ਗਰਮ ਰੁੱਤ ਦੀਆਂ ਦਾਲਾਂ ਦੀ ਕਾਸ਼ਤ
ਹਰਪ੍ਰੀਤ ਕੌਰ ਵਿਰਕ/ਗੁਰਇਕਬਾਲ ਸਿੰਘ/ਆਰ ਕੇ ਗਿੱਲ*
ਦਾਲਾਂ ਦੁਨੀਆਂ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਭੋਜਨਾਂ ਵਿੱਚੋਂ ਇੱਕ ਹਨ। ਇਹ ਵਿਕਾਸਸ਼ੀਲ ਦੇਸ਼ਾਂ ਵਿੱਚ ਪੌਦ ਆਧਾਰਿਤ ਪ੍ਰੋਟੀਨ ਦਾ ਮਹੱਤਵਪੂਰਨ ਸਰੋਤ ਰਹੇ ਹਨ ਜਿੱਥੇ ਪਸ਼ੂ ਆਧਾਰਤ ਪ੍ਰੋਟੀਨ ਦੀ ਘਾਟ ਹੈ। ਉਹ ਖ਼ੁਰਾਕੀ ਫਾਈਬਰ, ਜਟਿਲ ਕਾਰਬੋਹਾਈਡ੍ਰੇਟ, ਸਟਾਰਚ, ਆਇਰਨ, ਜ਼ਿੰਕ, ਸੇਲੇਨੀਅਮ, ਫਾਸਫੋਰਸ ਅਤੇ ਪੋਟਾਸ਼ੀਅਮ ਵਰਗੇ ਖਣਿਜਾਂ ਦੇ ਅਮੀਰ ਸਰੋਤ ਵੀ ਹਨ। ਦਾਲਾਂ ਵਿੱਚ ਫੋਲੇਟ, ਥਿਆਮਿਨ, ਨਿਆਸੀਨ ਸਣੇ ‘ਬੀ’ ਵਿਟਾਮਿਨਾਂ ਵਿੱਚ ਵੀ ਵਿਸ਼ੇਸ਼ ਤੌਰ ’ਤੇ ਭਰਪੂਰ ਹੁੰਦੇ ਹਨ ਅਤੇ ਇਸ ਵਿੱਚ ਸੰਭਾਵੀ ਬਾਇਓਐਕਟਿਵ ਪੌਸ਼ਟਿਕ ਤੱਤ ਹੁੰਦੇ ਹਨ ਜੋ ਗਲਾਈਸੈਮਿਕ ਨਿਯੰਤਰਨ ਵਿੱਚ ਸੁਧਾਰ ਕਰ ਸਕਦੇ ਹਨ, ਹਾਈਪਰਕੋਲੇਸਟ੍ਰੋਲੇਮੀਆ, ਕੈਂਸਰ ਅਤੇ ਟਾਈਪ-2 ਸ਼ੂਗਰ ਤੋਂ ਬਚਾਅ ਕਰ ਸਕਦੇ ਹਨ।
ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਪ੍ਰਤੀ ਵਿਅਕਤੀ ਪ੍ਰਤੀ ਦਿਨ 52 ਗ੍ਰਾਮ ਦਾਲਾਂ ਖਾਣ ਦੀ ਸਿਫ਼ਾਰਸ਼ ਦਿੱਤੀ ਹੈ। ਪੰਜਾਬ ਦੀ ਸਾਲਾਨਾ ਦਾਲ ਦੀ ਲੋੜ ਦਾ ਅੰਦਾਜ਼ਾ ਪੰਜ ਲੱਖ ਟਨ ਹੈ, ਪਰ ਸੂਬੇ ਵਿੱਚ ਸਿਰਫ਼ ਤੀਹ ਹਜ਼ਾਰ ਟਨ ਦਾਲਾਂ ਦਾ ਉਤਪਾਦਨ ਹੁੰਦਾ ਹੈ। ਝੋਨੇ-ਕਣਕ ਦੀ ਫ਼ਸਲੀ ਪ੍ਰਣਾਲੀ ਦੀ ਪ੍ਰਮੁੱਖਤਾ ਕਾਰਨ ਪੰਜਾਬ ਵਿੱਚ ਦਾਲਾਂ ਦੀ ਫ਼ਸਲ ਦਾ ਰਕਬਾ ਕਾਫ਼ੀ ਘਟ ਗਿਆ ਹੈ। ਇਸ ਲਈ ਪੰਜਾਬ ਨੂੰ ਦਾਲਾਂ ਹੇਠ ਰਕਬਾ ਵਧਾਉਣ ਦੀ ਸਖ਼ਤ ਲੋੜ ਹੈ। ਦਾਲਾਂ ਹੇਠ ਰਕਬਾ ਵਧਾਉਣ ਲਈ ਸਭ ਤੋਂ ਵਧੀਆ ਵਿਕਲਪ ਥੋੜ੍ਹੇ ਸਮੇਂ ਦੀਆਂ ਦਾਲਾਂ ਜਿਵੇਂ ਕਿ ਗਰਮ ਰੁੱਤ ਦੀ ਮੂੰਗੀ ਅਤੇ ਮਾਂਹ ਨੂੰ ਉਗਾਉਣਾ ਹੈ। ਗਰਮ ਰੁੱਤ ਦੀ ਮੂੰਗੀ ਦੀਆਂ ਫ਼ਲੀਆਂ ਤੋੜ ਕੇ ਮੂੰਗੀ ਨੂੰ ਖੇਤ ਵਿੱਚ ਵਾਹੁਣ ਨਾਲ ਅਗਲੀ ਝੋਨੇ ਦੀ ਫ਼ਸਲ ਵਿੱਚ 1/3 ਫ਼ੀਸਦੀ ਨਾਈਟ੍ਰੋਜਨ ਦੀ ਬੱਚਤ ਕੀਤੀ ਜਾ ਸਕਦੀ ਹੈ। ਦਾਲਾਂ ਦੀਆਂ ਜੜ੍ਹਾਂ ਤੇ ਨੋਡਿਊਲ ਹੁੰਦੇ ਹਨ ਜਿਨ੍ਹਾਂ ਵਿੱਚ ਵਾਯੂਮੰਡਲ ਵਿੱਚੋਂ ਨਾਈਟ੍ਰੋਜਨ ਨੂੰ ਸੋਖਣ ਤੇ ਮਿੱਟੀ ਦੀ ਸਿਹਤ ਅਤੇ ਉਤਪਾਦਕਤਾ ਵਧਾਉਣ ਦੀ ਵਿਸ਼ੇਸ਼ ਸਮਰੱਥਾ ਹੁੰਦੀ ਹੈ। ਗਰਮ ਰੁੱਤ ਦੀਆਂ ਦਾਲਾਂ ਦੀ ਕਾਸ਼ਤ ਨਾਲ ਬਸੰਤ ਰੁੱਤ ਦੀ ਮੱਕੀ ਦੀ ਤੁਲਨਾ ਵਿੱਚ ਪਾਣੀ ਦੀ ਕਾਫ਼ੀ ਬਚਤ ਹੁੰਦੀ ਹੈ। ਇਸ ਤੋਂ ਇਲਾਵਾ ਮਨੁੱਖੀ ਅਤੇ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਲਿਆ ਸਕਦੇ ਹਾਂ। ਦਾਲਾਂ ਪੋਸ਼ਣ ਸੁਰੱਖਿਆ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸਾਨੂੰ ਦਾਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਲਈ ਪੰਜਾਬ ਵਿੱਚ ਕਿਸਾਨਾਂ ਨੂੰ ਉੱਨਤ ਕਿਸਮਾਂ ਅਤੇ ਚੰਗੀਆਂ ਉਤਪਾਦਨ ਤਕਨੀਕਾਂ ਅਪਣਾਉਣ ਲਈ ਉਤਸ਼ਾਹਿਤ ਕਰ ਕੇ ਗਰਮ ਰੁੱਤ ਦੀਆਂ ਦਾਲਾਂ ਦਾ ਉਤਪਾਦਨ ਤੇ ਰਕਬਾ ਵਧਾਇਆ ਜਾ ਸਕਦਾ ਹੈ।
