ਸਾਈਬਰ ਅਪਰਾਧ: ਨਿਵੇਸ਼ ਦੇ ਨਾਂ ਹੇਠ 88 ਲੱਖ ਰੁਪਏ ਠੱਗੇ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਨਵੰਬਰ
ਸਾਈਬਰ ਠੱਗਾਂ ਨੇ ਨਿਵੇਸ਼ ਦੇ ਨਾਂ ਹੇਠ ਸਨਅਤਕਾਰ ਨਾਲ 88 ਲੱਖ ਰੁਪਏ ਦੀ ਠੱਗੀ ਮਾਰੀ ਹੈ। ਮੁਲਜ਼ਮਾਂ ਨੇ ਪੀੜਤ ਨੂੰ ਪੈਸੇ ਲਗਾ ਕੇ ਮੁਨਾਫ਼ਾ ਦੁੱਗਣਾ ਕਰਨ ਦਾ ਝਾਂਸਾ ਦਿੱਤਾ ਸੀ। ਪੈਸਿਆਂ ਦੀ ਠੱਗੀ ਦਾ ਸ਼ਿਕਾਰ ਹੋਣ ਮਗਰੋਂ ਬਾਗ਼ ਵਾਲੀ ਗਲੀ ਦੇ ਵਸਨੀਕ ਨਰੇਸ਼ ਕੁਮਾਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਸ ਦੀ ਸ਼ਿਕਾਇਤ ’ਤੇ ਥਾਣਾ ਕੋਤਵਾਲੀ ਦੀ ਪੁਲੀਸ ਨੇ ਗੋਬਿੰਦ ਉਰਫ ਬਾਸੂ, ਕਮਲੇਸ਼, ਪ੍ਰਕਾਸ਼, ਰਾਘਵ ਕਰੀਮ ਐਂਟਰਪ੍ਰਾਈਜ਼, ਜਗੇਸ਼ ਅਤੇ ਮੋਹਨ ਭਾਈ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੀੜਤ ਨਰੇਸ਼ ਕੁਮਾਰ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਹ ਆਪਣਾ ਕਾਰੋਬਾਰ ਚਲਾਉਂਦਾ ਹੈ ਅਤੇ ਮੁਲਜ਼ਮਾਂ ਨੂੰ ਜਾਣਦਾ ਸੀ। ਮੁਲਜ਼ਮਾਂ ਨੇ ਉਸ ਨੂੰ ਨਿਵੇਸ਼ ਕਰਨ ਦਾ ਲਾਲਚ ਦਿੱਤਾ ਅਤੇ ਉਸ ਦਾ ਮੁਨਾਫ਼ਾ ਦੁੱਗਣਾ ਕਰਨ ਦਾ ਵਾਅਦਾ ਕੀਤਾ। ਇਸ ਤੋਂ ਬਾਅਦ ਨਰੇਸ਼ ਨੇ ਮੁਲਜ਼ਮਾਂ ਰਾਹੀਂ ਵੱਖ-ਵੱਖ ਤਰੀਕਾਂ ਤਹਿਤ ਕਰੀਬ 88 ਲੱਖ 14 ਹਜ਼ਾਰ ਰੁਪਏ ਨਿਵੇਸ਼ ਕੀਤੇ। ਪੈਸੇ ਲਗਾਉਣ ਤੋਂ ਬਾਅਦ ਮੁਲਜ਼ਮਾਂ ਨੇ ਉਸਦੇ ਪੈਸੇ ਠੱਗ ਲਏ। ਕੁੱਝ ਸਮਾਂ ਬਾਅਦ ਪੈਸਿਆਂ ਦੇ ਮੁੱਦੇ ਨੂੰ ਲੈ ਕੇ ਬਹਿਸ ਹੋ ਗਈ ਤੇ ਜਦੋਂ ਨਰੇਸ਼ ਨੇ ਮੁਨਾਫ਼ਾ ਛੱਡ ਕੇ ਬਾਕੀ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਮੁਲਜ਼ਮਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਪੁਲੀਸ ਨੇ ਜਾਂਚ ਮਗਰੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।