ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਈਬਰ ਸਮਾਂ ਅਤੇ ਸਕੂਲ ਸਿੱਖਿਆ ਵਿਚ ਮੋਬਾਈਲ ਫੋਨ ਦੀ ਵਰਤੋਂ

05:17 AM Jan 15, 2025 IST

ਗੁਰਦੀਪ ਢੁੱਡੀ
Advertisement

ਸਕੂਲੀ ਵਿਦਿਆਰਥੀਆਂ ਨੂੰ ‘ਵਿਗਿਆਨਕ ਕਾਢਾਂ ਦੇ ਲਾਭ ਹਾਨੀਆਂ’ ਵਿਸ਼ੇ ’ਤੇ ਲੇਖ ਲਿਖਾ ਕੇ ਇਸ ਦੇ ਬਹੁਤ ਸਾਰੇ ਲਾਭ ਗਿਣਾਉਂਦਿਆਂ ਅੰਤ ’ਤੇ ਇਕ-ਦੋ ਸਤਰਾਂ ਵਿਚ ਇਸ ਦੀਆਂ ਸਾਧਾਰਨ ਹਾਨੀਆਂ ਵੀ ਲਿਖਵਾਈਆਂ ਜਾਂਦੀਆਂ ਸਨ। ਕੁਝ ਹੀ ਵਰ੍ਹਿਆਂ ਬਾਅਦ ਇੱਕੀਵੀਂ ਸਦੀ ਨੂੰ ਵਿਗਿਆਨ ਦੀ ਪ੍ਰਗਤੀ ਦੇ ਸਮੇਂ ਦਾ ਨਾਮ ਦੇ ਦਿੱਤਾ ਗਿਆ। ਇਸੇ ਸਮੇਂ ਸਮਾਜ ਵਿਚ ਵਪਾਰਕ ਘਰਾਣਿਆਂ ਦਾ ਬਹੁਤ ਤੇਜ਼ੀ ਨਾਲ ਵਿਕਾਸ ਹੋਇਆ ਅਤੇ ਉਨ੍ਹਾਂ ਨੇ ਜ਼ਿੰਦਗੀ ਦੇ ਹਰ ਸ਼ੋਹਬੇ ਵਾਂਗ ਵਿਗਿਆਨਕ ਕਾਢਾਂ ’ਤੇ ਵੀ ਆਪਣਾ ਕਬਜ਼ਾ ਕਰ ਲਿਆ। ਹੁਣ ਹਰ ਨਿੱਕੀ ਤੋਂ ਨਿੱਕੀ ਚੀਜ਼ ਇਨ੍ਹਾਂ ਕਾਰਪੋਰੇਟਾਂ ਨੇ ਮੁੱਠੀ ਵਿਚ ਕਰ ਲਈ ਹੈ। ਇਸ ਵਿਚ ਮੋਬਾਈਲ, ਕੰਪਿਊਟਰ, ਲੈਪਟਾਪ, ਟੈਬਲੇਟ, ਇੰਟਰਨੈੱਟ, ਸੋਸ਼ਲ ਮੀਡੀਆ, ਈਮੇਲ; ਗੱਲ ਕੀ, ਇਸ ਨਾਲ ਜੁੜੇ ਹਰ ਸਰੋਕਾਰ ਨੂੰ ਆਪਣੀ ਮੁੱਠੀ ਵਿਚ ਕਰਦਿਆਂ ਇਨ੍ਹਾਂ ਨੂੰ ਆਸਾਨੀ ਨਾਲ ਲੋਕਾਂ ਦੀ ਪਹੁੰਚ ਵਿਚ ਕਰ ਦਿੱਤਾ। ਉਹ ਹਰ ਵਸਤੂ ਵਿਚੋਂ ਮੁਨਾਫ਼ਾ ਲੈਣਾ ਚੰਗੀ ਤਰ੍ਹਾਂ ਜਾਣਦੇ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਹਿਲੀਆਂ ਵਿਚ ਮੁਫ਼ਤ ਵਾਂਗ ਦਿੰਦਿਆਂ ਲੋਕਾਂ ਨੂੰ ਇਸ ਦੀ ਆਦਤ ਪਾਈ, ਫਿਰ ਲੋਕ ਇਸ ਦੇ ਗ਼ੁਲਾਮ ਹੋ ਗਏ। ਅੱਜ ਕਿਸੇ ਨੂੰ ਰੋਟੀ ਮਿਲੇ ਜਾਂ ਨਾ ਪਰ ਮੋਬਾਈਲ ਫੋਨ ਅਤੇ ਇਸ ਵਿਚ ਡੇਟਾ ਲੋਕਾਂ ਦੀ ਪਹੁੰਚ ਵਿਚ ਹੋਣਾ ਚਾਹੀਦਾ ਹੈ। ਕੋਈ ਵੀ ਸ਼ਖ਼ਸ ਮਹੱਤਵਪੂਰਨ ਕੰਮ ਉਸੇ ਵਕਤ ਛੱਡ ਦਿੰਦਾ ਹੈ ਜਦੋਂ ਉਸ ਦੇ ਮੋਬਾਈਲ ਫੋਨ ’ਤੇ ਘੰਟੀ ਖੜਕਦੀ ਹੈ। ਇਸ ਸਮੇਂ ਨੇ ਜੰਮਦੇ ਬੱਚਿਆਂ ਨੂੰ ਇਨ੍ਹਾਂ ਵਸਤੂਆਂ ਦੀ ਜਾਣਕਾਰੀ ਦੇ ਦਿੱਤੀ ਹੈ ਅਤੇ ਉਹ ਅੱਖਰ ਗਿਆਨ ਤੋਂ ਬਿਨਾਂ ਵੀ ਮੋਬਾਈਲ ਚਲਾ ਸਕਦੇ ਹਨ।
ਕੋਵਿਡ-19 ਨੇ ਭਾਰਤ ਵਿਚ 2020 ਦੇ ਪਹਿਲੇ ਮਹੀਨਿਆਂ ਵਿਚ ਦਸਤਕ ਦਿੱਤੀ ਅਤੇ ਦੇਸ਼ ਦੀ ਸਰਕਾਰ ਚੌਕਸ ਹੋ ਗਈ। ਜਲਦੀ ਹੀ ਸਾਰੇ ਦੇਸ਼ ਨੂੰ ਬਿਨਾਂ ਕਿਸੇ ਅਗਾਊਂ ਪ੍ਰਬੰਧ ਕਰਨ ਦੇ ਲੌਕ ਡਾਊਨ ਲਾ ਕੇ ਬਰੇਕਾਂ ਲਾ ਦਿੱਤੀਆਂ। ਪੂਰੇ ਭਾਰਤ ਦੇ ਬੰਦ ਕਰਨ ਵਾਂਗ ਵਿਦਿਅਕ ਸੰਸਥਾਵਾਂ ਵੀ ਬੰਦ ਕਰ ਦਿੱਤੀਆਂ ਤਾਂ ਨਿੱਜੀ ਅਦਾਰਿਆਂ ਨੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋਣ ਵਾਲੇ ਨੁਕਸਾਨ ਦੇ ਬਚਾਉਣ ਲਈ ਆਨਲਾਈਨ ਪੜ੍ਹਾਈ ਸ਼ੁਰੂ ਕਰ ਦਿੱਤੀ। ਸਰਕਾਰ ਨੂੰ ਵੀ ਨੀਂਦ ਤੋਂ ਜਾਗ ਆਈ ਅਤੇ ਇਸ ਨੇ ਵੀ ਸਰਕਾਰੀ ਸਕੂਲਾਂ ਤੇ ਉੱਚ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਦੇ ਹੁਕਮ ਦੇ ਦਿੱਤੇ। ਉਸੇ ਸਮੇਂ ਵਿਦਿਅਕ ਮਾਹਿਰਾਂ ਨੇ ਮੋਬਾਈਲ ਫੋਨ ਵਰਗੇ ਸੰਦ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪਹੁੰਚ ਵਿਚ ਨਾ ਹੋਣ ਦੀ ਦੁਹਾਈ ਦਿੰਦਿਆਂ ਇਸ ਨੂੰ ਨਕਾਰਨ ਵਾਂਗ ਕਿਹਾ ਪਰ ਸਰਕਾਰ ਲੋਕਾਂ ਦੀ ਕਦੋਂ ਸੁਣਦੀ ਹੈ! ਇਹ ਪੜ੍ਹਾਈ ਜਾਰੀ ਰੱਖੀ ਗਈ। ਰੋਟੀ ਵਿਹੂਣੇ ਲੋਕਾਂ ਨੇ ਵੀ ਔਖੇ ਸੌਖੇ ਆਪਣੇ ਬੱਚਿਆਂ ਦੀ ਪੜ੍ਹਾਈ ਵਾਸਤੇ ਉਨ੍ਹਾਂ ਲਈ ਮੋਬਾਈਲ ਫੋਨ ਅਤੇ ਡੇਟਾ ਦਾ ਪ੍ਰਬੰਧ ਕੀਤਾ। ਉਸ ਸਮੇਂ ਨਾ ਤਾਂ ਵਿਦਿਅਕ ਮਾਹਿਰਾਂ ਅਤੇ ਨਾ ਹੀ ਸਮਾਜ ਸੇਵੀਆਂ ਦੇ ਇਸ ਪੜ੍ਹਾਈ ਸਦਕਾ ਹੋਣ ਵਾਲੇ ਉਲਟ ਅਸਰਾਂ ਬਾਰੇ ਸੋਚਿਆ ਅਤੇ ਨਾ ਹੀ ਇਸ ਦਾ ਰੌਲ਼ਾ ਪਾਇਆ। ਇਸ ਦੇ ਦੂਰਗਾਮੀ ਅਸਰਾਂ ਨੇ ਜਲਦੀ ਹੀ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਅੱਲੜ ਤੇ ਬਾਲਗਾਂ ਵਿਚ ਅਜਿਹਾ ‘ਵਾਇਰਸ’ ਆਉਣਾ ਸ਼ੁਰੂ ਹੋ ਗਿਆ ਜਿਹੜਾ ਕੋਵਿਡ-19 ਤੋਂ ਵੀ ਵਧੇਰੇ ਖ਼ਤਰਨਾਕ ਸੀ।
ਅੱਜ ਪ੍ਰਾਇਮਰੀ ਅਤੇ ਅੱਪਰ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀ ਬਹੁਤ ਛੇਤੀ ਬਾਲਗ ਅਵਸਥਾ ਵਿਚ ਪਹੁੰਚ ਜਾਂਦੇ ਹਨ। ਜ਼ਿੰਦਗੀ ਦੇ ਦੂਸਰੇ ਸ਼ੋਹਬਿਆਂ ਵਾਂਗ ਫਿਲਮਾਂ ਵਾਲਿਆਂ ਵਾਸਤੇ ਮੋਬਾਈਲ ਫੋਨ, ਇੰਟਰਨੈੱਟ, ਫੇਸਬੁੱਕ ਆਦਿ ਸਹਾਈ ਹੋ ਰਹੇ ਹਨ ਜਿਸ ਕਰ ਕੇ ਮੁੰਬਈ ਅੱਜ ਪੰਜਾਬ ਦੇ ਪਿੰਡਾਂ ਵਿਚ ਦਾਖਲ ਹੋ ਚੁੱਕਾ ਹੈ। ਇਸ ਤੋਂ ਕਿਤੇ ਖ਼ਤਰਨਾਕ ਵਾਇਰਸ ਸਾਈਬਰ ਦਾ ਇਨ੍ਹਾਂ ਜੰਤਰਾਂ ਵਿਚ ਪ੍ਰਵੇਸ਼ ਹੈ ਜਿਹੜਾ ਬੜੀ ਤੇਜ਼ੀ ਨਾਲ ਜਨਤਾ ਨੂੰ ਮੁੱਠੀ ਵਿਚ ਕਰ ਰਿਹਾ ਹੈ। ਆਮ ਜਨਤਾ ਦਾ ਇਹ ਆਰਥਿਕ ਸ਼ੋਸ਼ਣ ਕਰਦਾ ਹੈ। ਹੁਣ ਸਰਕਾਰ ਨੂੰ ਜਾਗ ਆਈ ਤਾਂ ਇਸ ਨੇ ਮੀਡੀਆ ਰਾਹੀਂ ਲੋਕਾਂ ਨੂੰ ਸੁਚੇਤ ਕਰਨਾ ਸ਼ੁਰੂ ਕੀਤਾ ਹੈ ਪਰ ਚਿੜੀਆਂ ਦੇ ਖੇਤ ਚੁਗਣ ਤੋਂ ਬਾਅਦ ਪਛਤਾਉਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਇਕ ਪਾਸੇ ਸਰਕਾਰ ਦੀ ਲੋਕਾਂ ਨੂੰ ਇਸ ਅਪਰਾਧ ਤੋਂ ਬਚਾਉਣ ਦੀ ਅੱਧ-ਪਚੱਧੀ ਨੀਤੀ ਹੀ ਹੈ; ਦੂਜੇ ਪਾਸੇ ਜ਼ੋਰਾਵਰ ਕਾਰਪੋਰੇਟਾਂ ਦਾ ਲੋਕਾਂ ਨੂੰ ਆਪਣੇ ਗੁਲਾਮ ਬਣਾਉਣ ਲਈ ਵਧੇਰੇ ਜ਼ੋਰ ਲੱਗਦਾ ਹੈ। ਅੰਤ ਨੂੰ ਜਿੱਤ ਤਾਂ ਮੁਨਾਫ਼ੇ ਦੀ ਚਾਹਤ ਵਾਲਿਆਂ ਦੀ ਹੁੰਦੀ ਹੈ। ਇਸ ਸਮੇਂ ਸਮਾਜ ਵਿਚ ਕਿਸੇ ਵੀ ਵਾਧੇ ਘਾਟੇ ਵਾਸਤੇ ਸਿੱਖਿਆ ਸੰਸਥਾਵਾਂ ਯੋਗਦਾਨ ਪਾ ਸਕਦੀਆਂ ਹਨ। ਇਸ ਕਰ ਕੇ ਸਿੱਖਿਆ ਸੰਸਥਾਵਾਂ ਨੂੰ ਇਸ ਪਾਸੇ ਕਦਮ ਉਠਾਉਣੇ ਚਾਹੀਦੇ ਹਨ।
ਆਨਲਾਈਨ ਪੜ੍ਹਾਈ ਦੇ ਛੋਟੇ ਤੋਂ ਛੋਟੇ ਅੰਸ਼ ਨੂੰ ਆਨਲਾਈਨ ਤੋਂ ਮੁਕਤ ਕਰਨਾ ਚਾਹੀਦਾ ਹੈ। ਪਿਛਲੇ ਸਾਲ ਕੌਮਾਂਤਰੀ ਪੱਧਰ ’ਤੇ ਸਿੱਖਿਆ ਸੰਸਥਾਵਾਂ ਵਿਚ ਮੋਬਾਈਲ ਫੋਨ ਦੀ ਵਰਤੋਂ ’ਤੇ ਪਾਬੰਦੀ ਲਾਉਣ ਦਾ ਜ਼ਿਕਰ ਛੇੜਿਆ ਸੀ। ਕੁਝ ਵਿਕਸਤ ਦੇਸ਼ਾਂ ਨੇ ਇਸ ਪਾਸੇ ਹਾਂ ਪੱਖੀ ਕਦਮ ਉਠਾਉਂਦਿਆਂ ਮੋਬਾਈਲ ਫੋਨ ਦੀ ਸਕੂਲਾਂ ਵਿਚ ਵਰਤੋਂ ’ਤੇ ਪਾਬੰਦੀ ਲਾ ਦਿੱਤੀ ਸੀ। ਭਾਰਤ ਵਿਚ ਜਿੰਨਾ ਸਮਾਂ ਸਰਕਾਰ ਦੀ ਇੱਛਾ ਸ਼ਕਤੀ ਹੀ ਨਹੀਂ, ਓਨਾ ਚਿਰ ਇਹ ਹੋ ਨਹੀਂ ਸਕਣਾ। ਨਿੱਜੀ ਸਕੂਲਾਂ ਵਿਚ ਆਪਣੇ ਵਿਦਿਆਰਥੀਆਂ ਨੂੰ ਹੋਮ ਵਰਕ ਵੀ ਵਟਸਐਪ ਰਾਹੀਂ ਭੇਜਿਆ ਜਾਂਦਾ ਹੈ ਹਾਲਾਂਕਿ ਵਿਦਿਆਰਥੀ ਸਾਰਾ ਦਿਨ ਉਨ੍ਹਾਂ ਕੋਲ ਸਕੂਲ ਵਿਚ ਹੁੰਦੇ ਹਨ। ਕੀ ਅਧਿਆਪਕ ਇਹ ਕੰਮ ਸਕੂਲ ਵਿਚ ਨਹੀਂ ਦੇ ਸਕਦੇ? ਹੋਮ ਵਰਕ ਦੇਖਣ ਵਾਸਤੇ ਅਤੇ ਫਿਰ ਇਸ ਨੂੰ ਕਰਨ ਸਮੇਂ ਮੋਬਾਈਲ ਫੋਨ ਵਿਦਿਆਰਥੀਆਂ ਦੇ ਹੱਥਾਂ ਵਿਚ ਹੁੰਦੇ ਹਨ। ਦੇਖਿਆ ਜਾਵੇ ਤਾਂ ਅੱਲੜ ਅਤੇ ਬਾਲਗ ਹੋ ਰਹੇ ਬੱਚੇ, ਕੀ ਮੋਬਾਈਲ ਫੋਨ ’ਤੇ ਕੋਵਲ ਹੋਮ ਵਰਕ ਹੀ ਦੇਖਦੇ ਹਨ? ਇਸੇ ਤਰ੍ਹਾਂ ਇਕ ਦੋ ਛੁੱਟੀਆਂ ਹੋਣ ’ਤੇ ਹੀ ਨਿੱਜੀ ਸਕੂਲ ਅਤੇ ਕਦੇ-ਕਦੇ ਸਰਕਾਰੀ ਸਕੂਲ ਵੀ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਲੱਗ ਜਾਂਦੇ ਹਨ। ਕੀ ਮਾਪੇ ਸਾਰਾ ਸਮਾਂ ਆਪਣੇ ਬੱਚਿਆਂ ਦੀ ਨਿਗਰਾਨੀ ਕਰ ਸਕਦੇ ਹਨ? ਬਾਲਗ ਹੋ ਰਹੇ ਅਤੇ ਬਾਲਗ ਹੋ ਚੁੱਕੇ ਬੱਚੇ ਖਾਸ ਉਮਰ ਤੱਕ ਆਪਣਾ ਨਫ਼ਾ ਨੁਕਸਾਨ ਨਹੀਂ ਜਾਣਦੇ ਹੁੰਦੇ; ਉਹ ਜਲਦੀ ਹੀ ਕਿਸੇ ਨਾ ਕਿਸੇ ਤਰ੍ਹਾਂ ਦੇ ਅਪਰਾਧ ਵਿਚ ਸ਼ਾਮਲ ਹੋ ਜਾਂਦੇ ਹਨ।
ਸਰਕਾਰਾਂ ਨੂੰ ਇਸ਼ਤਿਹਾਰਬਾਜ਼ੀ ਤੋਂ ਉੱਪਰ ਉੱਠ ਕੇ ਸਾਰਥਕ ਕਦਮ ਉਠਾਉਣੇ ਚਾਹੀਦੇ ਹਨ। ਜ਼ਿੰਦਗੀ ਦੀ ਪੜ੍ਹਾਈ ਕਰਾਉਣ ਵਿਚ ਸਕੂਲਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਸਕੂਲ ਵਿਦਿਆਰਥੀ ਦੇ ਅਗਲੇਰੇ ਜੀਵਨ ਵਾਸਤੇ ਅਗਵਾਈ ਕਰਦੇ ਹਨ। ਇਨ੍ਹਾਂ ਲੀਹਾਂ ਲਈ ਕੇਵਲ ਅੱਖਰ ਗਿਆਨ ਹੀ ਪੂਰਾ ਨਹੀਂ ਹੁੰਦਾ ਸਗੋਂ ਅਧਿਆਪਕਾਂ ਦੀ ਅਗਵਾਈ ਵਿਚ ਸਿਲੇਬਸ ਤੋਂ ਇਲਾਵਾ ਜ਼ਿੰਦਗੀ ਦੀ ਪੜ੍ਹਾਈ ਦੇ ਪਾਠ ਵੀ ਪੜ੍ਹਾਏ ਜਾਂਦੇ ਹਨ। ਸਕੂਲਾਂ ਵਿਚ ਬਹੁਤ ਸਾਰੀਆਂ ਸਹਿਪਾਠੀ ਕਿਰਿਆਵਾਂ ਵਿਦਿਆਰਥੀਆਂ ਨੂੰ ਕਰਵਾਉਣੀਆਂ ਹੁੰਦੀਆਂ। ਇਹ ਕਿਰਿਆਵਾਂ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਤੁਰਨਾ ਸਿਖਾਉਂਦੀਆਂ ਹਨ। ਖੇਡ ਦੇ ਮੈਦਾਨ ਵਿਚ ਜਾਣ ਵਾਲੇ ਵਿਦਿਆਰਥੀ ਦੁਆਰਾ ਖੇਡਣ ਤੋਂ ਪਹਿਲਾਂ ਮੈਦਾਨ ਨੂੰ ਨਮਸਕਾਰ ਕਰਨਾ ਦੇਖਣ ਨੂੰ ਸਾਧਾਰਨ ਜਾਪਦਾ ਹੈ ਪਰ ਅਸਲ ਵਿਚ ਇਹ ਖਿਡਾਰੀ ਵਿਚ ਉੱਤਮ ਭਾਵਨਾਵਾਂ ਦਾ ਸੰਚਾਰ ਕਰਦਾ ਹੈ। ਲਾਇਬਰੇਰੀ ਤੇ ਪ੍ਰਯੋਗਸ਼ਾਲਾ ਵਿਚ ਵਿਦਿਆਰਥੀ ਆਪਣੇ ਅਧਿਆਪਕ ਦੀ ਨਿਗਰਾਨੀ ਵਿਚ ਬੜਾ ਕੁਝ ਸਹਿਜੇ ਹੀ ਪ੍ਰਾਪਤ ਕਰ ਜਾਂਦਾ ਹੈ।
ਇਸ ਲਈ ਜ਼ਰੂਰੀ ਹੈ ਕਿ ਸਕੂਲੀ ਕਿਰਿਆਵਾਂ ’ਤੇ ਜ਼ੋਰ ਦਿੱਤਾ ਜਾਵੇ ਅਤੇ ਪੜ੍ਹਾਈ ਮੋਬਾਈਲ ਫੋਨ ਜਾਂ ਇੰਟਰਨੈੱਟ ’ਤੇ ਕਰਵਾਉਣ ਦੀ ਥਾਂ ਅਧਿਆਪਕਾਂ ਦੁਆਰਾ ਕਰਵਾਈ ਜਾਵੇ। ਸਕੂਲਾਂ ਵਿਚ ਅਧਿਆਪਕਾਂ ਅਤੇ ਵਿਦਿਆਰਥੀ ਦੇ ਮੋਬਾਈਲ ਫੋਨ ਵਰਤਣ ’ਤੇ ਪੂਰਨ ਪਾਬੰਦੀ ਹੋਣੀ ਚਾਹੀਦੀ ਹੈ। ਸਾਈਬਰ ਕਰਾਈਮ ਤੋਂ ਬਚਣ ਲਈ ਮੋਬਾਈਲ ਫੋਨ ਅਤੇ ਇਸ ਨਾਲ ਜੁੜੇ ਸਾਰੇ ਸੰਦਾਂ ’ਤੇ ਸਕੂਲ ਪੱਧਰ ’ਤੇ ਵਰਤੋਂ ਕਰਨ ਦੀ ਮਨਾਹੀ ਹੋਣੀ ਚਾਹੀਦੀ ਹੈ।
ਸੰਪਰਕ: 95010-20731

Advertisement
Advertisement