ਮੌਸਮ: ਗਰਮ ਰੁੱਤ ਦੀ ਮੂੰਗੀ ਨੂੰ ਗਰਮ ਜਲਵਾਯੂ ਦੀ ਲੋੜ ਹੁੰਦੀ ਹੈ ਅਤੇ ਇਸ ਨੂੰ ਸਾਰੀਆਂ ਦਾਲਾਂ ਦੀਆਂ ਫ਼ਸਲਾਂ ਵਿੱਚੋਂ ਸਭ ਤੋਂ ਸਖ਼ਤ ਮੰਨਿਆ ਜਾਂਦਾ ਹੈ। ਗਰਮ ਰੁੱਤ ਦੇ ਮਾਂਹ ਨੂੰ ਰਾਜ ਦੇ ਕੇਂਦਰੀ ਅਤੇ ਨੀਮ ਪਹਾੜੀ ਇਲਾਕਿਆਂ ਵਿੱਚ ਉਗਾਇਆ ਜਾ ਸਕਦਾ ਹੈ।
ਮਿੱਟੀ ਦੀ ਕਿਸਮ: ਗਰਮ ਰੁੱਤ ਦੀਆਂ ਦਾਲਾਂ ਦੀ ਕਾਸ਼ਤ ਲਈ ਚੰਗੀ ਨਿਕਾਸ ਵਾਲੀ, ਗ਼ੈਰ-ਖਾਰੀ/ਖਾਰੀ ਭਲ ਤੋਂ ਰੇਤਲੀ ਭਲ ਮਿੱਟੀ ਚੰਗੀ ਹੁੰਦੀ ਹੈ।
ਜ਼ਮੀਨ ਦੀ ਤਿਆਰੀ: ਬੀਜ ਦੇ ਚੰਗੀ ਤਰ੍ਹਾਂ ਉੱਗਣ ਲਈ ਖੇਤ ਨੂੰ 2-3 ਵਾਰ ਵਾਹ ਕੇ ਅਤੇ ਹਰ ਵਾਰ ਸੁਹਾਗਾ ਮਾਰ ਕੇ ਤਿਆਰ ਕਰਨਾ ਚਾਹੀਦਾ ਹੈ ਤਾਂ ਕਿ ਖੇਤ ਪੱਧਰਾ ਅਤੇ ਘਾਹ-ਫੂਸ ਤੋਂ ਰਹਿਤ ਹੋਵੇ।
ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਲਾਉਣਾ: ਮੂੰਗੀ ਦੇ ਬੀਜ ਨੂੰ ਮਿਸ਼ਰਤ ਜੀਵਾਣੂੰ ਖਾਦ ਦੇ ਟੀਕੇ ਦਾ ਇੱਕ ਪੈਕੇਟ (ਰਾਈਜ਼ੋਬੀਅਮ ਐੱਲ ਐੱਸ ਐੱਮ ਆਰ-1 ਅਤੇ ਰਾਈਜ਼ੋਬੈਕਟੀਰੀਅਮ ਆਰ ਬੀ-3) ਅਤੇ ਮਾਂਹ ਦੇ ਬੀਜ ਨੂੰ ਰਾਈਜ਼ੋਬੀਅਮ (ਐੱਲ ਯੂ ਆਰ-6) ਦੇ ਟੀਕੇ ਦਾ ਇੱਕ ਪੈਕੇਟ ਲਾ ਕੇ ਬੀਜਣਾ ਚਾਹੀਦਾ ਹੈ। ਟੀਕਾ ਲਗਾਉਣ ਤੋਂ ਇੱਕ ਘੰਟੇ ਦੇ ਅੰਦਰ ਬੀਜ ਦੀ ਬਿਜਾਈ ਕਰ ਲੈਣੀ ਚਾਹੀਦੀ ਹੈ। ਇਸ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ।
