ਸਾਈਕਲਿੰਗ: ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਓਵਰਆਲ ਚੈਂਪੀਅਨ
ਸਤਵਿੰਦਰ ਬਸਰਾ
ਲੁਧਿਆਣਾ, 2 ਅਕਤੂਬਰ
ਇਥੋਂ ਦੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਨੇ ਪੀਏਯੂ ਸਾਈਕਲਿੰਗ ਵੇਲੋਡਰੋਮ ਵਿੱਚ ਪੁਰਸ਼ਾਂ ਅਤੇ ਔਰਤਾਂ ਦੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਅੰਤਰ-ਕਾਲਜ ਸਾਈਕਲਿੰਗ ਮੁਕਾਬਲੇ ਦੀ ਮੇਜ਼ਬਾਨੀ ਕੀਤੀ। ਇਸ ਮੁਕਾਬਲੇ ਵਿੱਚ ’ਵਰਸਿਟੀ ਨਾਲ ਸਬੰਧਤ ਸੱਤ ਕਾਲਜਾਂ ਦੇ ਸਾਈਕਲਿਸਟਾਂ ਨੇ ਭਾਗ ਲਿਆ। ਮੁਕਾਬਲੇ ਵਿੱਚ ਜੀਐੱਨਡੀਈਸੀ ਦੀ ਲੜਕਿਆਂ ਅਤੇ ਲੜਕੀਆਂ ਦੀ ਟੀਮ ਚੈਂਪੀਅਨ ਰਹੀ। ਇਸ ਦੌਰਾਨ ਲੜਕਿਆਂ ਦੇ ਮੁਕਾਬਲਿਆਂ ਵਿੱਚ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੀ ਟੀਮ ਓਵਰਆਲ ਚੈਂਪੀਅਨ ਬਣੀ। ਇਸ ਮੌਕੇ ਸਪ੍ਰਿੰਟ, ਟਾਈਮ ਟ੍ਰਾਇਲ, ਵਿਅਕਤੀਗਤ ਪਰਸਿਊਟ ਟੀਮ ਸਪਰਿੰਟਸ ਦੇ ਵੀ ਦਿਲਚਸਪ ਮੁਕਾਬਲੇ ਹੋਏ। ਆਈਕੇਜੀਪੀਟੀਯੂ, ਕਪੂਰਥਲਾ ਦੀ ਟੀਮ ਨੂੰ ਦੂਜਾ ਜਦਕਿ ਚੰਡੀਗੜ੍ਹ ਕਾਲਜ ਆਫ ਇੰਜਨੀਅਰਿੰਗ, ਲਾਂਡਰਾ ਦੀ ਟੀਮ ਨੂੰ ਤੀਜਾ ਸਥਾਨ ਮਿਲਿਆ। ਜੀਐੱਨਡੀਈਸੀ ਦੇ ਰਿਸ਼ਵ ਸ਼ਰਮਾ ਨੂੰ ਸਰਵੋਤਮ ਸਾਈਕਲਿਸਟ ਐਲਾਨਿਆ ਗਿਆ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੀ ਟੀਮ ਔਰਤਾਂ ਵਿੱਚ ਓਰਆਲ ਚੈਂਪੀਅਨ ਬਣੀ, ਜਦਕਿ ਆਈਕੇਜੀਪੀਟੀਯੂ ਟੀਮ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ। ਔਰਤਾਂ ਦੇ ਮੁਕਾਬਲਿਆਂ ਵਿੱਚ ਜਸਨੂਰ ਕੌਰ ਤੇ ਅਨੂ ਗਰੇਵਾਲ ਨੂੰ ਬੈਸਟ ਸਾਈਕਲਿਸਟ ਐਲਾਨਿਆ ਗਿਆ।
ਖਾਲਸਾ ਕਾਲਜ ਫਾਰ ਵਿਮੈੱਨ ਦੀ ਟੀਮ ਅੰਤਰ-ਕਾਲਜ ਬਾਸਕਟਬਾਲ ਚੈਂਪੀਅਨ
ਲੁਧਿਆਣਾ (ਖੇਤਰੀ ਪ੍ਰਤੀਨਿਧ): ਇਥੋਂ ਦੇ ਖਾਲਸਾ ਕਾਲਜ ਫਾਰ ਵਿਮੈੱਨ ਦੀ ਟੀਮ ਨੇ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਬਾਸਕਟਬਾਲ ਚੈਂਪੀਅਨਸ਼ਿਪ ਜਿੱਤ ਲਈ ਹੈ। ਇਹ ਚੈਂਪੀਅਨਸ਼ਿਪ ਲੜਕੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਹਿਤ ਸਥਾਨਕ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ’ਵਰਸਿਟੀ ਦੇ ਅਧੀਨ ਸੱਤ ਕਾਲਜਾਂ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ। ਇਸ ਚੈਂਪੀਅਨਸ਼ਿਪ ਵਿੱਚ ਵਧੀਆ ਖੇਡ ਪ੍ਰਦਰਸ਼ਨ ਕਰਦਿਆਂ ਖਾਲਸਾ ਕਾਲਜ ਦੀਆਂ ਕੁੜੀਆਂ ਨੇ ਦੂਜੀ ਵਾਰ ਬਾਸਕਟਬਾਲ ਦੀ ਓਵਰਆਲ ਟਰਾਫੀ ਆਪਣੇ ਨਾਮ ਕੀਤੀ, ਜਦਕਿ ਪੰਜਾਬ ਯੂਨੀਵਰਸਿਟੀ ਦੀ ਟੀਮ ਪਹਿਲੀ ਰਨਰਅੱਪ ਅਤੇ ਜੀਜੀਐੱਸ ਸੈਕਟਰ-26 ਦੀ ਟੀਮ ਦੂਜੀ ਰਨਰਅੱਪ ਰਹੀ।