ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫ਼ਸਲੀ ਵਿਭਿੰਨਤਾ ਅਤੇ ਵਧੇਰੇ ਆਮਦਨ ਲਈ ਫਲਾਂ ਦੀ ਕਾਸ਼ਤ

07:44 AM Feb 05, 2024 IST

 

Advertisement

ਰਾਜ ਕੁਮਾਰ*

ਭਾਰਤ ਵਿੱਚ 1960 ਦੇ ਦਹਾਕੇ ਵਿੱਚ ਕਣਕ ਅਤੇ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਅਤੇ ਉਤਪਾਦਨ ਦੀਆਂ ਵਧੀਆ ਤਕਨੀਕਾਂ ਵਿਕਸਿਤ ਹੋਣ ਅਤੇ ਸਰਕਾਰ ਵੱਲੋਂ ਨਵੀਆਂ ਨੀਤੀਆਂ ਲਾਗੂ ਕਰਨ ਨਾਲ ਝੋਨਾ-ਕਣਕ ਫ਼ਸਲੀ ਚੱਕਰ ਕਾਫ਼ੀ ਲਾਹੇਵੰਦ ਹੋ ਗਿਆ ਅਤੇ ਇਸ ਅਧੀਨ ਰਕਬਾ, ਖ਼ਾਸ ਕਰ ਕੇ ਝੋਨੇ ਦਾ, ਕਈ ਗੁਣਾ ਵਧ ਗਿਆ। ਸਿੱਟੇ ਵਜੋਂ ਬਾਜਰਾ, ਮੂੰਗਫਲੀ, ਮਾਂਹ, ਮੂੰਗੀ, ਮੱਕੀ, ਕਪਾਹ ਆਦਿ ਫ਼ਸਲਾਂ ਹੇਠ ਰਕਬਾ ਘਟ ਗਿਆ। ਇਹ ਘੱਟ ਪਾਣੀ (600-1800 ਘਣ ਮੀਟਰ/ਏਕੜ) ਲੈਣ ਵਾਲੀਆਂ ਫ਼ਸਲਾਂ ਹਨ; ਝੋਨੇ ਨੂੰ 5000-5600 ਘਣ ਮੀਟਰ/ਏਕੜ ਪਾਣੀ ਚਾਹੀਦਾ ਹੈ, ਇਸ ਕਰ ਕੇ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਵਿੱਚ ਘਾਟ ਆ ਗਈ ਹੈ।
ਇੱਕ ਰਿਪੋਰਟ ‘ਸੈਂਟਰਲ ਗਰਾਂਊਡ ਵਾਟਰ ਰਿਸੋਰਸਜ ਆਫ ਪੰਜਾਬ (13 ਮਾਰਚ 2017) ਅਨੁਸਾਰ ਜੇ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਧਰਤੀ ਹੇਠਲੇ ਪਾਣੀ ਦਾ ਮੌਜੂਦਾ ਭੰਡਾਰ 20 ਤੋਂ 25 ਸਾਲਾਂ ਦੇ ਅੰਦਰ ਅੰਦਰ ਹੀ ਖ਼ਤਮ ਹੋ ਜਾਵੇਗਾ।