ਬੀਜ ਦੀ ਮਾਤਰਾ, ਬਿਜਾਈ ਦਾ ਸਮਾਂ ਅਤੇ ਢੰਗ: ਪੂਰਾ ਝਾੜ ਲੈਣ ਲਈ ਬਿਜਾਈ ਸਹੀ ਸਮੇਂ ’ਤੇ ਹੋਣੀ ਬਹੁਤ ਜ਼ਰੂਰੀ ਹੈ। ਗਰਮ ਰੁੱਤ ਦੀ ਮੂੰਗੀ ਦੀ ਬਿਜਾਈ 20 ਮਾਰਚ ਤੋਂ 10 ਅਪਰੈਲ ਤੱਕ ਅਤੇ ਮਾਂਹ ਦੀ 15 ਮਾਰਚ ਤੋਂ ਅਪਰੈਲ ਦੇ ਪਹਿਲੇ ਹਫ਼ਤੇ ਤੱਕ ਕੀਤੀ ਜਾ ਸਕਦੀ ਹੈ। ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਅਪਰੈਲ ਦੇ ਤੀਜੇ ਹਫ਼ਤੇ ਤੱਕ ਵੀ ਕੀਤੀ ਜਾ ਸਕਦੀ ਹੈ ਪਰ ਪਿਛੇਤੀ ਬਿਜਾਈ ਨਾਲ ਇਸ ਦੇ ਪੱਕਣ ਸਮੇਂ ਮੀਂਹ ਪੈਣ ਦਾ ਖ਼ਤਰਾ ਰਹਿੰਦਾ ਹੈ।
ਗਰਮ ਰੁੱਤ ਦੀ ਮੂੰਗੀ ਦੀ ਕਿਸਮ ਐੱਸ ਐੱਮ ਐੱਲ 668 ਲਈ 15 ਕਿਲੋ, ਐੱਸਐੱਮਐੱਲ 1827 ਅਤੇ ਐੱਸ ਐੱਮ ਐੱਲ 832 ਲਈ 12 ਕਿਲੋ ਬੀਜ ਪ੍ਰਤੀ ਏਕੜ ਬਿਜਾਈ ਲਈ ਕਾਫ਼ੀ ਹੁੰਦਾ ਹੈ। ਪਰ ਗਰਮ ਰੁੱਤ ਦੇ ਮਾਂਹ ਲਈ 20 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਗਰਮ ਰੁੱਤ ਦੀ ਮੂੰਗੀ ਅਤੇ ਮਾਂਹ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫ਼ਾਸਲਾ ਕ੍ਰਮਵਾਰ 17.5-22.5 ਸੈਂਟੀਮੀਟਰ ਅਤੇ 22.5 ਸੈਂਟੀਮੀਟਰ ਹੋਣਾ ਚਾਹੀਦਾ ਹੈ। ਬਿਜਾਈ ਡਰਿੱਲ ਨਾਲ 4-6 ਸੈਂਟੀਮੀਟਰ ਡੂੰਘਾਈ ’ਤੇ ਕਰਨੀ ਚਾਹੀਦੀ ਹੈ।
ਜ਼ੀਰੋ-ਟਿਲ ਡਰਿੱਲ ਨਾਲ ਬਿਜਾਈ: ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਕਣਕ ਦੀ ਵਾਢੀ ਤੋਂ ਬਾਅਦ ਸਮੇਂ ਸਿਰ ਕਰਨ ਲਈ ਇਸ ਦੀ ਬਿਜਾਈ ਬਿਨਾਂ ਵਹਾਈ ਜ਼ੀਰੋ ਟਿੱਲ ਡਰਿੱਲ ਨਾਲ ਕੀਤੀ ਜਾ ਸਕਦੀ ਹੈ। ਜੇ ਕਣਕ ਦਾ ਨਾੜ ਖੇਤ ਵਿੱਚ ਹੋਵੇ ਤਾਂ ਮੂੰਗੀ ਦੀ ਬਿਜਾਈ ਹੈਪੀ ਸੀਡਰ ਨਾਲ ਕੀਤੀ ਜਾ ਸਕਦੀ ਹੈ।
ਬੈੱਡਾਂ ’ਤੇ ਬਿਜਾਈ: ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਉੱਤੇ ਮੂੰਗੀ ਦੀ ਬਿਜਾਈ ਕਣਕ ਲਈ ਵਰਤੇ ਜਾਣ ਵਾਲੇ ਬੈੱਡ ਪਲਾਂਟਰ ਨਾਲ ਬੈੱਡ ਉੱਤੇ ਕੀਤੀ ਜਾ ਸਕਦੀ ਹੈ। ਮੂੰਗੀ ਦੀਆਂ ਦੋ ਕਤਾਰਾਂ ਦੀ ਬਿਜਾਈ 20 ਸੈਂਟੀਮੀਟਰ ਦੇ ਫ਼ਾਸਲੇ ’ਤੇ 67.5 ਸੈਂਟੀਮੀਟਰ ਵਿੱਥ ਦੇ ਬੈੱਡਾਂ (37.5 ਸੈਂਟੀਮੀਟਰ ਬੈੱੱਡ ਦਾ ਉਪਰਲਾ ਹਿੱਸਾ ਤੇ 30 ਸੈਂਟੀਮੀਟਰ ਖਾਲੀ) ਉੱਤੇ ਕਰਨੀ ਚਾਹੀਦੀ ਹੈ। ਇਸ ਨਾਲ 20-30 ਫ਼ੀਸਦੀ ਪਾਣੀ ਦੀ ਬੱਚਤ ਹੁੰਦੀ ਹੈ।
ਖਾਦਾਂ: ਫ਼ਸਲ ਦੇ ਵਾਧੇ ਲਈ ਤੱਤਾਂ ਦੀ ਬਹੁਤ ਲੋੜ ਹੁੰਦੀ ਹੈ ਪਰ ਦਾਲਾਂ ਵਿੱਚ ਜ਼ਿਆਦਾ ਨਾਈਟ੍ਰੋਜਨ ਪਾਉਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਇਹ ਫ਼ਸਲਾਂ ਹਵਾ ਵਿੱਚੋਂ ਨਾਈਟ੍ਰੋਜਨ ਪ੍ਰਾਪਤ ਕਰਨ ਦੀ ਸਮਰੱਥਾ ਰੱਖਦੀਆਂ ਹਨ। ਗਰਮ ਰੁੱਤ ਦੀ ਮੂੰਗੀ ਨੂੰ 5 ਕਿਲੋ ਨਾਈਟ੍ਰੋਜਨ (11 ਕਿਲੋ ਯੂਰੀਆ) ਅਤੇ 16 ਕਿਲੋ ਫ਼ਾਸਫ਼ੋਰਸ (100 ਕਿਲੋ ਸਿੰਗਲ ਸੁਪਰਫ਼ਾਸਫ਼ੇਟ) ਅਤੇ ਮਾਂਹ ਨੂੰ 