For the best experience, open
https://m.punjabitribuneonline.com
on your mobile browser.
Advertisement

ਪੱਤਝੜ ਰੁੱਤ ਦੇ ਕਮਾਦ ਵਿੱਚ ਅੰਤਰ-ਫ਼ਸਲਾਂ ਦੀ ਕਾਸ਼ਤ

11:47 AM Aug 26, 2023 IST
ਪੱਤਝੜ ਰੁੱਤ ਦੇ ਕਮਾਦ ਵਿੱਚ ਅੰਤਰ ਫ਼ਸਲਾਂ ਦੀ ਕਾਸ਼ਤ
Advertisement

ਕੁਲਵੀਰ ਸਿੰਘ ਸੈਣੀ, ਜਗਮੋਹਨ ਕੌਰ*

Advertisement

ਗੰਨਾ ਭਾਰਤ ਦੀ ਮੁੱਖ ਵਪਾਰਕ ਫ਼ਸਲ ਹੈ। ਇਸ ਦਾ ਸਭ ਤੋਂ ਜ਼ਿਆਦਾ ਰਕਬਾ ਭਾਰਤ ਵਿੱਚ ਹੀ ਬੀਜਿਆ ਜਾਂਦਾ ਹੈ। ਭਾਰਤ ਦਾ ਗੰਨੇ ਦੇ ਉਤਪਾਦਨ ਵਿੱਚ ਦੂਜਾ ਸਥਾਨ ਹੈ। ਪੰਜਾਬ ਵਿੱਚ 2021-22 ਵਿੱਚ ਲਗਭਗ 86.8 ਹਜ਼ਾਰ ਹੈਕਟੈਅਰ ਰਕਬੇ ਉੱਪਰ ਇਸ ਦੀ ਬਿਜਾਈ ਕੀਤੀ ਗਈ ਤੇ ਔਸਤਨ ਝਾੜ ਲਗਪਗ 333 ਕੁਇੰਟਲ ਪ੍ਰਤੀ ਏਕੜ ਨਿਕਲਿਆ ਸੀ। ਗੰਨਾ ਫ਼ਸਲੀ ਵਿਭਿੰਨਤਾ ਲਿਆਉਣ ਲਈ ਵੀ ਇੱਕ ਢੁਕਵੀਂ ਫ਼ਸਲ ਹੈ। ਗੰਨੇ ਦੇ ਉਤਪਾਦਨ ਨੂੰ ਵਧੇਰੇ ਮੁਨਾਫ਼ੇਦਾਰ ਬਣਾਉਣ ਲਈ ਅੰਤਰ-ਫ਼ਸਲੀ ਪ੍ਰਣਾਲੀ ਇਕ ਵਧੀਆ ਤਰੀਕਾ ਹੋ ਸਕਦਾ ਹੈ। ਪੱਤਝੜ ਰੁੱਤ ਵਿੱਚ ਬੀਜਿਆ ਹੋਇਆ ਕਮਾਦ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਉੱਗ ਜਾਂਦਾ ਹੈ ਪਰ ਬਸੰਤ ਰੁੱਤ ਆਉਣ ਤੱਕ ਇਸ ਦਾ ਵਾਧਾ ਬਹੁਤ ਹੀ ਹੌਲੀ ਹੁੰਦਾ ਹੈ। ਇਸ ਸਮੇਂ ਕਮਾਦ ਨੂੰ ਉੱਗਣ ਲਈ ਜ਼ਿਆਦਾ ਖ਼ੁਰਾਕ ਦੀ ਜ਼ਰੂਰਤ ਨਹੀਂ ਹੁੰਦੀ। ਇਸ ਤੋਂ ਇਲਾਵਾ ਪੱਤਝੜ ਰੁੱਤ ਵਿੱਚ ਕਮਾਦ 90-120 ਸੈਂਟੀਮੀਟਰ ਕਤਾਰ ਤੋਂ ਕਤਾਰ ਦੇ ਫ਼ਾਸਲੇ ’ਤੇ ਲਗਾਇਆ ਜਾਂਦਾ ਹੈ। ਸਰਦੀਆਂ ਵਿੱਚ ਹੌਲੀ ਵਾਧਾ ਅਤੇ ਚੌੜੀਆਂ ਕਤਾਰਾਂ ਹੋਣ ਕਰ ਕੇ ਹਾੜ੍ਹੀ ਦੀਆਂ ਫ਼ਸਲ਼ਾਂ ਬਾਖੂਬੀ ਹੀ ਪੱਤਝੜ ਰੁੱਤ ਦੇ ਕਮਾਦ ਵਿੱਚ ਅੰਤਰ-ਫ਼ਸਲਾਂ ਵਜੋਂ ਬੀਜੀਆਂ ਜਾ ਸਕਦੀਆਂ ਹਨ। ਅੰਤਰ-ਫ਼ਸਲੀ ਪ੍ਰਣਾਲੀ ਵਿੱਚ ਕੁੱਲ ਉਤਪਾਦਨ ਅਤੇ ਮੁਨਾਫ਼ਾ ਦੋਵੇਂ ਹੀ ਨਿਰੋਲ ਪੱਤਝੜ ਰੁੱਤ ਦੇ ਕਮਾਦ ਤੋਂ ਵਧੇਰੇ ਹੁੰਦੇ ਹਨ। ਕਿਸਾਨਾਂ ਨੂੰ ਪੈਸਿਆਂ ਲਈ ਗੰਨੇ ਦੀ ਵਾਢੀ ਦੀ ਉਡੀਕ ਨਹੀਂ ਕਰਨੀ ਪੈਂਦੀ। ਗੰਨੇ ਦੀ ਬਿਜਾਈ ਕਰਨ ਵਾਲੇ ਕਿਸਾਨ ਵੱਖ-ਵੱਖ ਫ਼ਸਲਾਂ ਜਿਵੇਂ ਅਨਾਜ, ਦਾਲਾਂ, ਤੇਲ ਬੀਜ ਅਤੇ ਸਬਜ਼ੀਆਂ ਦੀ ਅੰਤਰ-ਫ਼ਸਲੀ ਖੇਤੀ ਕਰ ਕੇ ਝਾੜ ਤੇ ਮੁਨਾਫ਼ਾ ਦੋਵੇਂ ਵਧਾ ਸਕਦੇ ਹਨ।
ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਗੰਨੇ ਵਿੱਚ ਅੰਤਰ-ਫ਼ਸਲਾਂ ਦੀ ਬਿਜਾਈ ਲਈ ਸਿਫ਼ਾਰਸ਼ ਹੇਠ ਲਿਖੇ ਕਾਸ਼ਤ ਦੇ ਸੁਧਰੇ ਢੰਗ ਕਿਸਾਨਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਸਕਦੇ ਹਨ।
ਪੱਤਝੜ ਮੌਸਮ ਦੇ ਗੰਨੇ ਲਈ ਸੀ ਓ ਪੀ ਬੀ 95, ਸੀ ਓ ਪੀ ਬੀ 96, ਸੀ ਓ 15023, ਸੀ ਓ ਪੀ ਬੀ 92, ਸੀ ਓ 118, ਸੀ ਓ ਜੇ 85 ਅਤੇ ਸੀ ਓ ਜੇ 64 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦੀ ਬਿਜਾਈ ਠੀਕ ਸਮੇਂ ’ਤੇ ਕਰਨੀ ਚੰਗਾ ਝਾੜ ਲੈਣ ਲਈ ਬਹੁਤ ਜ਼ਰੂਰੀ ਹੈ। 20 ਸਤੰਬਰ ਤੋਂ 20 ਅਕਤੂਬਰ ਤੱਕ ਦਾ ਸਮਾਂ ਇਸ ਦੀ ਬਿਜਾਈ ਲਈ ਢੁੱਕਵਾਂ ਹੈ ਤੇ ਪਿਛੇਤੀ ਬਿਜਾਈ ਨਾਲ ਝਾੜ ’ਤੇ ਮਾੜਾ ਅਸਰ ਪੈਂਦਾ ਹੈ। ਤਿੰਨ ਅੱਖਾਂ ਵਾਲੀਆਂ 20 ਹਜ਼ਾਰ ਜਾਂ ਚਾਰ ਅੱਖਾਂ ਵਾਲੀਆਂ 15 ਹਜ਼ਾਰ ਜਾਂ ਪੰਜ ਅੱਖਾਂ ਵਾਲੀਆਂ 12 ਹਜ਼ਾਰ ਗੁੱਲੀਆਂ ਪ੍ਰਤੀ ਏਕੜ ਵਰਤੋ। ਪੱਤਝੜ ਦੀ ਫ਼ਸਲ ਲਈ ਬੀਜ, ਬਹਾਰ ਜਾਂ ਪੱਤਝੜ ਰੁੱਤ ਦੀ ਨਰੋਈ ਬੀਜ ਵਾਲੀ ਫ਼ਸਲ ਤੋਂ ਲਵੋ। ਪੱਧਰੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫ਼ਾਸਲਾ 90 ਸੈਂਟੀਮੀਟਰ ਤੋਂ ਦੋ ਕਤਾਰੀ ਖਾਲੀ ਵਿਧੀ ਵਿੱਚ ਲੋੜ ਅਨੁਸਾਰ 90-120 ਸੈਂਟੀਮੀਟਰ ਰੱਖੋ।
ਦਰਮਿਆਨੀਆਂ ਉਪਜਾਊ ਜ਼ਮੀਨਾਂ ਲਈ 90 ਕਿਲੋ ਨਾਈਟ੍ਰੋਜਨ, 1/3 ਬਿਜਾਈ ਤੇ, 1/3 ਅਖ਼ੀਰ ਮਾਰਚ ਤੇ 1/3 ਅਪਰੈਲ ਵਿੱਚ ਪਾਉ। ਫ਼ਾਸਫ਼ੋਰਸ ਅਤੇ ਪੋਟਾਸ਼ ਮਿੱਟੀ ਪਰਖ ਦੇ ਆਧਾਰ ’ਤੇ ਪਾਉ। ਪਹਿਲਾ ਪਾਣੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਫਰਵਰੀ ਤੱਕ ਲਗਪਗ ਤਿੰਨ ਹੋਰ ਪਾਣੀ ਲਗਾਉ। ਗਰਮੀ ਦੇ ਮੌਸਮ ਵਿੱਚ ਫ਼ਸਲ ਨੂੰ 7-12 ਦਿਨਾਂ ਦੇ ਵਕਫ਼ੇ ’ਤੇ ਪਾਣੀ ਲਗਾਉ ਅਤੇ ਸਿੰਜਾਈਆਂ ਦਾ ਵਕਫ਼ਾ ਮੀਂਹ ਦੇ ਹਿਸਾਬ ਨਾਲ ਤੈਅ ਕਰੋ।
