ਭਾਜਪਾ ਦੇ ਰਾਜ ’ਚ ਅਪਰਾਧ ਵਧੇ: ਹੁੱਡਾ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 30 ਸਤੰਬਰ
ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਡੱਬਵਾਲੀ ਤੋਂ ਕਾਂਗਰਸ ਉਮੀਦਵਾਰ ਅਮਿਤ ਸਿਹਾਗ ਲਈ ਗੋਰੀਵਾਲਾ ਬੈਲਟ ਦੇ ਪਿੰਡ ਰਿਸਾਲਿਆਖੇੜਾ ਵਿੱਚ ਜਲਸੇ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਜਜਪਾ ਗੱਠਜੋੜ ਸਰਕਾਰ ਨੇ ਹਰਿਆਣਾ ਨੂੰ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਨਸ਼ੇ ਅਤੇ ਅਪਰਾਧ ਵਿੱਚ ਦੇਸ਼ ਵਿੱਚ ਪਹਿਲੇ ਨੰਬਰ ਵਾਲਾ ਸੂਬਾ ਬਣਾ ਦਿੱਤਾ। ਕਰੀਬ ਪੰਜ ਵਰ੍ਹੇ ਸੱਤਾ-ਸੁੱਖ ਭੋਗਣ ਮਗਰੋਂ ਭਾਜਪਾ ਅਤੇ ਜਜਪਾ ਵੱਲੋਂ ਸਾਜ਼ਿਸ਼ ਤਹਿਤ ਗੱਠਜੋੜ ਤੋੜਿਆ ਗਿਆ ਹੈ।
ਸ੍ਰੀ ਹੁੱਡਾ ਨੇ ਕਿਹਾ ਕਿ ਭਾਜਪਾ ਪਹਿਲਾਂ ਵੀ ਵੱਡੇ-ਵੱਡੇ ਵਾਅਦੇ ਕਰ ਕੇ ਸੱਤਾ ਵਿੱਚ ਆਈ ਸੀ। ਉਨ੍ਹਾਂ ਕਿਹਾ ਕਿ ਜਜਪਾ ਨੇ ਭਾਜਪਾ ਨੂੰ ਬੁਰਾ-ਭਲਾ ਆਖ ਕੇ ਲੋਕਾਂ ਤੋਂ ਵੋਟ ਲਏ ਪਰ ਬਾਅਦ ਵਿੱਚ ਉਸੇ ਪਾਰਟੀ ਨਾਲ ਹੀ ਸਮਝੌਤਾ ਕਰ ਲਿਆ। ਇਸ ਮੌਕ ਸੀਨੀਅਰ ਕਾਂਗਰਸ ਆਗੂ ਡਾ. ਕੇਵੀ ਸਿੰਘ ਅਤੇ ਕਾਂਗਰਸ ਉਮੀਦਵਾਰ ਅਮਿਤ ਸਿਹਾਗ ਵੀ ਮੌਜੂਦ ਸਨ। ਸ੍ਰੀ ਹੁੱਡਾ ਨੇ ਕਿਹਾ ਕਿ ਕਾਂਗਰਸ ਰਾਜ ਵਿੱਚ ਡੱਬਵਾਲੀ ਨੂੰ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ। ਕਾਂਗਰਸੀ ਆਗੂ ਨੇ ਐਲਾਨ ਕੀਤਾ ਕਿ ਜਿੰਨੇ ਵੱਡੇ ਫ਼ਰਕ ਨਾਲ ਅਮਿਤ ਨੂੰ ਜਿਤਾਇਆ ਜਾਵੇਗਾ, ਡੱਬਵਾਲੀ ਨੂੰ ਸਰਕਾਰ ਵਿੱਚ ਓਨੀ ਵੱਡੀ ਤਾਕਤ ਮਿਲੇਗੀ।
ਸਰਕਾਰ ਨੇ ਸੂੁਬਾ ਵਾਸੀਆਂ ਨੂੰ ਉਲਝਾਇਆ
ਦੀਪੇਂਦਰ ਹੁੱਡਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਪੂਰੇ ਹਰਿਆਣਾ ਨੂੰ ਉਲਝਾਅ ਕੇ ਰੱਖ ਦਿੱਤਾ ਹੈ। ਕਿਸਾਨਾਂ ਨੂੰ ਪੋਰਟਲ ’ਚ ਅਤੇ ਨੌਜਵਾਨਾਂ ਨੂੰ ਸੀਈਟੀ ਤੇ ਕੌਸ਼ਲ ਰੁਜ਼ਗਾਰ ਦੇ ਨਾਂ ’ਤੇ ਉਲਝਾਈ ਰੱਖਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਸਣੇ ਸਮੂਹ ਸੂਬਾ ਵਾਸੀ ਭਾਜਪਾ ਨੂੰ ਸਬਕ ਸਿਖਾਉਣਗੇ।