5 ਕਿਲੋ ਨਾਈਟ੍ਰੋਜਨ (11 ਕਿਲੋ ਯੂਰੀਆ) ਅਤੇ 10 ਕਿਲੋ ਫ਼ਾਸਫ਼ੋਰਸ (60 ਕਿਲੋ ਸਿੰਗਲ ਸੁਪਰਫ਼ਾਸਫ਼ੇਟ) ਪ੍ਰਤੀ ਏਕੜ ਬਿਜਾਈ ਵੇਲੇ ਪਾਉਣੀ ਚਾਹੀਦੀ ਹੈ। ਗਰਮ ਰੁੱਤ ਦੀ ਮੂੰਗੀ ਨੂੰ ਕੋਈ ਖਾਦ ਪਾਉਣ ਦੀ ਜ਼ਰੂਰਤ ਨਹੀਂ ਹੈ ਜੇ ਇਸ ਦੀ ਬਿਜਾਈ ਆਲੂਆਂ ਤੋਂ ਬਾਅਦ ਮੱਕੀ/ਝੋਨਾ-ਆਲੂ-ਗਰਮ ਰੁੱਤ ਮੂੰਗੀ ਦੇ ਫ਼ਸਲੀ ਚੱਕਰ ਵਿੱਚ ਕਰਨੀ ਹੋਵੇ।
ਨਦੀਨਾਂ ਦੀ ਰੋਕਥਾਮ: ਜੇ ਨਦੀਨਾਂ ਦੀ ਸਹੀ ਸਮੇਂ ’ਤੇ ਰੋਕਥਾਮ ਨਾ ਕੀਤੀ ਜਾਵੇ ਤਾਂ ਇਹ ਕਾਫ਼ੀ ਝਾੜ ਘਟਾ ਸਕਦੇ ਹਨ। ਨਦੀਨਾਂ ’ਤੇ ਕਾਬੂ ਪਾਉਣ ਲਈ ਗਰਮ ਰੁੱਤ ਦੀ ਮੂੰਗੀ ਵਿੱਚ ਦੋ ਗੋਡੀਆਂ ਬਿਜਾਈ ਤੋਂ 4 ਅਤੇ 6 ਹਫ਼ਤੇ ਬਾਅਦ ਅਤੇ ਮਾਂਹ ਵਿੱਚ ਇੱਕ ਗੋਡੀ ਬਿਜਾਈ ਤੋਂ 4 ਹਫ਼ਤੇ ਬਾਅਦ ਕਰਨੀ ਚਾਹੀਦੀ ਹੈ।
ਸਿੰਜਾਈ: ਗਰਮ ਰੁੱਤ ਦੀਆਂ ਦਾਲਾਂ ਨੂੰ 3-5 ਪਾਣੀ ਬਿਜਾਈ ਦੇ ਸਮੇਂ, ਜ਼ਮੀਨ ਮੁਤਾਬਕ ਅਤੇ ਬਾਰਸ਼ ਅਨੁਸਾਰ ਲਾਉਣ ਦੀ ਲੋੜ ਪੈਂਦੀ ਹੈ। ਫ਼ਸਲ ਦੇ ਇਕਸਾਰ ਪਕਾਅ ਲਈ ਗਰਮ ਰੁੱਤ ਦੀ ਮੂੰਗੀ ਨੂੰ ਅਖੀਰਲਾ ਪਾਣੀ ਬਿਜਾਈ ਤੋਂ 55 ਦਿਨਾਂ ਅਤੇ ਮਾਂਹ ਨੂੰ 60 ਦਿਨਾਂ ਬਾਅਦ ਲਾਉਣਾ ਬੰਦ ਕਰ ਦੇਣਾ ਚਾਹੀਦਾ ਹੈ।
ਵਾਢੀ: ਗਰਮ ਰੁੱਤ ਦੀ ਮੂੰਗੀ ਅਤੇ ਮਾਂਹ ਦੀ ਵਾਢੀ ਉਸ ਵੇਲੇ ਕਰੋ ਜਦੋਂ ਤਕਰੀਬਨ 80 ਫ਼ੀਸਦੀ ਫ਼ਲੀਆਂ ਪੱਕ ਜਾਣ।
*ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੀਏਯੂ।