ਸਕੂਲ ਦੇ ਸਾਲਾਨਾ ਸਮਾਗਮ ਦੌਰਾਨ ਸੱਭਿਆਚਾਰਕ ਪ੍ਰੋਗਰਾਮ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 2 ਜਨਵਰੀ
ਇੱਥੇ ਬ੍ਰਿਲੀਐਂਟ ਮਾਈਂਡ ਆਰੀਅਨ ਸਕੂਲ ਦਾ ਸਾਲਾਨਾ ਸਮਾਗਮ ਅਰੋਹਣ ਥੀਮ ਤਹਿਤ ਸਕੂਲ ਦੇ ਮੈਦਾਨ ਵਿੱਚ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਸਮਾਗਮ ਵਿੱਚ ਬੱਚਿਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਮਾਗਮ ਦੌਰਾਨ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਦਾ ਉਨ੍ਹਾਂ ਦੇ ਮਾਪਿਆਂ ਅਤੇ ਮਹਿਮਾਨਾਂ ਨੇ ਕਾਫ਼ੀ ਆਨੰਦ ਮਾਣਿਆ। ਇਸ ਮੌਕੇ ਰਾਮ ਲਾਲ ਗੁਪਤਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਤੇ ਆਰੀਆ ਕੰਨਿਆ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰੀ ਭਰੀ। ਸਕੂਲ ਦੀ ਪ੍ਰਬੰਧਕ ਕਮੇਟੀ ਤੇ ਪ੍ਰਿੰਸੀਪਲ ਆਸ਼ਿਮਾ ਬੱਤਰਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ। ਵਿਦਿਆਰਥੀਆਂ ਦੀਆਂ ਰਾਜਸਥਾਨੀ ਨ੍ਰਿਤ ਜਿਹੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਬੱਚਿਆਂ ਨੇ ਵੱਖ-ਵੱਖ ਸਭਿਆਚਾਰਕ ਪੇਸ਼ਕਾਰੀਆਂ ਤੇ ਲੋਕ ਨ੍ਰਿਤ ਰਾਹੀਂ ਆਪਣੀ ਊਰਜਾ ਤੇ ਜੋਸ਼ ਦਾ ਪ੍ਰਦਰਸ਼ਨ ਕੀਤਾ। ਸਕੂਲ ਦੀ ਪ੍ਰਿੰਸੀਪਲ ਆਸ਼ਿਮਾ ਬੱਤਰਾ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਤੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦੀਆਂ ਵੱਖ-ਵੱਖ ਖੇਤਰਾਂ ਵਿੱਚ ਮਾਰੀਆਂ ਮੱਲਾਂ ਬਾਰੇ ਜਾਣੂੰ ਕਰਵਾਇਆ। ਮੁੱਖ ਮਹਿਮਾਨ ਰਾਮ ਲਾਲ ਗੁਪਤਾ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਰੁਚੀ ਰੱਖਣ ਲਈ ਕਿਹਾ ਤੇ ਟੀਚਾ ਨਿਰਧਾਰਤ ਕਰ ਉਸ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ ਤੇ ਸਫਲਤਾ ਦੀ ਪੌੜੀ ਚੜ੍ਹਨ ਲਈ ਮਿਹਨਤ ਕਰਨਾ ਜ਼ਰੂਰੀ ਦੱਸਿਆ। ਵਿਸ਼ੇਸ਼ ਮਹਿਮਾਨ ਆਰੀਆ ਕੰਨਿਆ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਵਿਦਿਆਰਥੀਆਂ ਨੂੰ ਧਾਰਮਿਕ ਤੇ ਸਮਾਜਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਸਕੂਲ ਦੀ ਕੋਆਰਡੀਨੇਟਰ ਸੰਗੀਤਾ ਕੰਬੋਜ ਨੇ ਬੱਚਿਆਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰੋਗਰਾਮ ਦਾ ਆਖਰ ਵਿਚ ਪੰਜਾਬੀ ਗਾਇਕ ਮਿਸਟਰ ਹੈਰੀ ਨੇ ਆਪਣੀ ਪੇਸ਼ਕਾਰੀ ਨਾਲ ਰੰਗ ਬੰਨ੍ਹਿਆ। ਤੀਜੀ ਜਮਾਤ ਦੇ ਛੋਟੇ ਬੱਚਿਆਂ ਦੇ ਭੰਗੜੇ ਨੇ ਸਭ ਨੂੰ ਨੱਚਣ ਲਾ ਦਿੱਤਾ। ਮਗਰੋਂ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੀ ਮੀਤ ਪ੍ਰਧਾਨ ਰਮਨ ਕਾਂਤਾ, ਮਹਿੰਦਰ ਕਾਂਸਲ, ਸੰਤੋਸ਼ ਗੁਪਤਾ ,ਰਾਜੀਵ ਆਰੀਆ ਮੌਜੂਦ ਸਨ।
ਆਰੀਆ ਕੰਨਿਆ ਕਾਲਜ ਦਾ ਸਾਲਾਨਾ ਇਨਾਮ ਵੰਡ ਸਮਾਗਮ ਭਲਕੇ
ਸ਼ਾਹਬਾਦ ਮਾਰਕੰਡਾ:
ਸਥਾਨਕ ਆਰੀਆ ਕੰਨਿਆ ਕਾਲਜ ਦਾ ਸਾਲਾਨਾ ਇਨਾਮ ਵੰਡ ਸਮਾਗਮ 4 ਜਨਵਰੀ ਨੂੰ ਕਾਲਜ ਦੇ ਆਡੀਟੋਰੀਅਮ ਵਿਚ ਹੋਵੇਗਾ। ਇਹ ਜਾਣਕਾਰੀ ਦਿੰਦੇ ਹੋਏ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਦੱਸਿਆ ਕਿ ਸਮਾਗਮ ਵਿਚ ਸਥਾਨਕ ਵਿਧਾਇਕ ਰਾਮ ਕਰਨ ਕਾਲਾ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ਉਨ੍ਹਾਂ ਕਾਲਜ ਦੀਆਂ ਸਾਰੀਆਂ ਵਿਦਿਆਰਥਣਾਂ ਨੂੰ ਹਾਜ਼ਰ ਰਹਿਣ ਲਈ ਕਿਹਾ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ, ਸਿਖਿਅਕ ਵਰਗ ਤੇ ਹੋਰ ਪਤਵੰਤੇ ਮੌਜੂਦ ਰਹਿਣਗੇ।