ਕਣਕ ਦੀ ਅੰਤਰ-ਫ਼ਸਲ: ਕਿਸਾਨ ਕਣਕ ਦੀਆਂ ਸਿਫ਼ਾਰਸ਼ ਕਿਸਮਾਂ ਵਿੱਚੋਂ ਕੋਈ ਵੀ ਇੱਕ ਕਿਸਮ ਦੀ ਬਿਜਾਈ ਅਕਤੂਬਰ ਦੇ ਅਖ਼ੀਰ ਤੋਂ ਨਵੰਬਰ ਦੇ ਪਹਿਲੇ ਪੰਦਰਵਾੜੇ ਤੱਕ, 16 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਕੇ ਕਰ ਸਕਦੇ ਹਨ। ਗੰਨੇ ਦੀਆਂ ਕਤਾਰਾਂ ਦੇ ਵਿਚਕਾਰ, ਕਣਕ ਦੀਆਂ ਦੋ ਕਤਾਰਾਂ ਲਗਾਉ ਤੇ ਸਿਆੜ ਤੋਂ ਸਿਆੜ ਦਾ ਫ਼ਾਸਲਾਂ 20 ਸੈਂਟੀਮੀਟਰ ਰੱਖੋ। ਕਣਕ ਦੀ ਅੰਤਰ-ਫ਼ਸਲ ਲਈ 25 ਕਿਲੋ ਨਾਈਟ੍ਰੋਜਨ (54 ਕਿਲੋ ਯੂਰੀਆ), 12 ਕਿਲੋ ਫ਼ਾਸਫ਼ੋਰਸ (75 ਕਿਲੋ ਸਿੰਗਲ ਸੁਪਰਫ਼ਾਸਫ਼ੇਟ) ਤੇ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਆਫ਼ ਪੋਟਾਸ਼) ਦੀ ਵਰਤੋਂ ਕਰੋ। ਜਦੋਂ ਕਣਕ ਦੀ ਬਿਜਾਈ ਪੱਤਝੜ ਰੁੱਤ ਦੇ ਗੰਨੇ ਵਿੱਚ ਕਰਦੇ ਹਾਂ ਤਾਂ ਗੁੱਲੀ ਡੰਡੇ ਤੋਂ ਨਿਜਾਤ ਪਾਉਣ ਲਈ 400 ਮਿਲੀਲਿਟਰ ਐਕਸੀਅਲ 5 ਈ.ਸੀ (ਪਿਨੋਕਸਾਡਿਨ) ਜਾਂ 13 ਗ੍ਰਾਮ ਲੀਡਰ/ ਐਸ ਐਫ-10/ ਸਫ਼ਲ/ ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ 30-35 ਦਿਨਾਂ ਤੋਂ ਛਿੜਕਾਅ ਕਰੋ। ਜਿਨ੍ਹਾਂ ਖੇਤਾਂ ਵਿੱਚ ਗੁੱਲੀ ਡੰਡੇ ਪ੍ਰਤੀ ਪ੍ਰਤੀਰੋਧਕ ਸ਼ਕਤੀ ਦੇਖਣ ਵਿੱਚ ਨਹੀਂ ਆਈ, ਉੱਥੇ 500 ਗ੍ਰਾਮ ਪ੍ਰਤੀ ਏਕੜ ਆਈਸੋਪ੍ਰੋਟਯੂਰਾਨ 75 ਡਬਲਯੂ ਪੀ ਦਾ ਛਿੜਕਾਅ ਕਰੋ। ਜੇ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਹੋਣ ਤਾਂ ਕਣਕ ਦੀ ਬਿਜਾਈ ਤੋਂ 30-35 ਦਿਨਾਂ ਪਿਛੋਂ 10 ਗ੍ਰਾਮ ਪ੍ਰਤੀ ਏਕੜ ਐਲਗਰਿਪ/ਐਲਗਰਿਪ ਰਾਇਲ/ ਮਾਰਕਗਰਿਪ/ਮਕੋਤੋ 20 ਡਬਲਯੂ ਪੀ (ਮੈਟਸਲਫੂਰਾਨ) 150 ਲਿਟਰ ਪਾਣੀ ਵਿੱਚ ਘੋਲ ਕੇ ਵਰਤੋ। ਜੇ ਬਟਨ ਬੂਟੀ (ਚੌੜੇ ਪੱਤੇ ਵਾਲਾ ਨਦੀਨ) ਹੋਵੇ ਤਾਂ ਕਣਕ ਦੀ ਬਿਜਾਈ ਤੋਂ 25-30 ਦਿਨਾਂ ਵਿਚ 20 ਗ੍ਰਾਮ ਪ੍ਰਤੀ ਏਕੜ ਏਮ/ ਅਫਿਨਟੀ 40 ਡੀ ਐਫ (ਕਾਰਫੈਨਟਰਾਜੋਨ ਈਥਾਈਲ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕੋ। ਇਹ ਨਦੀਨਨਾਸ਼ਕ ਸਾਰੇ ਚੌੜੇ ਪੱਤਿਆਂ ਵਾਲੇ ਨਦੀਨਾਂ ਅਤੇ ਬਟਨ ਬੂਟੀ ਦੀ ਵੀ ਰੋਕਥਾਮ ਕਰਦਾ ਹੈ ਜਿਹੜੀ ਕਿ ਐਲਗਰਿਪ/ ਐਲਗਰਿਪ ਰਾਇਲ/ ਮਾਰਕਗਰਿਪ/ਮਕੋਤੋ ਦੀ ਵਰਤੋਂ ਨਾਲ ਨਹੀਂ ਮਰਦੇ। ਜੇ ਕਮਾਦ ਵਿਚ ਬੀਜੀ ਕਣਕ ਵਿਚ ਘਾਹ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਇਕੱਠੀ ਸਮੱਸਿਆ ਹੋਵੇ ਤਾਂ 16 ਗ੍ਰਾਮ ਟੋਟਲ/ਮਾਰਕਪਾਵਰ 75 ਡਬਲਯੂ ਜੀ (ਸਲਫੋਸਲਫੂਰਾਨ+ ਮੈਟਸਲਫੂਰਾਨ) ਜਾਂ 160 ਗ੍ਰਾਮ ਐਟਲਾਂਟਿਸ 3.6 ਡਬਲਯੂ ਡੀ ਜੀ (ਮਿਜ਼ੋਸਲਫੂਰਾਨ+ ਆਇਡੋਸਲਫੂਰਾਨ) ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਮਿਲਾ ਕੇ ਕਣਕ ਦੀ ਬਿਜਾਈ ਤੋਂ 30-35 ਦਿਨਾਂ ਦੇ ਅੰਦਰ ਛਿੜਕਾਅ ਕਰੋ। ਕਣਕ ਦੀ ਵਾਢੀ ਅੱਧ ਅਪਰੈਲ ਵਿੱਚ ਕਰੋ।
ਤੇਲਬੀਜ ਦੀ ਅੰਤਰ-ਫ਼ਸਲ: ਰਾਇਆ ਦੀ ਇੱਕ ਕਤਾਰ ਗੰਨੇ ਦੀਆਂ ਦੋ ਕਤਾਰਾਂ ਵਿੱਚ ਬੀਜੀ ਜਾ ਸਕਦੀ ਹੈ। ਇਸ ਦੀ ਬਿਜਾਈ 400 ਗ੍ਰਾਮ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਅਕਤੂਬਰ ਮਹੀਨੇ ਵਿੱਚ ਕਰੋ। ਰਾਏ ਦੀ ਫ਼ਸਲ ਵਾਸਤੇ 20 ਕਿਲੋ ਨਾਈਟ੍ਰੋਜਨ (44 ਕਿਲੋ ਯੂਰੀਆ) ਅਤੇ 8 ਕਿਲੋ ਫ਼ਾਸਫ਼ੋਰਸ (50 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ) ਪ੍ਰਤੀ ਏਕੜ ਕਾਫ਼ੀ ਹੈ। ਜੇ ਗੰਨੇ ਦੀ ਬਿਜਾਈ ਦੋ ਕਤਾਰੀ ਖਾਲੀ ਵਿਧੀ (120:30 ਸੈਂਟੀਮੀਟਰ) ਨਾਲ ਕੀਤੀ ਗਈ ਹੋਵੇ ਤਾਂ 16 ਕਿਲੋ ਨਾਈਟ੍ਰੋਜਨ (36 ਕਿਲੋ ਯੂਰੀਆ) ਅਤੇ 4.8 ਕਿਲੋ ਫ਼ਾਸਫ਼ੋਰਸ (30 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ) ਪਾਉ। ਗੋਭੀ ਸਰ੍ਹੋਂ ਦੀਆਂ ਸਿਫ਼ਾਰਸ਼ (ਕਨੋਲਾ ਸਣੇ) ਕਿਸਮਾਂ, 10 ਅਕਤੂੁਬਰ ਤੋਂ ਅਖ਼ੀਰ ਅਕਤੂਬਰ ਤੱਕ 400 ਗ੍ਰਾਮ ਬੀਜ ਪ੍ਰਤੀ ਏਕੜ ਵਰਤ ਕੇ ਬੀਜੋ। ਗੋਭੀ ਸਰ੍ਹੋਂ/ ਅਫਰੀਕਨ ਸਰ੍ਹੋਂ ਦੀ ਇੱਕ ਕਤਾਰ ਗੰਨੇ ਦੀਆਂ 2 ਕਤਾਰਾਂ ਵਿੱਚ ਬੀਜੋ। ਅਫ਼ਰੀਕਨ ਸਰ੍ਹੋਂ ਦੀ ਪੀ ਸੀ 6 ਕਿਸਮ ਦੀ ਬਿਜਾਈ ਵੀ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਕੀਤੀ ਜਾ ਸਕਦੀ ਹੈ।
