ਪਾਇਨੀਅਰ ਕਾਨਵੈਂਟ ਸਕੂਲ ਵਿੱਚ ਸੱਭਿਆਚਾਰਕ ਮੇਲਾ
ਪੱਤਰ ਪ੍ਰੇਰਕ
ਅਮਰਗੜ੍ਹ, 30 ਨਵੰਬਰ
ਪਾਇਨੀਅਰ ਕਾਨਵੈਂਟ ਸਕੂਲ ਗੱਜਣਮਾਜਰਾ ’ਚ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਦੀ ਅਗਵਾਈ ਹੇਠ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਮੇਲੇ ਵਿੱਚ ਮੁੱਖ ਮਹਿਮਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਅਤੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਐੱਸਐੱਸਪੀ ਗਗਨ ਅਜੀਤ ਸਿੰਘ, ਏਡੀਸੀ ਸੁਖਪ੍ਰੀਤ ਸਿੰਘ ਤੇ ਗਾਇਕ ਪਵਿੱਤਰ ਸਿੰਘ ਲਸੋਈ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਅਹਿਜੇ ਸੱਭਿਆਚਾਰਕ ਪ੍ਰੋਗਰਾਮ ਸਾਰੇ ਸਕੂਲਾਂ ਵਿਚ ਹੋਣੇ ਚਾਹੀਦੇ ਹਨ ਜਿਸ ਨਾਲ ਬੱਚਿਆਂ ਨੂੰ ਆਪਣੇ ਪੰਜਾਬੀ ਵਿਰਸੇ ਦੀ ਜਾਣਕਾਰੀ ਮਿਲਦੀ ਰਹੇ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲੀ ਵਿਦਿਆਰਥੀਆਂ ਨੇ ਸ਼ਬਦ ਗਾਇਨ ਨਾਲ ਕੀਤੀ। ਇਸ ਉਪਰੰਤ ਧਾਰਮਿਕ ਗੀਤਾਂ ਮਗਰੋਂ ਬਾਬੇ ਤਾਸ਼ ਖੇਡਦੇ ਤੇ ਬੀਬੀਆਂ ਚਰਖੇ ਕੱਤਦੀਆਂ ਨਜ਼ਰ ਆਈਆਂ। ਵਿਦਿਆਰਥੀਆਂ ਨੇ ਗੀਤ, ਕੋਰੀਓਗ੍ਰਾਫ਼ੀ, ਭੰਗੜਾ, ਗਿੱਧਾ ਆਦਿ ਪੇਸ਼ ਕਰਕੇ ਰੰਗ ਬੰਨ੍ਹਿਆ। ਇਸ ਮੌਕੇ ਪੁਰਾਤਨ ਵਿਰਸੇ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ। ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਸਕੂਲ ਵੱਲੋਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਦਾ ਯਤਨ ਕੀਤਾ ਗਿਆ ਹੈ। ਪ੍ਰੋ. ਜਸਵੰਤ ਸਿੰਘ ਗੱਜਣਮਾਜਾਰ ਨੇ ਡਾ. ਗੁਰਪ੍ਰੀਤ ਕੌਰ ਦਾ ਸਕੂਲ ਪਹੁੰਚਣ ਲਈ ਧੰਨਵਾਦ ਕੀਤਾ।