ਫ਼ਸਲੀ ਮੁਆਵਜ਼ਾ: ਬੇਮਿਆਦੀ ਧਰਨਾ ਜਾਰੀ
ਪੱਤਰ ਪ੍ਰੇਰਕ
ਜੈਤੋ, 30 ਜੂਨ
ਫ਼ਸਲੀ ਖਰਾਬੇ ਦੇ ਮੁਆਵਜ਼ੇ ਦੀ ਮੰਗ ਦੇ ਸਬੰਧ ’ਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜਗਿੱਲ) ਦਾ ਇਥੇ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਵਿਚ ਚੱਲ ਰਿਹਾ ਬੇਮਿਆਦੀ ਧਰਨਾ ਅੱਜ 23ਵੇਂ ਦਿਨ ਵੀ ਜਾਰੀ ਰਿਹਾ। ਤਹਿਸੀਲਦਾਰ ਜੈਤੋ ਲਵਪ੍ਰੀਤ ਕੌਰ ਨੇ ਇਸ ਮੁੱਦੇ ’ਤੇ ਅੱਜ ਕਿਸਾਨ ਆਗੂਆਂ ਦੇ ਵਫ਼ਦ ਨਾਲ ਮੁਲਾਕਾਤ ਕੀਤੀ। ਵਫ਼ਦ ਦੇ ਮੈਂਬਰਾਂ ਮੁਤਾਬਿਕ ਅਧਿਕਾਰੀ ਵੱਲੋਂ ਮੁਆਵਜ਼ਾ ਰਾਸ਼ੀ ਦੀ ਅਦਾਇਗੀ ਦਸ ਦਿਨਾਂ ਦੇ ਅੰਦਰ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਆਗੂਆਂ ਨੇ ਦੱਸਿਆ ਕਿ ਜਦੋਂ ਤੱਕ ਪੈਸਾ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਨਹੀਂ ਆ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਜ਼ਿਲ੍ਹਾ ਪ੍ਰਧਾਨ ਕਰਮਜੀਤ ਚੈਨਾ ਦੀ ਅਗਵਾਈ ’ਚ ਜਾਰੀ ਇਸ ਧਰਨੇ ਦੇ ਬੁਲਾਰਿਆਂ ਨੇ ਕਿਹਾ ਕਿ ਜੇ ਸਰਕਾਰ ਅਤੇ ਉਸ ਦੇ ਪ੍ਰਸ਼ਾਸਨ ਨੇ ਜਲਦੀ ਮਸਲੇ ’ਤੇ ਸੁਣਵਾਈ ਨਾ ਕੀਤੀ ਤਾਂ ਸੰਘਰਸ਼ ਨੂੰ ਪ੍ਰਚੰਡ ਕੀਤਾ ਜਾਵੇਗਾ। ਅੱਜ ਦੇ ਧਰਨੇ ’ਚ ਨੰਬਰਦਾਰ ਗੁਰਜੀਤ ਸਿੰਘ ਦਬੜ੍ਹੀਖਾਨਾ, ਜਗਜੀਤ ਸਿੰਘ ਡੋਡ, ਸੁਖਦੇਵ ਸਿੰਘ ਫੌਜੀ, ਜਸਵੀਰ ਸਿੰਘ ਬਹਿਬਲ ਕਲਾਂ, ਗੁਰਮੇਲ ਸਿੰਘ ਚੈਨਾ, ਸੁਖਚੈਨ ਸਿੰਘ ਰੋੜੀਕਪੂਰਾ, ਹਰਮੇਲ ਸਿੰਘ ਚੈਨਾ, ਫੂਲਾ ਸਿੰਘ ਬਿਸ਼ਨੰਦੀ ਜਸਵੀਰ ਸਿੰਘ ਚੈਨਾ ਹਾਜ਼ਰ ਸਨ।