ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਰਫਿਊ ਦੇ ਦਿਨ

07:58 AM Jul 08, 2024 IST

ਰਾਜਿੰਦਰ ਸਿੰਘ ਮਰਾਹੜ

ਜੂਨ 1984 ਵਿਚ ਮੈਂ ਭਾਵੇਂ 9 ਕੁ ਸਾਲ ਦਾ ਸੀ ਪਰ ਉਸ ਸਮੇਂ ਵਾਪਰੀਆਂ ਘਟਨਾਵਾਂ ਧੁਰ ਚੇਤੇ ਅੰਦਰ ਵਸੀਆਂ ਹੋਈਆਂ ਹਨ। ਸਾਡਾ ਘਰ ਪਿੰਡ ਕੋਠਾ ਗੁਰੂ ਦੇ ਬੱਸ ਅੱਡੇ ਅਤੇ ਸਰਕਾਰੀ ਸਕੂਲ ਦੇ ਨੇੜੇ ਹੈ। 2 ਜੂਨ ਦੀ ਸਵੇਰ ਨੂੰ ਉੱਠਣ ’ਤੇ ਸਾਹਮਣੇ ਸਕੂਲ ਵੱਲ ਨਜ਼ਰ ਪਈ ਤਾਂ ਦੇਖਿਆ, ਪੂਰਾ ਗਰਾਊਂਡ ਫ਼ੌਜੀਆਂ ਤੇ ਉਨ੍ਹਾਂ ਦੀਆਂ ਗੱਡੀਆਂ ਨਾਲ ਭਰਿਆ ਪਿਆ ਸੀ। ਫ਼ੌਜ ਦੇਖ ਕੇ ਨੇੜੇ ਤੇੜੇ ਦੇ ਕਾਫ਼ੀ ਲੋਕ ਉਨ੍ਹਾਂ ਨੂੰ ਦੇਖਣ ਲਈ ਇਕੱਠੇ ਹੋ ਗਏ ਪਰ ਕੁਝ ਫ਼ੌਜੀ ਬੜੀ ਤੇਜ਼ੀ ਨਾਲ ਉਥੇ ਆਏ ਅਤੇ ਉਨ੍ਹਾਂ ਬੜੀ ਰੁੱਖੀ ਅਤੇ ਸਖ਼ਤ ਬੋਲੀ ਵਿੱਚ ਸਾਰਿਆਂ ਨੂੰ ਘਰੋ-ਘਰੀ ਜਾਣ ਲਈ ਕਿਹਾ।
ਥੋੜ੍ਹੇ ਚਿਰ ਬਾਅਦ ਫ਼ੌਜੀ ਗੱਡੀਆਂ ਸਪੀਕਰ ਰਾਹੀਂ ਪਿੰਡ ਵਿਚ ਅਨਾਊਂਸਮੈਂਟ ਕਰਨ ਲੱਗੀਆਂ: ‘ਕਰਫਿਊ ਲਗਾ ਹੂਆ ਹੈ, ਕੋਈ ਘਰ ਸੇ ਬਾਹਰ ਨਾ ਨਿਕਲੇ, ਗੋਲੀ ਮਾਰ ਦੀ ਜਾਏਗੀ।’ ਪਿੰਡ ਦੀਆਂ ਸੜਕਾਂ ਅਤੇ ਗਲੀਆਂ ਵਿਚ ਫ਼ੌਜ ਦੀਆਂ ਗੱਡੀਆਂ ਘੂਕ ਰਹੀਆਂ ਸਨ। ਸਾਰੇ ਲੋਕ ਘਰਾਂ ਵਿਚ ਬੰਦ ਹੋ ਕੇ ਰਹਿ ਗਏ ਸਨ। ਕਿਸੇ ਨੂੰ ਵੀ ਘਰੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਸੀ। ਉਪਰੋਂ ਜੂਨ ਮਹੀਨੇ ਦੀ ਗਰਮੀ ਦੇ ਕਹਿਰ ਕਾਰਨ ਲੋਕਾਂ ਦਾ ਬੁਰਾ ਹਾਲ ਸੀ। ਜੇ ਕੋਈ ਪੈਦਲ ਬੰਦਾ ਕਰਫਿਊ ਦੌਰਾਨ ਬਾਹਰ ਮਿਲਦਾ ਤਾਂ ਫ਼ੌਜੀ ਸਜ਼ਾ ਵਜੋਂ ਉਸ ਕੋਲੋਂ ਬੈਠਕਾਂ ਕਢਵਾਉਂਦੇ ਅਤੇ ਸਾਈਕਲ ਵਾਲੇ ਦੇ ਗਲ ਵਿਚ ਸਾਈਕਲ ਪਵਾ ਕੇ ਗੇੜੇ ਲਗਵਾਉਂਦੇ।
ਬਾਅਦ ਵਿੱਚ ਪਤਾ ਲੱਗਿਆ ਕਿ ਇਲਾਕੇ ਵਿੱਚ ਫ਼ੌਜ ਦਾ ਮੁੱਖ ਟਿਕਾਣਾ ਸਾਡੇ ਪਿੰਡ ਹੀ ਸੀ ਜਿਸ ਕਰਕੇ ਇਥੇ ਫ਼ੌਜ ਜਿ਼ਆਦਾ ਨਫ਼ਰੀ ਵਿਚ ਸੀ। ਫ਼ੌਜ ਦਾ ਦਫ਼ਤਰ ਸਹਿਕਾਰੀ ਖੇਤੀਬਾੜੀ ਸਭਾ ਦੀ ਇਮਾਰਤ ਵਿੱਚ ਸੀ। ਪਹਿਲਾਂ ਵੱਡੇ ਸ਼ਹਿਰਾਂ ਵਿੱਚ ਕਰਫਿਊ ਲੱਗਣ ਦੀਆਂ ਖ਼ਬਰਾਂ ਤਾਂ ਬੜੀਆਂ ਸੁਣੀਆਂ ਸਨ ਪਰ ਹੁਣ ਅਸੀਂ ਪਿੰਡ ਵਿੱਚ ਲੱਗਿਆ ਕਰਫਿਊ ਆਪਣੇ ਅੱਖੀਂ ਦੇਖ ਰਹੇ ਸਨ। ਇਸ ਤੋਂ ਪਹਿਲੀ ਰਾਤ ਮੇਰੇ ਛੋਟੇ ਚਾਚਾ ਜੀ ਜੋ ਬਾਹਰੋਂ ਕਿਤਿਓਂ ਸੁਣ ਕੇ ਆਏ ਸਨ, ਮੇਰੇ ਦਾਦਾ ਜੀ ਨੂੰ ਕਹਿਣ ਲੱਗੇ, “ਬਾਪੂ ਕੱਲ੍ਹ ਨੂੰ ਆਪਣੇ ਵੀ ਕਰਫਿਊ ਲੱਗਣਾ।” ਇਹ ਸੁਣ ਕੇ ਮੇਰੇ ਦਾਦਾ ਜੀ ਕਹਿਣ ਲੱਗੇ, “ਪੁੱਤ ਕਰਫਿਊ ਵੱਡੇ ਸ਼ਹਿਰਾਂ ਵਿੱਚ ਲੱਗਦਾ, ਪਿੰਡਾਂ ਵਿਚ ਨਹੀਂ।” ਰੇਡੀਓ ’ਤੇ ਸਵੇਰ ਸਾਢੇ ਅੱਠ ਵਾਲੀਆਂ ਪੰਜਾਬੀ ਖਬਰਾਂ ਸੁਣੀਆਂ ਤਾਂ ਉਨ੍ਹਾਂ ਵਿੱਚ ਵੀ ਇਹੀ ਆਇਆ ਕਿ ਪੰਜਾਬ ਨੂੰ ਫ਼ੌਜ ਹਵਾਲੇ ਕਰ ਕੇ ਸਾਰੇ ਸੂਬੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਕਰਫਿਊ ਲੱਗਣ ਕਾਰਨ ਪਿੰਡ ਅਖ਼ਬਾਰ ਆਉਣੇ ਬੰਦ ਹੋ ਗਏ। ਹੁਣ ਸਾਡੇ ਕੋਲ ਖ਼ਬਰ ਜਾਨਣ ਦਾ ਸਾਧਨ ਸਿਰਫ਼ ਰੇਡੀਓ ਹੀ ਰਹਿ ਗਿਆ ਸੀ।
ਉਨ੍ਹਾਂ ਦਿਨਾਂ ਵਿਚ ਬੀਬੀਸੀ ਲੰਡਨ ਰੇਡੀਓ ’ਤੇ ਸਵੇਰ ਸ਼ਾਮ ਹਿੰਦੀ ਵਿਚ ਖਬਰਾਂ ਆਉਂਦੀਆਂ ਸਨ ਜਿਸ ਵਿਚ ਪੰਜਾਬ ਦੀਆਂ ਘਟਨਾਵਾਂ ਨੂੰ ਬੜੀ ਪ੍ਰਮੁੱਖਤਾ ਨਾਲ ਜਗ੍ਹਾ ਦਿੱਤੀ ਜਾਂਦੀ ਸੀ। ਪੰਜਾਬ ਦੇ ਲੋਕ ਵੀ ਇਨ੍ਹਾਂ ਖਬਰਾਂ ’ਤੇ ਕਾਫ਼ੀ ਵਿਸ਼ਵਾਸ ਕਰਦੇ ਸਨ। ਉਨ੍ਹੀਂ ਦਿਨੀਂ ਮਾਰਕ ਟਲੀ ਅਤੇ ਸਤੀਸ਼ ਜੈਕਬ ਬੀਬੀਸੀ ਦੇ ਪੱਤਰਕਾਰ ਸਨ। ਸਾਡੇ ਘਰ ਭਾਵੇਂ ਬੁਸ਼ ਕੰਪਨੀ ਦਾ ਰੇਡੀਓ ਸੀ ਜੋ ਵਧੀਆ ਮੰਨਿਆ ਜਾਂਦਾ ਸੀ ਪਰ ੀਓ੍ਹ ਕਈ ਵਾਰ ਬੀਬੀਸੀ ਚੰਗੀ ਤਰ੍ਹਾਂ ਸਾਫ਼ ਨਾ ਖਿੱਚਦਾ ਤਾਂ ਅਸੀਂ ਇਨਹਾਂ ਖ਼ਬਰਾਂ ਤੋਂ ਵਾਂਝੇ ਰਹਿ ਜਾਂਦੇ। ਪਿਤਾ ਜੀ ਭਗਤਾ ਭਾਈ ਜੋ ਮੇਰੇ ਪਿੰਡ ਤੋਂ ਮਹਿਜ਼ 5 ਕਿਲੋਮੀਟਰ ਦੀ ਦੂਰ ਹੈ, ਵਾਲੇ ਬਿਜਲੀ ਘਰ ਵਿੱਚ ਬਤੌਰ ਸਬ ਸਟੇਸ਼ਨ ਅਸਿਸਟੈਂਟ ਸੇਵਾਵਾਂ ਨਿਭਾਅ ਰਹੇ ਸਨ। ਉਨ੍ਹਾਂ ਦੀ ਐਮਰਜੈਂਸੀ ਡਿਊਟੀ ਹੋਣ ਕਾਰਨ ਫ਼ੌਜ ਨੇ ਉਨ੍ਹਾਂ ਨੂੰ ਕਰਫਿਊ ਪਾਸ ਜਾਰੀ ਕੀਤਾ ਹੋਇਆ ਸੀ। ਉਹ ਕਰਫਿਊ ਵਿੱਚ ਵੀ ਆਪਣੀ ਡਿਊਟੀ ’ਤੇ ਜਾਂਦੇ ਰਹੇ।
ਕਰਫਿਊ ਦੌਰਾਨ ਜੇਕਰ ਪਿੰਡ ਦੇ ਲੋਕਾਂ ਜਾਂ ਫ਼ੌਜੀ ਅਧਿਕਾਰੀਆਂ ਨੇ ਕੋਈ ਗੱਲ ਕਰਨੀ ਹੁੰਦੀ ਤਾਂ ਉਹ ਕੇਵਲ ਸਰਪੰਚ ਗੁਰਦਿਆਲ ਸਿੰਘ ਸੰਧੂ ਰਾਹੀਂ ਹੀ ਕਰਦੇ ਸਨ। ਕਰੀਬ ਦੋ ਹਫ਼ਤੇ ਲਗਾਤਾਰ ਕਰਫਿਊ ਜਾਰੀ ਰਿਹਾ। ਇਸ ਤੋਂ ਬਾਅਦ ਪ੍ਰਸ਼ਾਸਨ ਲੋਕਾਂ ਨੂੰ ਖਾਣ ਪੀਣ ਦਾ ਸਮਾਨ ਲੈਣ ਅਤੇ ਹੋਰ ਜ਼ਰੂਰੀ ਕੰਮ ਧੰਦਿਆਂ ਲਈ ਕਰਫਿਊ ਵਿਚ ਥੋੜ੍ਹੀ ਥੋੜ੍ਹੀ ਢਿੱਲ ਦੇਣ ਲੱਗ ਪਿਆ। ਫਿਰ ਇਹ ਕਰਫਿਊ ਸਿਰਫ਼ ਰਾਤ ਦਾ ਹੀ ਰਹਿ ਗਿਆ।
ਹੌਲੀ-ਹੌਲੀ ਰਾਤ ਦਾ ਕਰਫਿਊ ਵੀ ਹਟਾ ਲਿਆ ਗਿਆ ਪਰ ਸਾਡੇ ਪਿੰਡ ਦੇ ਬੱਸ ਅੱਡੇ ’ਤੇ ਫ਼ੌਜ ਵੱਲੋਂ ਜ਼ਬਰਦਸਤ ਬੈਰੀਕੇਡਿੰਗ ਕਰ ਕੇ ਲਗਾਇਆ ਨਾਕਾ ਕਾਫੀ ਲੰਮਾ ਸਮਾਂ ਮੌਜੂਦ ਰਿਹਾ ਅਤੇ ਫ਼ੌਜ ਵੀ ਕਰੀਬ 6 ਮਹੀਨੇ ਸਾਡੇ ਪਿੰਡ ਦੇ ਸਕੂਲ ਵਿੱਚ ਬੈਠੀ ਰਹੀ। ਹਰ ਸਾਲ ਜੂਨ ਮਹੀਨਾ ਚੜ੍ਹਦਿਆਂ ਹੀ ਕਰਫਿਊ ਬਾਰੇ ਸਾਰੀਆਂ ਯਾਦਾਂ ਮੁੜ ਅੱਖਾਂ ਸਾਹਮਣੇ ਆ ਜਾਂਦੀਆਂ ਹਨ।

Advertisement

ਸੰਪਰਕ: 98765-90387

Advertisement
Advertisement