ਇਨ੍ਹਾਂ ਫ਼ਸਲਾਂ ਦੀ ਬਿਜਾਈ ਗੰਨੇ ਨੂੰ ਪਹਿਲਾਂ ਪਾਣੀ ਲਗਾਉਣ ਤੋਂ ਬਾਅਦ ਕਰਨ ਨੂੰ ਹੀ ਤਰਜੀਹ ਦਿਉ। ਇਨ੍ਹਾਂ ਫ਼ਸਲਾਂ ਦੀ ਵਾਢੀ ਅਪਰੈਲ ਵਿੱਚ ਕੀਤੀ ਜਾ ਸਕਦੀ ਹੈ।
ਤੋਰੀਏ ਦੀਆਂ ਸਿਫ਼ਾਰਸ਼ ਕਿਸਮਾਂ 20 ਸਤੰਬਰ ਤੋਂ ਅਖ਼ੀਰ ਸਤੰਬਰ ਤੱਕ ਬੀਜੋ। ਤੋਰੀਏ ਦੀਆਂ ਦੋ ਕਤਾਰਾਂ ਗੰਨੇ ਦੀਆਂ ਦੋ ਕਤਾਰਾਂ ਵਿੱਚ 1 ਕਿਲੋ ਬੀਜ ਪ੍ਰਤੀ ਏਕੜ ਵਰਤ ਕੇ 30 ਸੈਂਟੀਮੀਟਰ ਦੇ ਫ਼ਾਸਲੇ ’ਤੇ ਬੀਜੋ। ਇਸ ਫ਼ਸਲ ਨੂੰ 15 ਕਿਲੋ ਨਾਈਟ੍ਰੋਜਨ (33 ਕਿਲੋ ਯੂਰੀਆ ਅਤੇ 5 ਕਿਲੋ ਫ਼ਾਸਫ਼ੋਰਸ (52 ਕਿਲੋ ਸਿੰਗਲ ਸੁਪਰਫ਼ਾਸਫ਼ੇਟ) ਪ੍ਰਤੀ ਏਕੜ ਪਾਉ। ਇਹ ਫ਼ਸਲ ਦਸੰਬਰ ਦੇ ਅਖ਼ੀਰ ਤੱਕ ਤਿਆਰ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਪਛੇਤੀ ਕਣਕ ਦੀ ਬਿਜਾਈ ਵੀ ਅੰਤਰ ਫ਼ਸਲ ਦੇ ਤੌਰ ’ਤੇ ਵੀ ਕੀਤੀ ਜਾ ਸਕਦੀ ਹੈ।
ਦਾਲਾਂ ਦੀ ਅੰਤਰ-ਫ਼ਸਲ: ਦਾਲਾਂ ਮਿੱਟੀ ਦੀ ਸਿਹਤ ਸੁਧਾਰਨ ਦੇ ਨਾਲ-ਨਾਲ ਮਿੱਟੀ ਵਿੱਚ ਉਪਲੱਬਧ ਤੱਤਾਂ ਤੇ ਵਾਤਾਵਰਨ ਵਿੱਚ ਨਾਈਟ੍ਰੋਜਨ ਦੀ ਚੰਗੇਰੀ ਵਰਤੋਂ ਕਰਨ ਲਈ ਵੀ ਕਾਰਗਰ ਹਨ। ਛੋਲਿਆਂ ਦੀਆਂ ਸਿੰਜਾਈ ਵਾਲੇ ਇਲਾਕਿਆਂ ਲਈ ਸਿਫ਼ਾਰਸ਼ ਕਿਸਮਾਂ ਦੀ ਬਿਜਾਈ 25 ਤੋਂ 10 ਨਵੰਬਰ ਤੱਕ 12 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ 30 ਸੈਂਟੀਮੀਟਰ ਫ਼ਾਸਲੇ ’ਤੇ ਲਗਾਉ। 6 ਕਿਲੋ ਨਾਈਟ੍ਰੋਜਨ (13 ਕਿਲੋ ਯੂਰੀਆ) ਅਤੇ 8 ਕਿਲੋ ਫ਼ਾਸਫ਼ੋਰਸ (50 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ) ਪ੍ਰਤੀ ਏਕੜ ਲਈ ਵਰਤੋਂ ਤੇ ਇਹ ਫ਼ਸਲ ਅਪਰੈਲ ਤੱਕ ਕਟਾਈ ਲਈ ਤਿਆਰ ਹੋ ਜਾਂਦੀ ਹੈ।
ਸਬਜ਼ੀਆਂ ਦੀ ਅੰਤਰ-ਫ਼ਸਲ: ਗੰਨੇ ਵਿੱਚ 20 ਸਤੰਬਰ ਤੋਂ ਅਕਤੂਬਰ ਦੇ ਪਹਿਲੇ ਪੰਦਰਵਾੜੇ ਤੱਕ ਆਲੂਆਂ ਦੀ ਬਿਜਾਈ ਹੋ ਸਕਦੀ ਹੈ। ਕੋਈ ਵੀ ਘੱਟ ਸਮਾਂ ਲੈਣ ਵਾਲੀ ਕਿਸਮ ਜਾਂ ਚੰਦਰਮੁਖੀ ਦੀ ਬਿਜਾਈ 800 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਗੰਨੇ ਦੀਆਂ ਦੋ ਕਤਾਰਾਂ ਵਿੱਚ ਇੱਕ ਕਤਾਰ ਬੀਜ ਕੇ ਕਰੋ। ਇੱਕ ਏਕੜ 36 ਕਿਲੋ ਨਾਈਟ੍ਰੋਜਨ (78 ਕਿਲੋ ਯੂਰੀਆ), 16 ਕਿਲੋ ਫ਼ਾਸਫ਼ੋਰਸ (100 ਕਿਲੋ ਸਿੰਗਲ ਸੁਪਰਫ਼ਾਸਫ਼ੇਟ) ਅਤੇ 35 ਕਿਲੋ ਪੋਟਾਸ਼ (60 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਦੀ ਵਰਤੋਂ ਕਰੋ। ਫ਼ਸਲ ਦਸੰਬਰ ਦੇ ਅਖ਼ੀਰ ਤੱਕ ਪੁੱਟਣ ਲਈ ਤਿਆਰ ਹੋ ਜਾਂਦੀ ਹੈ। ਆਲੂਆਂ ਤੋਂ ਬਾਅਦ ਕਣਕ ਜਾਂ ਪਿਆਜ਼ ਦੀ ਅੰਤਰ ਫ਼ਸਲ ਵੀ ਬੀਜੀ ਜਾ ਸਕਦੀ ਹੈ।
ਬੰਦ ਗੋਭੀ ਦੀ ਬਿਜਾਈ ਅਖ਼ੀਰ ਅਕਤੂਬਰ ਤੋਂ ਨਵੰਬਰ ਤੱਕ ਗੰਨੇ ਦੀਆਂ ਦੋ ਕਤਾਰਾਂ ਵਿੱਚ ਇੱਕ ਕਤਾਰ ਲਗਾ ਕੇ ਕਰੋ। 4-5 ਹਫ਼ਤੇ ਦੀ ਪਨੀਰੀ ਦੀ ਵਰਤੋਂ ਕਰੋ। ਇੱਕ ਏਕੜ ਦੇ ਲਈ 25 ਕਿਲੋ ਨਾਈਟ੍ਰੋਜਨ (54 ਕਿਲੋ ਯੂਰੀਆ), 12.5 ਕਿਲੋ ਫ਼ਾਸਫ਼ੋਰਸ (78 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ) ਅਤੇ 12.5 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਆਫ਼ ਪੋਟਾਸ਼) ਫ਼ਸਲ ਲਈ ਕਾਫ਼ੀ ਹਨ। ਫ਼ਸਲ ਦੀ ਕਟਾਈ ਜਨਵਰੀ ਜਾਂ ਫਰਵਰੀ ਵਿੱਚ ਕਰੋ। ਮੂਲੀ ਦੀ ਫ਼ਸਲ ਅਕਤੂਬਰ ਮਹੀਨੇ ਵਿੱਚ 4-5 ਕਿਲੋ ਬੀਜ ਪ੍ਰਤੀ ਏਕੜ ਨਾਲ 30 ਸੈਂਟੀਮੀਟਰ ਦੇ ਫ਼ਾਸਲੇ ਦੋ ਕਤਾਰਾਂ ਵਿੱਚ ਕਰੋ। 25 ਕਿਲੋ ਨਾਈਟ੍ਰੋਜਨ (54 ਕਿਲੋ ਯੂਰੀਆ) ਅਤੇ 12 ਕਿਲੋ ਫ਼ਾਸਫ਼ੋਰਸ (75 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ) ਪ੍ਰਤੀ ਏਕੜ ਪਾਉ। ਮੂਲੀ ਜਨਵਰੀ ਵਿੱਚ ਤਿਆਰ ਹੋ ਜਾਂਦੀ ਹੈ।
ਮਟਰ ਵੀ ਅਕਤੂਬਰ ਮਹੀਨੇ ਲੱਗ ਸਕਦੇ ਹਨ। ਮਟਰਾਂ ਦੀਆਂ ਦੋ ਕਤਾਰਾਂ 22 ਕਿਲੋ ਬੀਜ ਵਰਤ ਕੇ 30 ਸੈਂਟੀਮੀਟਰ ’ਤੇ ਲਗਾਉ। 14 ਕਿਲੋ ਨਾਈਟ੍ਰੋਜਨ (31 ਕਿਲੋ ਯੂਰੀਆ) ਅਤੇ 16 ਕਿਲੋ ਫ਼ਾਸਫ਼ੋਰਸ (100 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ) ਪ੍ਰਤੀ ਏਕੜ ਲਈ ਕਾਫ਼ੀ ਹੈ। ਲਸਣ ਦੀਆਂ ਸਿਫ਼ਾਰਿਸ਼ ਕੀਤੀਆਂ ਕਿਸਮਾਂ ਸਤੰਬਰ ਦੇ ਚੌਥੇ ਹਫ਼ਤੇ ਤੋਂ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ 112 ਤੋਂ 125 ਕਿਲੋ ਬੀਜ ਵਰਤ ਕੇ 15 ਸੈਂਟੀਮੀਟਰ ਫ਼ਾਸਲੇ ’ਤੇ 3 ਕਤਾਰਾਂ, ਗੰਨੇ ਦੀਆਂ ਦੋ ਕਤਾਰਾਂ ਵਿਚਕਾਰ ਲਗਾਉ। 25 ਕਿਲੋ ਨਾਈਟ੍ਰੋਜਨ (54 ਕਿਲੋ ਯੂਰੀਆ), 12 ਕਿਲੋ ਫ਼ਾਸਫ਼ੋਰਸ (75 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ) ਇੱਕ ਏਕੜ ਲਈ ਕਾਫ਼ੀ ਹੈ। ਲਸਣ ਦੀ ਖਾਲੀ ਵਿਧੀ ਰਾਹੀਂ ਬੀਜੇ ਗੰਨੇ ਵਿੱਚ ਬਿਜਾਈ ਕਰਨ ਲਈ 85 ਤੋਂ 95 ਕਿਲੋ ਬੀਜ ਦੀ ਵਰਤੋਂ ਕਰੋ।
ਪਿਆਜ਼ ਦੀਆਂ ਸਿਫ਼ਾਰਸ਼ ਕਿਸਮਾਂ ਦੀ ਬਿਜਾਈ ਵੀ ਜਨਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਕੀਤੀ ਜਾ ਸਕਦੀ ਹੈ। ਪਿਆਜ਼ ਦੀਆਂ 5 ਕਤਾਰਾਂ 15 ਸੈਂਟੀਮੀਟਰ ਦੀ ਵਿਥ ’ਤੇ ਦੂਹਰੀ ਕਤਾਰੀ ਵਿਧੀ ਰਾਹੀਂ (120:30 ਸੈਂਟੀਮੀਟਰ) ਬੀਜੇ ਗੰਨੇ ਵਿਚ ਬੀਜੋ। ਇਨ੍ਹਾਂ ਕਤਾਰਾਂ ਨੂੰ ਗੰਨੇ ਦੀਆਂ ਕਤਾਰਾਂ ਦੀ ਦੂਰੀ ਮੁਤਾਬਿਕ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ। ਪਿਆਜ਼ ਦੀ ਫ਼ਸਲ ਲਈ 21 ਕਿਲੋਗ੍ਰਾਮ ਨਾਈਟ੍ਰੋਜਨ (45 ਕਿਲੋ ਯੂਰੀਆ), 10 ਕਿਲੋ ਫ਼ਾਸਫ਼ੋਰਸ (62.5 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ) ਤੇ 10 ਕਿਲੋ ਪੋਟਾਸ਼ (17 ਕਿਲੋ ਮਿਊਰੇਟ ਆਫ਼ ਪੋਟਾਸ਼) ਕਾਫ਼ੀ ਹੈ। ਇਹ ਫ਼ਸਲ ਮਈ ਵਿੱਚ ਖੇਤ ਖਾਲੀ ਕਰ ਦਿੰਦੀ ਹੈ।
ਟਮਾਟਰ ਦੀਆਂ ਸਿਫ਼ਾਰਸ਼ ਕਿਸਮਾਂ ਵਿੱਚੋਂ ਕਿਸੇ ਵੀ ਕਿਸਮ ਦੀ ਇੱਕ ਕਤਾਰ ਗੰਨੇ ਦੀਆਂ ਦੋ ਕਤਾਰਾਂ ਵਿਚਕਾਰ (ਦੋਹਰੀ ਕਤਾਰੀ ਵਿਧੀ) ਨਵੰਬਰ-ਦਸੰਬਰ ਮਹੀਨੇ ਵਿੱਚ ਲਗਾਈ ਜਾ ਸਕਦੀ ਹੈ। 12.5 ਕਿਲੋਗ੍ਰਾਮ ਨਾਈਟ੍ਰੋਜਨ (28 ਕਿਲੋ ਯੂਰੀਆ), 12.5 ਕਿਲੋ ਫ਼ਾਸਫ਼ੋਰਸ (62.5 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ) ਤੇ 12.5 ਕਿਲੋ ਪੋਟਾਸ਼ (21 ਕਿਲੋ ਮਿਊਰੇਟ ਆਫ਼ ਪੋਟਾਸ਼) ਦੀ ਵਰਤੋਂ ਕਰੋ। ਇਹ ਫ਼ਸਲ ਅਖ਼ੀਰ ਮਾਰਚ ਤੋਂ ਅੱਧ ਮਈ ਤੱਕ ਖੇਤ ਖਾਲੀ ਕਰ ਸਕਦੀ ਹੈ।
