ਪੱਤਰਕਾਰ ਖ਼ਿਲਾਫ਼ ਐੱਫਆਈਆਰ ਕਾਰਨ ਹਿਮਾਚਲ ਸਰਕਾਰ ਦੀ ਆਲੋਚਨਾ
ਨਵੀਂ ਦਿੱਲੀ: ਪ੍ਰੈੱਸ ਕਲੱਬ ਆਫ ਇੰਡੀਆ ਨੇ ਅੱਜ ਹਰਿਆਣਾ ਵਿਧਾਨ ਸਭਾ ਚੋਣਾਂ ਦੀ ਰਿਪੋਰਟਿੰਗ ਲਈ ਕਥਿਤ ਤੌਰ ’ਤੇ ਹਿਮਾਚਲ ਪ੍ਰਦੇਸ਼ ਦੇ ਪੱਤਰਕਾਰ ਖ਼ਿਲਾਫ਼ ਐੱਫਆਈਆਰ ਵਾਪਸ ਲੈਣ ਦੀ ਮੰਗ ਕੀਤੀ ਹੈ। ਪੀਸੀਆਈ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਐੱਫਆਈਆਰਜ਼ ਰਾਹੀਂ ਮੀਡੀਆ ਨੂੰ ਚੁੱਪ ਕਰਾਉਣ ਦੀ ਰਵਾਇਤ ਕਈ ਰਾਜਾਂ ਵਿੱਚ ਆਮ ਹੋ ਗਈ ਹੈ, ਭਾਵੇਂ ਕਿਸੇ ਵੀ ਪਾਰਟੀ ਕੋਲ ਸੱਤਾ ਹੋਵੇ। ਪ੍ਰੈੱਸ ਕਲੱਬ ਆਫ ਇੰਡੀਆ ਨੇ ਕਿਹਾ ਕਿ ਰਿਪੋਰਟਾਂ ਤੋਂ ਇਹ ਪਤਾ ਲੱਗਿਆ ਹੈ ਕਿ ਸ਼ਿਮਲਾ ਵਿੱਚ ਹਿਮਾਚਲ ਪ੍ਰਦੇਸ਼ ਪੁਲੀਸ ਨੇ ਦਿ ਨਿਊਜ਼ ਰਾਡਾਰ ਦੇ ਪੱਤਰਕਾਰ ਸੁਨੀਲ ਚੱਢਾ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਪ੍ਰੈੱਸ ਬਾਡੀ ਨੇ ਬਿਆਨ ਵਿੱਚ ਕਿਹਾ, ‘‘ਅਸੀਂ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਪ੍ਰੈੱਸ ਦੀ ਆਜ਼ਾਦੀ ਲੋਕਤੰਤਰ ਅਤੇ ਨਿਆਂ ਦੀ ਨੀਂਹ ਹੈ।’’ ਬਿਆਨ ਵਿੱਚ ਕਿਹਾ ਗਿਆ ਕਿ ਪੱਤਰਕਾਰ ਨੂੰ ਹਰਿਆਣਾ ਰਾਜ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਤੇ ਉਸ ਦੀ ਵਿਸ਼ਲੇਸ਼ਣਾਤਮਕ ਰਿਪੋਰਟਿੰਗ ਕਾਰਨ ਹਰ ਰੋਜ਼ ਕਥਿਤ ਤੌਰ ’ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰੈੱਸ ਕਲੱਬ ਆਫ ਇੰਡੀਆ ਨੇ ਕਿਹਾ ਕਿ ਉਹ ਪ੍ਰੈੱਸ ਦੀ ਆਜ਼ਾਦੀ ਦੇ ਬਚਾਅ ਲਈ ਚੱਢਾ ਦੇ ਨਾਲ ਇੱਕਜੁੱਟ ਹਨ। ਬਿਆਨ ਵਿੱਚ ਕਿਹਾ ਗਿਆ, ‘‘ਅਸੀਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਅਪੀਲ ਕਰਦੇ ਹਾਂ ਕਿ ਪੱਤਰਕਾਰ ਖ਼ਿਲਾਫ਼ ਐੱਫਆਈਆਰ ਵਾਪਸ ਲੈਣ ਅਤੇ ਇਹ ਵੀ ਯਕੀਨੀ ਬਣਾਉਣ ਕਿ ਪੁਲੀਸ ਕਰਮਚਾਰੀ ਮੀਡੀਆ ਦੀ ਭੂਮਿਕਾ ਅਤੇ ਕੰਮ-ਕਾਜ ਬਾਰੇ ਸਹੀ ਢੰਗ ਨਾਲ ਸਿੱਖਿਅਤ ਹੋਣ।’’ -ਪੀਟੀਆਈ