ਕ੍ਰਿਕਟ: ਪੰਤ ਦੀ ਸ਼ਾਨਦਾਰ ਪਾਰੀ ਸਦਕਾ ਮੈਚ ਰੋਮਾਂਚਕ ਮੋੜ ’ਤੇ
ਸਿਡਨੀ, 4 ਜਨਵਰੀ
ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਵੱਲੋਂ 33 ਗੇਂਦਾਂ ’ਚ ਬਣਾਈਆਂ 61 ਦੌੜਾਂ ਮਗਰੋਂ ਇੱਥੇ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਜਾ ਰਿਹਾ ਪੰਜਵਾਂ ਅਤੇ ਆਖਰੀ ਟੈਸਟ ਕ੍ਰਿਕਟ ਮੈਚ ਦੂਜੇ ਦਿਨ ਰੋਮਾਂਚਕ ਮੋੜ ’ਤੇ ਪਹੁੰਚ ਗਿਆ। ਪਹਿਲੀ ਪਾਰੀ ’ਚ 185 ਦੌੜਾਂ ਬਣਾਉਣ ਵਾਲੇ ਭਾਰਤ ਨੇ ਆਸਟਰੇਲੀਆ ਨੂੰ 181 ਦੌੜਾਂ ’ਤੇ ਆਊਟ ਕਰਕੇ ਚਾਰ ਦੌੜਾਂ ਦੀ ਮਾਮੂਲੀ ਲੀਡ ਲਈ।
ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ ਛੇ ਵਿਕਟਾਂ ’ਤੇ 141 ਦੌੜਾਂ ਬਣਾ ਲਈਆਂ ਸਨ ਅਤੇ ਇਸ ਤਰ੍ਹਾਂ ਉਸ ਦੀ ਕੁੱਲ ਲੀਡ 145 ਦੌੜਾਂ ਹੋ ਗਈ ਹੈ। ਪਿੱਚ ਤੇਜ਼ ਗੇਂਦਬਾਜ਼ਾਂ ਦੀ ਮਦਦ ਕਰ ਰਹੀ ਹੈ। ਇਸ ਦਾ ਸਬੂਤ ਦੂਜੇ ਦਿਨ ਡਿੱਗੀਆਂ 15 ਵਿਕਟਾਂ ਹਨ, ਜੋ ਸਾਰੇ ਤੇਜ਼ ਗੇਂਦਬਾਜ਼ਾਂ ਨੇ ਲਈਆਂ। ਪੰਤ ਨੇ ਹਮਲਾਵਰ ਬੱਲੇਬਾਜ਼ੀ ਕੀਤੀ ਅਤੇ ਦਿਖਾਇਆ ਕਿ ਇਸ ਵਿਕਟ ’ਤੇ ਦੌੜਾਂ ਬਣਾਈਆਂ ਜਾ ਸਕਦੀਆਂ ਹਨ। ਉਸ ਦੀ ਤੇਜ਼ ਤਰਾਰ ਪਾਰੀ ਵਿੱਚ ਛੇ ਚੌਕੇ ਅਤੇ ਚਾਰ ਛੱਕੇ ਸ਼ਾਮਲ ਸਨ। -ਪੀਟੀਆਈ
ਮੈਂ ਸੰਨਿਆਸ ਨਹੀਂ ਲੈ ਰਿਹਾ: ਰੋਹਿਤ
ਸਿਡਨੀ: ਸੀਨੀਅਰ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਆਪਣੇ ਸੰਨਿਆਸ ਦੇ ਕਿਆਸ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਉਹ ਕਿਤੇ ਨਹੀਂ ਜਾ ਰਿਹਾ। ਆਸਟਰੇਲੀਆ ਖ਼ਿਲਾਫ਼ ਸਿਡਨੀ ਟੈਸਟ ਤੋਂ ‘ਬਾਹਰ’ ਰਹਿਣ ਦਾ ਕਾਰਨ ਖਰਾਬ ਲੈਅ ਸੀ। ਰੋਹਿਤ ਨੇ ਕਿਹਾ, ‘ਮੈਂ ਸੰਨਿਆਸ ਨਹੀਂ ਲਿਆ। ਮੈਂ ਸਿਰਫ ਬਾਹਰ ਬੈਠਾ ਹਾਂ। ਦਰਅਸਲ ਕੋਚ ਅਤੇ ਚੋਣਕਾਰ ਨਾਲ ਮੇਰੀ ਗੱਲਬਾਤ ਸਪੱਸ਼ਟ ਸੀ ਕਿ ਮੈਂ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਿਹਾ ਹਾਂ। ਮੈਂ ਲੈਅ ਵਿੱਚ ਨਜ਼ਰ ਨਹੀਂ ਆ ਰਿਹਾ। ਇਹ ਅਹਿਮ ਮੈਚ ਹੈ ਅਤੇ ਸਾਨੂੰ ਲੈਅ ’ਚ ਚੱਲ ਰਹੇ ਬੱਲੇਬਾਜ਼ ਦੀ ਜ਼ਰੂਰਤ ਹੈ।’ -ਪੀਟੀਆਈ