਤੜਕੇ ਸਾਹਿਲਾਂ ਨਾਲ ਟਕਰਾਉਣ ਦੀ ਸੰਭਾਵਨਾ ਹੈ। ਦੋਵਾਂ ਰਾਜਾਂ ਦੇ ਸਾਹਿਲੀ ਇਲਾਕਿਆਂ ਵਿਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈਣ ਦੀਆਂ ਰਿਪੋਰਟਾਂ ਹਨ। ਬੰਗਾਲ ਤੇ ਉੜੀਸਾ ਦੀਆਂ ਸਰਕਾਰਾਂ ਨੇ ਸਾਹਿਲੀ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ਉੱਤੇ ਤਬਦੀਲ ਕਰਨ ਲਈ ਵਿੱਢੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।
ਉੜੀਸਾ ਦੇ ਮੁੱਖ ਮੰਤਰੀ ਚਰਨ ਮਾਝੀ ਨੇ ਬੈਠਕ ਕਰਕੇ ਅਧਿਕਾਰੀਆਂ ਨੂੰ ਇਸ ਕੁਦਰਤੀ ਆਫ਼ਤ ਕਰਕੇ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਾ ਹੋਣ ਦੇਣ ਦੀ ਹਦਾਇਤ ਕੀਤੀ ਹੈ। ਉਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਵੀਰਵਾਰ ਰਾਤ ਨੂੰ ਸੂਬਾਈ ਸਕੱਤਰੇਤ ਵਿਚ ਰਹਿ ਕੇ ਖੁ਼ਦ ਹਾਲਾਤ ਦੀ ਨਿਗਰਾਨੀ ਕਰਨਗੇ। ਉਨ੍ਹਾਂ ਕਿਹਾ ਕਿ ਸਾਢੇ ਤਿੰਨ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਤਬਦੀਲ ਕੀਤਾ ਗਿਆ ਹੈ। ਇਸ ਦੌਰਾਨ ਕੋਲਕਾਤਾ ਹਵਾਈ ਅੱਡੇ ਉੱਤੇ ਵੀ ਚੱਕਰਵਾਤੀ ਤੂਫ਼ਾਨ ਦੇ ਟਾਕਰੇ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਹਵਾਈ ਅੱਡੇ ’ਤੇ ਵੀਰਵਾਰ ਸ਼ਾਮੀਂ 6 ਵਜੇ ਤੋਂ ਅਗਲੇ 15 ਘੰਟਿਆਂ ਲਈ ਉਡਾਣਾਂ ਮੁਅੱਤਲ ਰਹਿਣਗੀਆਂ। ਮੌਸਮ ਵਿਭਾਗ ਨੇ ਕਿਹਾ ਕਿ ਚੱਕਰਵਾਤੀ ਤੂਫਾਨ ਦੇ ਸ਼ੁੱਕਰਵਾਰ ਵੱਡੇ ਤੜਕੇ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਤੇਜ਼ ਹਵਾਵਾਂ ਨਾਲ ਭੀਤਰਕਨਿਕਾ ਨੈਸ਼ਨਲ ਪਾਰਕ ਤੇ ਧਾਮਰਾ ਪੋਰਟ ਉੱਤੇ ਦਸਤਕ ਦੇਣ ਦੇ ਆਸਾਰ ਹਨ। ਇਸ ਦੌਰਾਨ ਬਾਲਾਸੋਰ, ਭਦਰਕ, ਭੀਤਰਕਨਿਕਾ ਤੇ ਧਾਮਰਾ ਵਿਚ ਤੇਜ਼ ਹਵਾਵਾਂ ਨਾਲ ਕਈ ਥਾਈਂ ਰੁੱਖ਼ ਜੜ੍ਹੋਂ ਪੁੱਟਣ ਤੇ ਸੜਕਾਂ ਬਲਾਕ ਹੋਣ ਦੀਆਂ ਰਿਪੋਰਟਾਂ ਹਨ। ਮੁੱਖ ਮੰਤਰੀ ਮਾਝੀ ਨੇ ਕਿਹਾ ਕਿ ਤਿੰਨ ਲੱਖ ਲੋਕਾਂ ਨੂੰ ਚੱਕਰਵਾਤੀ ਤੂਫਾਨ ਤੋਂ ਬਚਾਅ ਲਈ ਬਣਾਏ ਰੈਣ-ਬਸੇਰਿਆਂ ਵਿਚ ਤਬਦੀਲ ਕੀਤਾ ਗਿਆ ਹੈ। ਕੁੱਲ ਮਿਲਾ ਕੇ 7285 ਸਾਈਕਲੋਨ ਸੈਂਟਰ ਸਥਾਪਿਤ ਤੇ 91 ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਤਬਦੀਲ ਕਰਨ ਤੇ ਬੰਦ ਪਈਆਂ ਸੜਕਾਂ ਖੋਲ੍ਹਣ ਲਈ ਐੱਨਡੀਆਰਐੱਫ ਦੀਆਂ 19 ਤੇ ਓਡੀਆਰਏਐੱਫ ਦੀਆਂ 51 ਟੀਮਾਂ ਦੇ ਨਾਲ ਫਾਇਰ ਸੇਵਾ ਦਾ ਅਮਲਾ ਤਾਇਨਾਤ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਪੁਰੀ, ਖੁਰਦਾ, ਨਯਾਗੜ੍ਹ ਤੇ ਧੇਨਕਨਾਲ ਸਣੇ ਪੰਜ ਜ਼ਿਲ੍ਹਿਆਂ ਵਿਚ ‘ਸੰਤਰੀ ਅਲਰਟ’ ਜਾਰੀ ਕੀਤਾ ਹੈ। ਉਧਰ ਭਾਰਤੀ ਜਲਸੈਨਾ ਨੇ ਵੀ ਮਾਨਵੀ ਸਹਾਇਤਾ ਤੇ ਆਫ਼ਤ ਰਾਹਤ (ਐੱਚਏਡੀਆਰ) ਅਪਰੇਸ਼ਨਾਂ ਲਈ ਤਿਆਰੀਆਂ ਖਿੱਚੀਆਂ ਹੋਈਆਂ ਹਨ। -ਪੀਟੀਆਈ
ਉਪਗ੍ਰਹਿ ਰਾਹੀਂ ਰੱਖ ਰਹੇ ਹਾਂ ਨਜ਼ਰ: ਇਸਰੋ
ਇਸਰੋ ਨੇ ਕਿਹਾ ਕਿ ਉਹ ਉਪਗ੍ਰਹਿ ਜ਼ਰੀਏ ਚੱਕਰਵਾਤੀ ਤੂਫਾਨ ’ਤੇ ਨਜ਼ਰ ਰੱਖ ਰਹੇ ਹਨ ਜੋ ਓੜੀਸਾ ਅਤੇ ਪੱਛਮੀ ਬੰਗਾਲ ਦੇ ਤੱਟਾਂ ਨੇੜੇ ਪੁੱਜ ਰਿਹਾ ਹੈ। ਇਹ ਜਾਣਕਾਰੀ ਇਸਰੋ ਨੇ ਐਕਸ ’ਤੇ ਸਾਂਝੀ ਕੀਤੀ ਹੈ।