Cyber Scam: ਨਕਲੀ ਸੀਬੀਆਈ ਅਫ਼ਸਰ ਬਣ ਵੀਡੀਓ ਕਾਲ ਰਾਹੀਂ ਠੱਗੇ 46 ਲੱਖ
ਇੰਦੌਰ, 8 ਅਕਤੂਬਰ
Cyber Scam: ਸਮੇਂ-ਸਮੇਂ ’ਤੇ ਆਨਲਾਈਨ ਠੱਗੀ ਦੇ ਵੱਖ-ਵੱਖ ਅਤੇ ਹੈਰਾਨੀਜਨਕ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਇੰਦੌਰ ਤੋਂ ਸਾਹਮਣੇ ਆਇਆ ਜਿਸ ਵਿਚ ਠੱਗ ਗਿਰੋਹ ਨੇ 65 ਸਾਲਾ ਮਹਿਲਾ ਨੂੰ ਆਪਣੇ ਜਾਲ ਵਿੱਚ ਫਸਾ ਕੇ 46 ਲੱਖ ਰੁਪਏ ਠੱਗ ਲਏ ਹਨ।
ਠੱਗ ਨੇ ਵੀਡੀਓ ਕਾਲ ’ਤੇ ਮਹਿਲਾ ਨੂੰ ਘਰ ਵਿਚ ਹੀ ਕੀਤਾ ‘ਡਿਜੀਟਲ ਅਰੈਸਟ’
ਪੁਲੀਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਡਿਜੀਟਲ ਅਰੈਸਟ’ ਸਾਈਬਰ ਠੱਗੀ ਦਾ ਇਕ ਨਵਾਂ ਤਰੀਕਾ ਹੈ। ਇਸ ਤਰ੍ਹਾਂ ਦੇ ਮਾਮਲਿਆਂ ਵਿਚ ਠੱਗ ਆਪਣੇ ਆਪ ਨੂੰ ਕਾਨੂੰਨੀ ਅਧਿਕਾਰੀ ਦੱਸ ਕੇ ਲੋਕਾਂ ਨੂੰ ਵੀਡੀਓ ਅਤੇ ਆਡੀਓ ਕਾਲ ਰਾਹੀਂ ਡਰਾਉਂਦੇ ਹਨ ਅਤੇ ਗ੍ਰਿਫ਼ਤਾਰੀ ਦਾ ਝਾਂਸਾ ਕੇ ਘਰ ਵਿਚ ਹੀ ਡਿਜੀਟਲੀ ਬੰਧਕ ਬਣਾ ਲੈਂਦੇ ਹਨ।
ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ ਰਾਜੇਸ਼ ਡੰਡੋਤੀਆ ਨੇ ਦੱਸਿਆ ਕਿ ਪਿਛਲੇ ਮਹੀਨੇ ਇਕ ਵਿਅਕਤੀ ਨੇ 65 ਸਾਲਾ ਮਹਿਲਾ ਨੂੰ ਫੋਨ ਕੀਤਾ ਅਤੇ ਆਪਣੇ ਆਪ ਨੂੰ ਸੀਬੀਆਈ ਅਧਿਕਾਰੀ ਦੱਸਿਆ ਅਤੇ ਉਕਤ ਵਿਅਕਤੀ ਨੇ ਮਹਿਲਾ ਨੂੰ ਡਰਾਇਆ ਕਿ ਉਸਦੇ ਬੈਂਕ ਖਾਤੇ ਦੀ ਵਰਤੋ ਨਸ਼ੀਲੇ ਪਦਾਰਥਾਂ ਦੀ ਖਰੀਦ, ਅਤਿਵਾਦੀ ਗਤੀਵਿਧੀਆਂ ਅਤੇ ਮਨੀ ਲਾਂਡਰਿਗ ਲਈ ਕੀਤੀ ਗਈ ਹੈ ਜਿਸ ਲਈ ਉਸਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ।
ਡਰਾ ਕੇ ਮਹਿਲਾ ਤੋਂ ਹੀ ਟਰਾਂਸਫ਼ਰ ਕਰਵਾਏ 46 ਲੱਖ ਰੁਪਏ
ਦੰਡੋਤੀਆ ਨੇ ਦੱਸਿਆ ਕਿ ਠੱਗ ਗਿਰੋਹ ਨੇ ਵੀਡੀਓ ਕਾਲ ਰਾਹੀਂ ਮਹਿਲਾ ਨੂੰ ਘਰ ਵਿਚ ਵਿਚ ਹੀ ਗ੍ਰਿਫ਼ਤਾਰ ਕਰਕੇ ਪੰਜ ਦਿਨ ਤੱਕ ਪੁੱਛਗਿੱਛ ਕੀਤੀ ਅਤੇ ਮਹਿਲਾ ਨੂੰ ਬੈਂਕ ਖਾਤੇ ਵਿਚ ਜਮ੍ਹਾਂ ਰਾਸ਼ੀ ਉਸਦੇ ਦੱਸੇ ਖਾਤੇ ਵਿਚ ਭੇਜਣ ਲਈ ਕਿਹਾ। ਠੱਗ ਨੇ ਵੀਡੀਓ ਕਾਲ ’ਤੇ ਮਹਿਲਾ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਪੈਸੇ ਉਸਦੇ ਦੱਸੇ ਖਾਤਿਆਂ ਵਿਚ ਨਹੀਂ ਭੇਜੇਗੀ ਤਾਂ ਉਸ ਦੇ ਬੱਚਿਆਂ ਨੂੰ ਵੀ ਖਤਰਾ ਹੋ ਸਕਦਾ ਹੈ ਜਿਸ ਤੋਂ ਡਰੀ ਮਹਿਲਾ ਨੇ 46 ਲੱਖ ਰੁਪਏ ਗਿਰੋਹ ਵੱਲੋਂ ਦੱਸੇ ਵੱਖ ਵੱਖ ਖਾਤਿਆਂ ਵਿਚ ਟਰਾਂਸਫਰ ਕਰ ਦਿੱਤੇ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਠੱਗੀ ਦਾ ਬਾਰੇ ਪਤਾ ਲੱਗਣ ਤੋਂ ਬਾਅਦ ਮਹਿਲਾ ਕੇ ਕੌਮੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ ਅਤੇ ਪੁਲੀਸ ਨੂੰ ਸ਼ਿਕਾਇਤ ਦਿੱਤੀ। ਉਨ੍ਹਾਂ ਕਿ ਇਸ ਸਬੰਧੀ ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ।