For the best experience, open
https://m.punjabitribuneonline.com
on your mobile browser.
Advertisement

ਕਾਂਵੜ ਯਾਤਰਾ ਵਿਵਾਦ

06:27 AM Jul 20, 2024 IST
ਕਾਂਵੜ ਯਾਤਰਾ ਵਿਵਾਦ
Advertisement

ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਕਾਂਵੜ ਯਾਤਰਾ ਮਾਰਗਾਂ ਦੇ ਨਾਲ ਪੈਂਦੀਆਂ ਖਾਣ-ਪੀਣ ਵਾਲੀਆਂ ਸਾਰੀਆਂ ਦੁਕਾਨਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਅਪਰੇਟਰ ਜਾਂ ਮਾਲਕ ਦਾ ਨਾਂ ਅਤੇ ਪਛਾਣ ਦੁਕਾਨ ਦੇ ਬਾਹਰ ਲਿਖਣ। ਅਧਿਕਾਰਤ ਤੌਰ ’ਤੇ ਭਾਵੇਂ ਕਿਹਾ ਗਿਆ ਹੈ ਕਿ ਇਹ ਕਦਮ ਸ਼ਰਧਾਲੂਆਂ ਦੀ ਆਸਥਾ ਦੀ ਨਿਰਮਲਤਾ ਨੂੰ ਕਾਇਮ ਰੱਖਣ ਤੇ ਕਾਂਵੜੀਆਂ ਦੀ ਸ਼ਾਂਤੀਪੂਰਨ ਆਵਾਜਾਈ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ ਪਰ ਇਸ ਵਿੱਚੋਂ ਸਰਕਾਰ ਦੀ ਘੱਟਗਿਣਤੀ ਮੁਸਲਿਮ ਭਾਈਚਾਰੇ ਨੂੰ ਅੱਡ ਕਰ ਕੇ ਦੇਖਣ ਦੀ ਨੀਅਤ ਸਪਸ਼ਟ ਝਲਕਦੀ ਹੈ। ਹੈਰਾਨੀ ਦੀ ਗੱਲ ਨਹੀਂ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਲਾਲ ਪ੍ਰਮਾਣਿਤ ਪਦਾਰਥ ਵੇਚਣ ਵਾਲੇ ਦੁਕਾਨਦਾਰਾਂ ਨੂੰ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਦੋ ਹਫ਼ਤੇ ਚੱਲਣ ਵਾਲੀ ਕਾਂਵੜ ਯਾਤਰਾ ’ਚ ਕਦੇ-ਕਦਾਈਂ ਹੀ ਹਿੰਸਾ ਹੁੰਦੀ ਹੈ ਜਦੋਂ ਕਾਂਵੜੀਏ ਤੇ ਦੁਕਾਨਦਾਰ ਖ਼ੁਰਾਕੀ ਵਸਤਾਂ ਬਾਰੇ ਇੱਕ-ਦੂਜੇ ਨਾਲ ਖਹਿਬੜਦੇ ਹਨ, ਖ਼ਾਸ ਤੌਰ ’ਤੇ ਮੀਟ ਦੀ ਵਿਕਰੀ ’ਤੇ ਟਕਰਾਅ ਹੁੰਦਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਪਿਛਲੇ ਸਾਲਾਂ ਦੌਰਾਨ ਵਾਪਰ ਚੁੱਕੀਆਂ ਹਨ। ਸੁਪਰੀਮ ਕੋਰਟ ਨੇ ਅਗਸਤ 2018 ਵਿੱਚ ਪੱਛਮੀ ਉੱਤਰ ਪ੍ਰਦੇਸ਼ ਤੇ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ’ਚ ਯਾਤਰਾ ਦੌਰਾਨ ਕੀਤੀ ਗਈ ਪ੍ਰਾਈਵੇਟ ਤੇ ਸਰਕਾਰੀ ਜਾਇਦਾਦ ਦੀ ਭੰਨ-ਤੋੜ ਦੀਆਂ ਘਟਨਾਵਾਂ ਦੀ ਨਿਖੇਧੀ ਕੀਤੀ ਸੀ ਤੇ ਸਖ਼ਤ ਨੋਟਿਸ ਲਿਆ ਸੀ। 2022 ਵਿੱਚ ਹੋਏ ਝਗੜੇ ਤੋਂ ਬਾਅਦ ਹਰਿਆਣਾ ਤੋਂ ਆਏ ਯਾਤਰੀਆਂ ਦੇ ਗਰੁੱਪ ਨੇ ਹਰਿਦੁਆਰ ’ਚ ਕਥਿਤ ਤੌਰ ’ਤੇ ਫ਼ੌਜੀ ਜਵਾਨ ਦੀ ਹੱਤਿਆ ਕਰ ਦਿੱਤੀ ਸੀ। ਇਹ ਰਾਜ ਸਰਕਾਰ ਦੀ ਜਿ਼ੰਮੇਵਾਰੀ ਬਣਦੀ ਹੈ ਕਿ ਯਾਤਰਾ ਦੇ ਰੂਟ ’ਤੇ ਢੁੱਕਵੀਂ ਗਿਣਤੀ ਵਿੱਚ ਪੁਲੀਸ ਕਰਮੀ ਤਾਇਨਾਤ ਕੀਤੇ ਜਾਣ ਤਾਂ ਕਿ ਅਜਿਹੇ ਟਕਰਾਅ ਜਾਂ ਗੜਬੜੀ ਰੋਕੀ ਜਾ ਸਕੇ। ਮੁਸਲਮਾਨਾਂ ਦੀਆਂ ਦੁਕਾਨਾਂ ਦੀ ਨਿਸ਼ਾਨਦੇਹੀ ਕਰਨਾ ਸਗੋਂ ਫਿ਼ਰਕੂ ਸਦਭਾਵ ਨੂੰ ਹੋਰ ਜਿ਼ਆਦਾ ਭੰਗ ਕਰੇਗਾ ਤੇ ਇਹ ਇਸ ਗੱਲ ਦੀ ਕੋਈ ਗਾਰੰਟੀ ਵੀ ਨਹੀਂ ਹੈ ਕਿ ਕਾਂਵੜੀਆਂ ਅਤੇ ਦੁਕਾਨਦਾਰਾਂ/ਰਾਹਗੀਰਾਂ ਵਿਚਾਲੇ ਇਸ ਨਾਲ ਕੋਈ ਟਕਰਾਅ ਨਹੀਂ ਹੋਵੇਗਾ।
ਜਿ਼ਕਰਯੋਗ ਹੈ ਕਿ ਭਾਜਪਾ ਦੇ ਦੋ ਸਾਥੀ ਦਲਾਂ- ਜਨਤਾ ਦਲ (ਯੂਨਾਈਟਿਡ) ਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੇ ਯੂਪੀ ਵਿੱਚ ਜਾਰੀ ਕੀਤੇ ਹੁਕਮ ਦੀ ਆਲੋਚਨਾ ਕੀਤੀ ਹੈ। ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਇਸ ਨੂੰ ‘ਗ਼ੈਰ-ਸੰਵਿਧਾਨਕ’ ਕਰਾਰ ਦਿੱਤਾ ਹੈ। ਧਰੁਵੀਕਰਨ ਦਾ ਹਥਕੰਡਾ ਯੂਪੀ ਵਿੱਚ ਹਾਲ ਹੀ ’ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਕੰਮ ਨਹੀਂ ਆ ਸਕਿਆ। ਫਿਰ ਵੀ, ਪਾਰਟੀ ਵਿਧਾਨ ਸਭਾ ਲਈ ਹੋਣ ਵਾਲੀਆਂ ਜਿ਼ਮਨੀ ਚੋਣਾਂ ਤੋਂ ਪਹਿਲਾਂ ਇਸ ਨੂੰ ਅਜ਼ਮਾਉਣ ਤੋਂ ਖ਼ੁਦ ਨੂੰ ਰੋਕ ਨਹੀਂ ਸਕੀ। ਚੁਣਾਵੀ ਨਿਘਾਰ ਤੋਂ ਬਾਅਦ ਖ਼ੁਦ ਨੂੰ ਕਮਜ਼ੋਰ ਵਿਕਟ ’ਤੇ ਦੇਖ ਕੇ ਭਾਜਪਾ ਉਨ੍ਹਾਂ ਹਿੰਦੂ ਵੋਟਰਾਂ ਨੂੰ ਖਿੱਚਣ ਲਈ ਪੂਰੀ ਵਾਹ ਲਾ ਰਹੀ ਹੈ ਜਿਨ੍ਹਾਂ ਦਾ ਇਸ ਨਾਲ ਮੋਹ ਭੰਗ ਹੋਇਆ ਹੈ ਹਾਲਾਂਕਿ ਇਹ ਜੋੜ-ਤੋੜ ਪੁੱਠਾ ਵੀ ਪੈ ਸਕਦਾ ਹੈ ਤੇ ਉੱਤਰ ਪ੍ਰਦੇਸ਼ ’ਚ ਭਗਵਾਂ ਪਾਰਟੀ ਦੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ।

Advertisement

Advertisement
Author Image

joginder kumar

View all posts

Advertisement
Advertisement
×