ਸ਼ਿਮਲਾ ਮਿਰਚ ਦੀ ਪਨੀਰੀ ਦੀ ਇਕ ਕਤਾਰ ਗੰਨੇ ਦੀਆਂ ਦੋ ਕਤਾਰਾਂ ਵਿਚਕਾਰ ਅਖ਼ੀਰ ਨਵੰਬਰ ਤੱਕ ਲਗਾਉ। ਇਸ ਲਈ 28 ਕਿਲੋਗ੍ਰਾਮ ਨਾਈਟ੍ਰੋਜਨ (62 ਕਿਲੋ ਯੂਰੀਆ), 11.2 ਕਿਲੋ ਫ਼ਾਸਫ਼ੋਰਸ (70 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ) ਅਤੇ 4.8 ਕਿਲੋ ਪੋਟਾਸ਼ (8 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਕਾਫ਼ੀ ਹੈ। ਇਹ ਅੱਧ ਮਾਰਚ ਤੋਂ ਅਖ਼ੀਰ ਮਈ ਤੱਕ ਖੇਤ ਖਾਲੀ ਕਰ ਦਿੰਦੀ ਹੈ।
ਬਰੋਕਲੀ/ਫੁੱਲ ਗੋਭੀ ਦੀਆਂ ਸਿਫ਼ਾਰਸ਼ ਕਿਸਮਾਂ ਦੀ ਪਨੀਰੀ 2 ਕਤਾਰਾਂ (45 ਸੈਂਟੀਮੀਟਰ ਵਕਫ਼ੇ ’ਤੇ) ਅੱਧ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਲਗਾਈ ਜਾ ਸਕਦੀ ਹੈ। ਪਨੀਰੀ ਤਿਆਰ ਕਰਨ ਲਈ 150 ਗ੍ਰਾਮ ਬੀਜ ਕਾਫ਼ੀ ਹੁੰਦਾ ਹੈ। ਇਨ੍ਹਾਂ ਫ਼ਸਲਾਂ ਨੂੰ ਦੋਹਰੀ ਕਤਾਰ ਵਿਧੀ ਰਾਹੀਂ ਬੀਜੇ ਗੰਨੇ (90:30 ਸੈਂਟੀਮੀਟਰ) ਵਿੱਚ 37.5 ਕਿਲੋਗ੍ਰਾਮ ਨਾਈਟ੍ਰੋਜਨ (82 ਕਿਲੋ ਯੂਰੀਆ) 18.75 ਕਿਲੋ ਫ਼ਾਸਫ਼ੋਰਸ (116 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ) ਤੇ 18.75 ਕਿਲੋ ਪੋਟਾਸ਼ (30 ਕਿਲੋ ਮਿਊਰੇਟ ਆਫ਼ ਪੋਟਾਸ਼) ਅਤੇ 120:30 ਸੈਂਟੀਮੀਟਰ ਤੇ ਬੀਜੇ ਗੰਨੇ ਵਿੱਚ 30 ਕਿਲੋਗ੍ਰਾਮ ਨਾਈਟ੍ਰੋਜਨ (65 ਕਿਲੋ ਯੂਰੀਆ), 15 ਕਿਲੋ ਫ਼ਾਸਫ਼ੋਰਸ (94 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ) ਤੇ 15 ਕਿਲੋ ਪੋਟਾਸ਼ (25 ਕਿਲੋ ਮਿਊਰੇਟ ਆਫ਼ ਪੋਟਾਸ਼) ਪਾਉ। ਇਹ ਫ਼ਸਲਾਂ ਅੱਧ ਦਸੰਬਰ ਤੱਕ ਖੇਤ ਖਾਲੀ ਕਰ ਦਿੰਦੀਆਂ ਹਨ।
ਉਪਰੋਕਤ ਤਕਨੀਕਾਂ, ਪੱਤਝੜ ਰੁੱਤ ਦੇ ਕਮਾਦ ਵਿੱਚ ਅੰਤਰ-ਫ਼ਸਲਾਂ ਬੀਜ ਕੇ ਵਧੇਰੇ ਮੁਨਾਫ਼ਾ ਲੈਣ ਵਿੱਚ ਮਦਦਗਾਰ ਹੋ ਸਕਦੀਆਂ ਹਨ ਤੇ ਫ਼ਸਲੀ ਵਿਭਿੰਨਤਾ ਲਿਆਉਣ ਵਿੱਚ ਵੀ ਕਾਰਗਰ ਸਾਬਿਤ ਹੋ ਸਕਦੀਆਂ ਹਨ।
*ਫ਼ਸਲ ਵਿਗਿਆਨ ਵਿਭਾਗ, ਪੀਏਯੂ।
ਸੰਪਰਕ: 95011-06118

Advertisement

Advertisement
Author Image

sukhwinder singh

View all posts

Advertisement