ਕੇਅਰਟੇਕਰ ਮਹਿਲਾ ਵੱਲੋਂ ਬਜ਼ੁਰਗ ਨਾਲ ਸਾਈਬਰ ਧੋਖਾਧੜੀ
ਪੱਤਰ ਪ੍ਰੇਰਕ
ਜਲੰਧਰ, 21 ਸਤੰਬਰ
ਇੱਥੇ ਨਿਊ ਕੋਰਟ ਚੌਕ ਨੇੜੇ ਇੱਕ ਘਰ ਵਿੱਚ ਕੇਅਰਟੇਕਰ ਵਜੋਂ ਕੰਮ ਕਰਦੀ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੇ ਸਾਈਬਰ ਧੋਖਾਧੜੀ ਕੀਤੀ ਹੈ। ਮੁਲਜ਼ਮਾਂ ਨੇ ਪਹਿਲਾਂ ਬਜ਼ੁਰਗ ਵਿਅਕਤੀ ਦੇ ਫੋਨ ਤੋਂ 6 ਲੱਖ 84 ਹਜ਼ਾਰ ਰੁਪਏ ਯੂਪੀਆਈ ਰਾਹੀਂ ਉਨ੍ਹਾਂ ਦੇ ਵੱਖ-ਵੱਖ ਖਾਤਿਆਂ ਵਿੱਚ ਟਰਾਂਸਫਰ ਕੀਤੇ ਅਤੇ ਫਿਰ ਕਰੀਬ ਸਾਢੇ 6 ਤੋਲੇ (65 ਗ੍ਰਾਮ) ਸੋਨਾ ਚੋਰੀ ਕਰ ਕੇ ਫਰਾਰ ਹੋ ਗਏ। ਪੀੜਤ ਬਜ਼ੁਰਗ ਰਿਸ਼ੀਪਾਲ ਸਿੰਘ ਨੇ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਨਵੀਂ ਬਾਰਾਦਰੀ ਦੀ ਪੁਲੀਸ ਨੂੰ ਕੀਤੀ। ਇਸ ਮਾਮਲੇ ਵਿੱਚ ਪੁਲੀਸ ਨੇ ਪੀੜਤ ਬਜ਼ੁਰਗ ਦੇ ਬਿਆਨਾਂ ’ਤੇ ਇੱਕ ਔਰਤ ਸਮੇਤ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਬੀਐੱਨਐੱਸ 318 ਅਤੇ 305 ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਅਨੁਜ ਸਿੰਘ ਅਤੇ ਸੁਸ਼ੀਲਾ ਸਿੰਘ ਉਰਫ਼ ਨੀਲਮ ਸਿੰਘ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਪੁਲੀਸ ਵੱਲੋਂ ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ 90 ਸਾਲਾ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੁਸ਼ੀਲਾ ਸਿੰਘ ਉਰਫ਼ ਨੀਲਮ ਘਰ ਵਿੱਚ ਕੇਅਰਟੇਕਰ ਵਜੋਂ ਕੰਮ ਕਰਦੀ ਸੀ। ਘਰ ਦਾ ਸਾਰਾ ਕੰਮ ਉਹ ਹੀ ਕਰਦੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਨੀਲਮ ਨੇ ਆਪਣੇ ਸਾਥੀ ਨਾਲ ਮਿਲ ਕੇ ਉਸ ਦੇ ਫੋਨ ਨੂੰ ਕਲੋਨ ਕੀਤਾ ਅਤੇ ਉਸ ਦੀ ਆਨਲਾਈਨ ਪੇਮੈਂਟ ਐਪ ਰਾਹੀਂ ਮੁਲਜ਼ਮਾਂ ਨੇ ਕਰੀਬ 6 ਲੱਖ 84 ਹਜ਼ਾਰ ਰੁਪਏ ਉਨ੍ਹਾਂ ਦੇ ਖਾਤਿਆਂ ’ਚ ਟਰਾਂਸਫਰ ਕੀਤੇ ਜਿਸ ਤੋਂ ਬਾਅਦ ਅਨੁਜ ਨੇ ਪੀੜਤ ਦੀ ਸੋਨੇ ਦੀ ਚੇਨ (5 ਤੋਲੇ) ਅਤੇ 2 ਸੋਨੇ ਦੀਆਂ ਮੁੰਦਰੀਆਂ (ਡੇਢ ਤੋਲੇ) ਚੋਰੀ ਕਰ ਲਈਆਂ ਅਤੇ ਫ਼ਰਾਰ ਹੋ ਗਏ।