ਕ੍ਰਿਕਟ: ਮਹਿਲਾ ਇੱਕ ਰੋਜ਼ਾ ਦਰਜਾਬੰਦੀ ’ਚ ਹਰਮਨਪ੍ਰੀਤ ਨੌਵੇਂ ਸਥਾਨ ’ਤੇ
ਦੁਬਈ, 5 ਨਵਬੰਰ
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਅੱਜ ਜਾਰੀ ਆਈਸੀਸੀ ਮਹਿਲਾ ਇੱਕ ਰੋਜ਼ਾ ਦਰਜਾਬੰਦੀ ਵਿੱਚ ਸਾਂਝੇ ਤੌਰ ’ਤੇ ਨੌਵੇਂ ਸਥਾਨ ’ਤੇ ਪੁੱਜ ਗਈ, ਜਦਕਿ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਚੌਥੇ ਸਥਾਨ ’ਤੇ ਕਾਇਮ ਹੈ। ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦੇ ਆਖਰੀ ਮੈਚ ’ਚ ਹਰਮਨਪ੍ਰੀਤ ਨੇ 63 ਗੇਂਦਾਂ ’ਚ 59 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਭਾਰਤੀ ਟੀਮ ਨੂੰ ਮੈਚ ਅਤੇ ਲੜੀ ’ਚ ਜਿੱਤ ਦਿਵਾਈ ਸੀ। ਇਹ ਲੜੀ ਆਈਸੀਸੀ ਮਹਿਲਾ ਚੈਂਪੀਅਨਜ਼ ਲੀਗ ਦਾ ਹਿੱਸਾ ਸੀ, ਜੋ ਭਾਰਤ ਨੇ 2-1 ਨਾਲ ਜਿੱਤੀ ਸੀ। ਇਸੇ ਮੈਚ ’ਚ 100 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੀ ਬੱਲੇਬਾਜ਼ ਮੰਧਾਨਾ 23 ਰੇਟਿੰਗ ਅੰਕਾਂ ਦੇ ਫਾਇਦੇ ਨਾਲ ਕੁੱਲ 728 ਰੇਟਿੰਗ ਅੰਕਾਂ ਨਾਲ ਸੂਚੀ ’ਚ ਚੌਥੇ ਸਥਾਨ ’ਤੇ ਪੁੱਜ ਗਈ ਹੈ। ਹੈ। ਤੀਜੇ ਨੰਬਰ ’ਤੇ ਸ੍ਰੀਲੰਕਾ ਦੀ ਕਪਤਾਨ ਸੀ. ਅਟਾਪੱਟੂ ਹੈ। ਅਟਾਪੱਟੂ ਅਤੇ ਮੰਧਾਨਾ ਵਿਚਾਲੇ ਸਿਰਫ ਪੰਜ ਰੇਟਿੰਗ ਅੰਕਾਂ ਦਾ ਫਰਕ ਹੈ। ਇੰਗਲੈਂਡ ਦੀ ਨਤਾਲੀਏ ਸਿਵਰ ਬਰੰਟ 760 ਰੇਟਿੰਗ ਅੰਕਾਂ ਨਾਲ ਚੋਟੀ ’ਤੇ ਹੈ। ਭਾਰਤੀ ਵਿਕਟਕੀਪਰ ਬੱਲੇਬਾਜ਼ ਯਸਤਿਕਾ ਭਾਟੀਆ ਤਿੰਨ ਸਥਾਨਾਂ ਉਪਰ 48ਵੇਂ ਸਥਾਨ ’ਤੇ ਪੁੱਜ ਗਈ ਹੈ। ਭਾਰਤੀ ਟੀਮ 25 ਅੰਕਾਂ ਨਾਲ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਦੀ ਸੂਚੀ ਵਿੱਚ ਤੀਜੇ ਸਥਾਨ ’ਤੇ ਹੈ। -ਪੀਟੀਆਈ
ਗੇਂਦਬਾਜ਼ਾਂ ਵਿੱਚ ਦੀਪਤੀ ਸ਼ਰਮਾ ਦੂਜੇ ਸਥਾਨ ’ਤੇ
ਗੇਂਦਬਾਜ਼ਾਂ ਦੀ ਸੂਚੀ ਵਿੱਚ ਦੀਪਤੀ ਸ਼ਰਮਾ ਨੇ ਕਰੀਅਰ ਦੇ ਸਰਬੋਤਮ 703 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ ’ਤੇ ਆਪਣਾ ਸਥਾਨ ਮਜ਼ਬੂਤ ਕੀਤਾ ਹੈ। ਉਸ ਨੇ ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਮੁਕਾਬਲੇ ਵਿੱਚ 39 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਸਨ। ਇਸ ਤੋਂ ਇਲਾਵਾ ਭਾਰਤੀ ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਚਾਰ ਸਥਾਨ ਉਪਰ 32ਵੇਂ, ਸਾਇਮਾ ਠਾਕੁਰ 20 ਸਥਾਨ ਉਪਰ ਸਾਂਝੇ ਤੌਰ ’ਤੇ 77ਵੇਂ ਸਥਾਨ ਅਤੇ ਪ੍ਰਿਆ ਮਿਸ਼ਰਾ ਛੇ ਸਥਾਨ ਉਪਰ 83ਵੇਂ ਸਥਾਨ ’ਤੇ ਪੁੱਜ ਗਈ ਹੈ।