ਹਾਲੀਆ ਰਿਪੋਰਟ ‘ਡਾਇਨੇਮਿਕ ਗਰਾਊਂਡ ਵਾਟਰ ਰਿਸੋਰਸਜ਼ ਆਫ ਇੰਡੀਆ-2022’ ਅਨੁਸਾਰ ਪਾਣੀ ਦੇ 153 ਬਲਾਕਾਂ ਵਿੱਚੋਂ ਸਿਰਫ਼ 17 ਬਲਾਕ ਹੀ ਸੁਰੱਖਿਅਤ ਰਹਿ ਗਏ ਹਨ। ਇਸ ਚੁਣੌਤੀ ਨਾਲ ਨਜਿੱਠਣ ਤੇ ਫ਼ਸਲੀ ਚੱਕਰ ਵਿੱਚ ਵਿਭਿੰਨਤਾ ਲਿਆਉਣ ਲਈ ਫਲਾਂ ਦੀ ਕਾਸ਼ਤ ਵਧੀਆ ਬਦਲ ਹੈ। ਇਸ ਨਾਲ ਝੋਨੇ-ਕਣਕ ਨਾਲੋਂ ਲਗਪਗ 60 ਫ਼ੀਸਦੀ ਤੱਕ ਪਾਣੀ ਦੀ ਬੱਚਤ ਹੋ ਸਕਦੀ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵਧਣ, ਰੁਜ਼ਗਾਰ ਪੈਦਾ ਹੋਣ ਤੇ ਪੋਸ਼ਣ ਸਬੰਧੀ ਸਥਿਤੀ ’ਚ ਸੁਧਾਰ ਦੀ ਸੰਭਾਵਨਾ ਹੈ।
ਕਿੰਨੂ, ਅਮਰੂਦ ਅਤੇ ਨਾਸ਼ਪਾਤੀ ਜੋ ਸਭ ਤੋਂ ਮਹੱਤਵਪੂਰਨ ਫਲ ਹਨ, ਦੇ ਬਾਗ਼ਾਂ ਦੀ ਕ੍ਰਮਵਾਰ 25, 25 ਅਤੇ 40 ਸਾਲ ਦੀ ਉਮਰ ਦੇ ਹਿਸਾਬ ਨਾਲ, ਤੋਂ ਪ੍ਰਤੀ ਏਕੜ ਸਾਲਾਨਾ ਨਿਰੋਲ ਆਮਦਨ (ਫਲ ਲੱਗਣਾ ਸ਼ੁਰੂ ਹੋਣ ਤੋਂ ਪਹਿਲਾਂ ਅੰਤਰ-ਫ਼ਸਲਾਂ ਦੀ ਆਮਦਨ ਸਣੇ) ਕ੍ਰਮਵਾਰ ਲਗਪਗ 1,24,000 ਰੁਪਏ, 72500 ਰੁਪਏ ਅਤੇ 1,60,000 ਰੁਪਏ ਤੱਕ ਹੋ ਸਕਦੀ ਹੈ। ਦੂਜੇ ਪਾਸੇ, ਝੋਨੇ-ਕਣਕ ਤੋਂ ਇਹ ਤਕਰੀਬਨ 61000 ਰੁਪਏ/ਏਕੜ ਹੈ। ਬਾਗ਼ ਵਿੱਚ ਅੰਤਰ-ਫ਼ਸਲਾਂ (ਕਣਕ, ਗੋਭੀ ਸਰ੍ਹੋਂ, ਕਪਾਹ, ਮੂੰਗੀ, ਗੋਭੀ, ਭਿੰਡੀ ਆਦਿ) ਤੋਂ 15-25 ਹਜ਼ਾਰ ਪ੍ਰਤੀ ਏਕੜ ਤੱਕ ਆਮਦਨ ਲਈ ਜਾ ਸਕਦੀ ਹੈ ਅਤੇ ਬਾਗ਼ ਲਗਾਉਣ ਲਈ ਤਕਰੀਬਨ 21 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਲਾਗਤ ਆਉਂਦੀ ਹੈ।
ਪੰਜਾਬ ਵਿੱਚ 2021-22 ਦੌਰਾਨ ਫਲਾਂ ਹੇਠਲੇ 96,686 ਹੈਕਟੇਅਰ ਰਕਬੇ ਵਿੱਚ ਮੁੱਖ ਫਲ ਕਿੰਨੂ (46841 ਹੈਕਟੇਅਰ), ਅਮਰੂਦ (12173), ਅੰਬ (8897), ਨਾਸ਼ਪਾਤੀ (4335), ਮਾਲਟਾ (3800), ਲੀਚੀ (3653), ਨਿੰਬੂ (3031), ਆੜੂ (2623) ਅਤੇ ਬੇਰ (1564 ਹੈਕਟੇਅਰ) ਸਨ। ਫਲਾਂ ਹੇਠਲੇ ਕੁੱਲ ਰਕਬੇ ਵਿੱਚੋਂ ਅੱਧਾ ਰਕਬਾ (49.4 ਫ਼ੀਸਦੀ) ਇਕੱਲੇ ਕਿੰਨੂ ਹੇਠਾਂ ਹੈ। ਇਸ ਦਾ 78.5 ਫ਼ੀਸਦੀ ਹਿੱਸਾ ਫਾਜ਼ਿਲਕਾ ਜ਼ਿਲ੍ਹੇ ਵਿੱਚ ਹੈ ਜਿਸ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ (5.9 ਫ਼ੀਸਦੀ) ਅਤੇ ਹੁਸ਼ਿਆਰਪੁਰ (4.3 ਫ਼ੀਸਦੀ) ਜ਼ਿਲ੍ਹੇ ਆਉਂਦੇ ਹਨ। ਮਾਲਟਾ ਮੁੱਖ ਤੌਰ ’ਤੇ ਫ਼ਾਜ਼ਿਲਕਾ ਜ਼ਿਲ੍ਹੇ (73 ਫ਼ੀਸਦੀ) ਤੱਕ ਸੀਮਤ ਹੈ। ਅਮਰੂਦ ਦਾ ਜ਼ਿਆਦਾ ਰਕਬਾ ਲੁਧਿਆਣਾ ਜ਼ਿਲ੍ਹੇ (16.9 ਫ਼ੀਸਦੀ) ਵਿੱਚ ਹੈ ਜੋ ਪਟਿਆਲਾ, ਸ੍ਰੀ ਮੁਕਤਸਰ ਸਾਹਿਬ, ਐਸਏਐਸ ਨਗਰ, ਫ਼ਾਜ਼ਿਲਕਾ, ਸੰਗਰੂਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਨਾਲ ਮਿਲ ਕੇ 63.7 ਫ਼ੀਸਦੀ ਬਣ ਜਾਂਦਾ ਹੈ। ਅੰਬ ਹੇਠ 63.5 ਫ਼ੀਸਦੀ ਰਕਬਾ ਨੀਮ-ਪਹਾੜੀ ਇਲਾਕਿਆਂ (ਪਠਾਨਕੋਟ, ਹੁਸ਼ਿਆਰਪੁਰ, ਐਸਏਐਸ ਨਗਰ, ਰੂਪਨਗਰ) ਵਿੱਚ ਹੈ ਜਿਸ ਵਿੱਚੋਂ ਸਭ ਤੋਂ ਵੱਧ (33.7 ਫ਼ੀਸਦੀ) ਪਠਾਨਕੋਟ ਵਿੱਚ ਹੈ। ਲੀਚੀ ਦਾ ਲਗਪਗ 91 ਫ਼ੀਸਦੀ ਰਕਬਾ ਵੀ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਹੈ। ਨਾਸ਼ਪਾਤੀ ਦਾ 59 ਫ਼ੀਸਦੀ ਰਕਬਾ ਅੰਮ੍ਰਿਤਸਰ ਅਤੇ ਤਰਨ ਤਾਰਨ ਵਿੱਚ ਹੈ।
ਪਹਿਲਾਂ ਕੀਤੇੇ ਗਏ ਯਤਨ: ਰਾਜ ਸਰਕਾਰ ਨੇ ਫਲਾਂ ਦੀ ਕਾਸ਼ਤ ਅਤੇ ਪ੍ਰਾਸੈਸਿੰਗ ਨੂੰ ਉਤਸ਼ਾਹਿਤ ਕਰਨ ਲਈ ਕਈ ਸ਼ਲਾਘਾਯੋਗ ਯਤਨ ਕੀਤੇ ਹਨ। ਫਲਾਂ ਦੀ ਕਾਸ਼ਤ ਸਬੰਧੀ ਸਾਰੀਆਂ ਸਹੂਲਤਾਂ ਇੱਕੋ ਥਾਂ ਦੇਣ ਲਈ ਬਾਗ਼ਬਾਨੀ ਅਸਟੇਟ ਬਣਾਏ ਗਏ ਹਨ। ਸਿਟਰਸ ਅਸਟੇਟ ਹੁਸ਼ਿਆਰਪੁਰ, ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ, ਲੀਚੀ ਪਠਾਨਕੋਟ, ਨਾਸ਼ਪਾਤੀ ਪਠਾਨਕੋਟ ਅਤੇ ਅੰਮ੍ਰਿਤਸਰ ਅਤੇ ਅਮਰੂਦ ਪਟਿਆਲਾ ਜ਼ਿਲ੍ਹਿਆਂ ਵਿੱਚ ਹਨ। ਭਵਿੱਖ ਵਿੱਚ ਹੋਰ ਅਸਟੇਟ ਬਣਾਉਣ ਦੀ ਵੀ ਯੋਜਨਾ ਹੈ।
ਇਸ ਤੋਂ ਇਲਾਵਾ ਤੁੜਾਈ ਉਪਰੰਤ ਉਪਜ ਦੇੇ ਨੁਕਸਾਨ ਨੂੰ ਰੋਕਣ ਲਈ ਹੁਸ਼ਿਆਰਪੁਰ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਵਿੱਚ ਪੰਜਾਬ ਐਗਰੋ ਜੂਸ ਲਿਮਟਡ ਦੇ ਬਾਗ਼ਬਾਨੀ ਪ੍ਰਾਸੈਸਿੰਗ ਯੂਨਿਟ, ਫਾਜ਼ਿਲਕਾ ਜ਼ਿਲ੍ਹੇ ਵਿੱਚ ਇੰਟਰਨੈਸ਼ਨਲ ਮੈਗਾ ਫੂਡ ਪਾਰਕ ਲਿਮਟਡ ਅਤੇ ਲੁਧਿਆਣਾ ਜ਼ਿਲ੍ਹੇ ਵਿੱਚ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਫੂਡ ਪਾਰਕ ਵੀ ਬਣਾਏ ਗਏ ਹਨ।
ਅਗਲੇਰੀ ਯੋਜਨਾ: ਵੱਖ ਵੱਖ ਯਤਨਾਂ ਦੇ ਨਤੀਜੇ ਵਜੋਂ, 2010-11 ਤੋਂ 2021-22 ਤੱਕ ਫਲਾਂ ਹੇਠ ਰਕਬਾ 69.8 ਤੋਂ 96.7 ਹਜ਼ਾਰ ਹੈਕਟੇਅਰ ਤੱਕ ਵਧ ਗਿਆ। ਇਸ ਨੂੰ ਹੋਰ ਵਧਾਉਣ ਲਈ ਸਾਰੇ ਪੱਖਾਂ ਤੇ ਪਿਛਲੇੇ ਤਜਰਬਿਆਂ ਦੇ ਮੱਦੇਨਜ਼ਰ, ਸ਼ੁਰੂ ’ਚ ਪ੍ਰਮੁੱਖ ਫਲਾਂ ਤੇ ਇਨ੍ਹਾਂ ਦੀ ਕਾਸ਼ਤ ਵਾਲੇ ਇਲਾਕਿਆਂ ’ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਇਲਾਕਿਆਂ ਅਤੇ ਫਲਾਂ ਦੀ ਚੋਣ: ਫਲਾਂ ਹੇਠ ਰਕਬੇ ਅਨੁਸਾਰ ਫ਼ਾਜ਼ਿਲਕਾ (43.1 ਫ਼ੀਸਦੀ), ਪਠਾਨਕੋਟ (6.5 ਫ਼ੀਸਦੀ), ਲੁਧਿਆਣਾ (6.1 ਫ਼ੀਸਦੀ), ਹੁਸ਼ਿਆਰਪੁਰ (5.7 ਫ਼ੀਸਦੀ) ਅਤੇ ਸ੍ਰੀ ਮੁਕਤਸਰ ਸਾਹਿਬ (4.9 ਫ਼ੀਸਦੀ) ਪੰਜ ਚੋਟੀ ਦੇ ਜ਼ਿਲ੍ਹੇ ਹਨ। ਇਸ ਰਕਬੇ ਦੇ ਨਿਰੋਲ ਬੀਜੇ ਰਕਬੇ ਵਿੱਚ ਹਿੱਸੇ ਅਨੁਸਾਰ ਫ਼ਾਜ਼ਿਲਕਾ (16.5 ਫ਼ੀਸਦੀ), ਪਠਾਨਕੋਟ (13.4 ਫ਼ੀਸਦੀ), ਐਸਏਐਸ ਨਗਰ (3.8 ਫ਼ੀਸਦੀ), ਰੂਪਨਗਰ (2.8 ਫ਼ੀਸਦੀ) ਅਤੇ ਹੁਸ਼ਿਆਰਪੁਰ (2.7 ਫ਼ੀਸਦੀ) ਪੰਜ ਚੋਟੀ ਦੇ ਜ਼ਿਲ੍ਹੇ ਹਨ। ਇਸ ਤਰ੍ਹਾਂ ਫ਼ਾਜ਼ਿਲਕਾ, ਪਠਾਨਕੋਟ ਅਤੇ ਹੁਸ਼ਿਆਰਪੁਰ ਇਨ੍ਹਾਂ ਦੋਵੇਂ ਮਾਪਦੰਡਾਂ ’ਤੇ ਪੂਰੇ ਉਤਰਦੇ ਹਨ। ਬੇਸ਼ੱਕ ਕਿੰਨੂ ਸਭ ਤੋਂ ਮਹੱਤਵਪੂਰਨ ਫਲ ਹੈ ਪਰ ਅਮਰੂਦ ਅਤੇ ਨਾਸ਼ਪਾਤੀ ਹੇਠ ਰਕਬਾ ਵੀ ਵਧ ਰਿਹਾ ਹੈ। ਅਮਰੂਦ, ਆੜੂ ਅਤੇ ਅਲੂਚਾ, ਬਾਗ ਦੇ ਤੌਰ ’ਤੇ ਜਾਂ ਦੂਜਿਆਂ ਬਾਗ਼ਾਂ ਵਿੱਚ ਕੁਝ ਸਾਲਾਂ ਲਈ ਸਾਥੀ ਫ਼ਸਲ ਦੇ ਤੌਰ ’ਤੇ ਲਗਾਏ ਜਾਂਦੇ ਹਨ।
ਸ਼ੁਰੂ ਵਿੱਚ ਕਿੰਨੂ ਅਤੇ ਅਮਰੂਦ ਲਈ ਫ਼ਾਜ਼ਿਲਕਾ, ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ, ਲੀਚੀ ਲਈ ਪਠਾਨਕੋਟ ਅਤੇ ਹੁਸ਼ਿਆਰਪੁਰ; ਤੇ ਮਾਲਟੇ ਲਈ ਫ਼ਾਜ਼ਿਲਕਾ ਵਿੱਚ ਜ਼ੋਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਆੜੂ ਅਤੇ ਅਲੂਚੇ ’ਤੇ ਵੀ ਵਿਚਾਰ ਕਰਨੀ ਚਾਹੀਦੀ ਹੈ।
ਨਵੀਨਤਮ ਤਕਨਾਲੋਜੀ ਬਾਰੇ ਜਾਗਰੂਕਤਾ: ਕਿਸਾਨਾਂ ਨੂੰ ਕੈਂਪਾਂ, ਪ੍ਰਦਰਸ਼ਨੀਆਂ ਆਦਿ ਰਾਹੀਂ ਅਤੇ ਇਲੈਕਟ੍ਰਾਨਿਕ, ਪ੍ਰਿੰਟ ਅਤੇ ਸੋਸ਼ਲ ਮੀਡੀਆ ਰਾਹੀਂ ਨਵੀਨਤਮ ਤਕਨੀਕਾਂ ਅਤੇ ਫਲਾਂ ਦੇ ਪੌਸ਼ਟਿਕ ਤੱਤਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ।
ਉੱਚ-ਗੁਣਵੱਤਾ ਵਾਲੀ ਨਰਸਰੀ ਅਤੇ ਹੋਰ ਸਮੱਗਰੀ ਦਾ ਪ੍ਰਬੰਧ: ਕਿਸਾਨਾਂ ਨੂੰ ਪ੍ਰਮਾਣਿਤ ਨਰਸਰੀ ਤੋਂ ਸਹੀ ਕਿਸਮ ਦੇ ਬੂਟੇ ਲੈ ਕੇ ਬਾਗ਼ ਲਗਾਉਣ ਲਈ ਜਾਗਰੂਕ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਸਬੰਧਿਤ ਵਿਭਾਗਾਂ/ਸੰਸਥਾਵਾਂ ਨੂੰ ਮੰਗ ਅਨੁਸਾਰ ਨਰਸਰੀ ਉਤਪਾਦਨ ਵਧਾਉਣਾ ਚਾਹੀਦਾ ਹੈ। ਖਾਦਾਂ, ਕੀਟਨਾਸ਼ਕ, ਬਾਇਓ-ਏਜੰਟ ਆਦਿ ਦੀ ਮਿਆਰੀ ਸਮੱਗਰੀ ਦੀ ਸਮੇਂ ਸਿਰ ਵਿਵਸਥਾ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਦੀ ਉਚਿਤ ਵਰਤੋਂ ਅਤੇ ਵਾਤਾਵਰਨ-ਅਨੁਕੂਲ ਸਰਵਪੱਖੀ ਕੀਟ ਪ੍ਰਬੰਧਨ (ਉਦਾਹਰਨ ਵਜੋਂ ਫਲਾਂ ਦੀ ਮੱਖੀ ਲਈ ਫਰੂਟ ਫਲਾਈ ਟਰੈਪ ਅਤੇ ਨਿੰਬੂ ਜਾਤੀ ਦੇ ਬਾਗ਼ਾਂ ਵਿੱਚ ਸਿੱਲੇ ਦੀ ਰੋਕਥਾਮ ਲਈ ਜੈਵਿਕ ਹੋਰਟੀਕਲਚਰ ਮਿਨਰਲ ਤੇਲ ਦੀ ਵਰਤੋਂ) ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
ਮੰਡੀਕਰਨ: ਕਿਸਾਨਾਂ ਨੂੰ ਬਾਜ਼ਾਰ ਦੀ ਮੰਗ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਕੌਮਾਂਤਰੀ ਮੰਡੀਆਂ ਤੱਕ ਪਹੁੰਚ ਲਈ ਵੀ ਪ੍ਰਬੰਧ ਕਰਨ ਦੀ ਲੋੜ ਹੈ।
ਉਪਰੋਕਤ ਸੁਝਾਅ ਝੋਨਾ-ਕਣਕ ਫ਼ਸਲੀ ਚੱਕਰ ਤੋਂ ਕੁੱਝ ਰਕਬਾ ਫਲਾਂ ਦੀ ਕਾਸ਼ਤ ਵੱਲ ਮੋੜਨ ਵਿੱਚ ਸਹਾਈ ਹੋ ਸਕਦੇ ਹਨ ਪਰ ਮੌਜੂਦਾ ਹਾਲਾਤ ਵਿੱਚ ਪਾਣੀ ਦੀ ਬੱਚਤ ਵੀ ਮਹੱਤਵਪੂਰਨ ਹੈ, ਇਸ ਲਈ ਕਿਸਾਨਾਂ ਨੂੰ ਬਾਗ਼ਾਂ ਵਿੱਚ ਖੁੱਲ੍ਹਾ ਪਾਣੀ ਨਾ ਲਾਉਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਜਾਗਰੂਕ ਰਹਿਣ ਦੀ ਲੋੜ ਹੈ ਕਿ ਕਿਤੇ ਫਲਾਂ ਦਾ ਉਤਪਾਦਨ ਅਤੇ ਮੁਨਾਫ਼ਾ ਵਧਾਉਣ ਦੇ ਚੱਕਰ ਵਿੱਚ ਪਾਣੀ ਦੀ ਬੱਚਤ ਅੱਖੋਂ-ਪਰੋਖੇ ਨਾ ਹੋ ਜਾਵੇ।
*ਪ੍ਰਿੰਸੀਪਲ ਐਕਸਟੈਂਸ਼ਨ ਸਾਇੰਟਿਸਟ (ਐਗਰੀਕਲਚਰਲ ਇਕੋਨੋਮਿਕਸ), ਇਕੋਨੋਮਿਕਸ ਐਂਡ ਸ਼ੋਸ਼ਿਆਲੋਜੀ ਵਿਭਾਗ, ਪੀਏਯੂੂ।

Advertisement

Advertisement