Crime News: ਹਰਿਆਣਾ ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਸਣੇ 28 ਖ਼ਿਲਾਫ਼ ਕਤਲ ਕੇਸ ਦਰਜ
02:10 PM Nov 19, 2024 IST
ਗੁਰਦੀਪ ਸਿੰਘ ਭੱਟੀ
ਟੋਹਾਣਾ, 19 ਨਵੰਬਰ
ਬੀਤੇ ਸ਼ਨਿਚਰਵਾਰ ਦੇਰ ਸ਼ਾਮ ਕਿਸਾਨ ਸ਼ਮਸ਼ੇਰ ਸਿੰਘ (55) ਦੀ ਹੋਈ ਮੌਤ, ਜਿਸ ਨੂੰ ਪਹਿਲਾਂ ਹਾਦਸਾ ਸਮਝਿਆ ਜਾ ਰਿਹਾ ਸੀ, ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ਵਿਚ ਮ੍ਰਿਤਕ ਦੇ ਬੇਟੇ ਕ੍ਰਿਸ਼ਨ ਦੇ ਬਿਆਨ ’ਤੇ ਸਦਰ ਪੁਲੀਸ ਟੋਹਾਣਾ ਨੇ ਹਰਿਆਣਾ ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਰਣਬੀਰ ਸਿੰਘ ਸਮੇਤ 28 ਵਿਅਕਤੀਆਂ ਵਿਰੁੱਧ ਕੇ ਦਰਜ਼ ਕਰ ਕੇ ਜਾਂਚ ਆਰੰਭ ਦਿੱਤੀ ਹੈ।
ਮ੍ਰਿਤਕ ਦੇ ਬੇਟੇ ਮੁਤਾਬਕ ਉਸ ਦਾ ਪਿਤਾ ਪਿੰਡ ਸਮੈਨ ਵਿਚ 10 ਮਾਰਚ, 2020 ਨੂੰ ਪਰਮਜੀਤ ਸਿੰਘ ਦੇ ਗੋਲੀ ਮਾਰ ਕੇ ਕੀਤੇ ਗਏ ਕਤਲ ਦੇ ਮਾਮਲੇ ਵਿਚ ਮੁੱਖ ਗਵਾਹ ਸੀ। ਇਸੇ ਰੰਜਿਸ਼ ਕਾਰਨ ਉਸ ਦੇ ਪਿਤਾ ਸ਼ਮਸ਼ੇਰ ਸਿੰਘ ਦਾ ਕਤਲ ਕੀਤਾ ਗਿਆ ਹੈ। ਵਾਰਦਾਤ ਵਾਲੇ ਦਿਨ ਉਹ ਆਪਣੇ ਬਚਿਆਂ ਨਾਲ਼ ਸਹੁਰੇ ਘਰ ਭਿਵਾਨੀ ਗਿਆ ਸੀ।
ਕ੍ਰਿਸ਼ਨ ਦਾ ਦੋਸ਼ ਹੈ ਕਿ ਪਿੰਡੋਂ ਨਿਕਲਦੇ ਹੀ ਸਰਪੰਚ ਤੇ ਇੱਕ ਹੋਰ ਨੇ ਉਸ ਨੂੰ ਧਮਕੀ ਦਿੱਤੀ ਸੀ। ਜਦੋਂ ਉਹ ਸਹੁਰੇ ਘਰ ਪੁੱਜਾ ਤਾਂ ਉਸ ਨੂੰ ਜ਼ਖ਼ਮੀ ਪਿਤਾ ਨੇ ਦੱਸਿਆ ਕਿ ਉਸ ਦੀ ਪਿੰਡ ਸਮੈਨ ਦੇ ਨਰੇਸ਼, ਲੋਕੇਂਦਰ, ਰਾਮ ਨਿਵਾਸ, ਮਨਦੀਪ, ਸੋਮਵੀਰ, ਪ੍ਰਦੀਪ, ਦੀਪੇਂਦਰ ਤੇ ਉਨ੍ਹਾਂ ਦੇ ਸਾਥੀਆਂ ਨੇ ਡਾਂਗਾਂ ਨਾਲ ਮਾਰ ਕੁਟ ਕਰ ਕੇ ਉਸ ਉਪਰ ਟਰੈਕਟਰ ਚੜ੍ਹਾ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਹੈ। ਕ੍ਰਿਸ਼ਨ ਨੇ ਕਿਹਾ, ‘‘ਮੈਂ ਉਥੋਂ ਸਿਧਾ ਹਸਪਤਾਲ ਪੁਜਾ ਤਾਂ ਉਥੇ ਪਿਤਾ ਦੀ ਮੌਤ ਹੋ ਚੁੱਕੀ ਸੀ।’’
ਇਸ ਸਬੰਧੀ ਸਦਰ ਪੁਲੀਸ ਨੇ 28 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।ਡੀਐਸਪੀ ਟੋਹਾਣਾ ਸ਼ਮਸ਼ੇਰ ਸਿੰਘ ਮੁਤਾਬਕ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਸਾਰੀ ਤਸਵੀਰ ਸਾਹਮਣੇ ਆਵੇਗੀ।
Advertisement
Advertisement