ਅੱਠ ਸ਼ਰਧਾਲੂਆਂ ਦਾ ਨਮ ਅੱਖਾਂ ਨਾਲ ਸਸਕਾਰ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 4 ਸਤੰਬਰ
ਬਾਬੈਨ ਥਾਣਾ ਦੇ ਮਿਰਚਹੇੜੀ, ਰਾਮਪੁਰਾ ਤੇ ਸੁਨਾਰੀਆਂ ਪਿੰਡਾਂ ਵਿੱਚੋਂ ਗੁੱਗਾਮਾੜੀ ਤੇ ਮੱਥਾ ਟੇਕਣ ਜਾ ਰਹੇ 8 ਸ਼ਰਧਾਲੂਆਂ ਦੀ ਮੌਤ ਮਗਰੋਂ ਅੱਜ ਸਾਰੇ ਮ੍ਰਿਤਕਾਂ ਦਾ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਖੇਤਰ ਦੇ ਤਿੰਨਾਂ ਵਿੱਚ ਸੋਗ ਸੀ। ਇਸ ਦੌਰਾਨ ਰਾਜ ਮੰਤਰੀ ਸੁਭਾਸ਼ ਸੁਧਾ, ਵਿਧਾਇਕ ਮੇਵਾ ਸਿੰਘ, ਸਾਬਕਾ ਵਿਧਾਇਕ ਡਾ. ਪਵਨ ਸੈਣੀ, ਜ਼ਿਲ੍ਹਾ ਕੌਂਸਲਰ ਸੁਖਵਿੰਦਰ ਸਿੰਘ, ਸਮਾਜ ਸੇਵੀ ਨਾਇਬ ਸਿੰਘ ਪਟਾਕ ਮਾਜਰਾ ਨੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਸੁਧਾ ਨੇ ਕਿਹਾ ਕਿ ਇਹ ਦੁੱਖ ਨਾ ਸਹਿਣਯੋਗ ਹੈ ਇਸ ਦੀ ਪੂਰਤੀ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੁਰਘਟਨਾ ਵਿੱਚ ਮਾਰੇ ਗਏ ਮ੍ਰਿਤਕਾਂ ਦੇ ਪਰਿਵਾਰ ਨੂੰ ਆਰਥਿਕ ਮਦਦ ਦੇ ਨਾਲ ਨਾਲ ਦੁਰਘਟਨਾ ਵਿੱਚ ਜ਼ਖ਼ਮੀ ਹੋਏ ਸਾਰੇ ਲੋਕਾਂ ਦਾ ਇਲਾਜ ਸਰਕਾਰੀ ਖਰਚੇ ’ਤੇ ਕਰੇਗੀ। ਜ਼ਿਕਰਯੋਗ ਹੈ ਕਿ ਪਿੰਡ ਮਿਰਚਹੇੜੀ ਵਾਸੀ ਰਾਜਬੀਰ 2, 3 ਸਤੰਬਰ ਦੀ ਰਾਤ ਨੂੰ ਕਰੀਬ 10 ਵਜੇ 21 ਸੇਵਾਦਾਰਾਂ ਨਾਲ ਛੋਟੇ ਕੈਂਟਰ ਵਿੱਚ ਗੁੱਗਾ ਮਾੜੀ ਬਾਂਗੜ ਲਈ ਰਵਾਨਾ ਹੋਇਆ ਸੀ। ਜਦ ਉਹ ਨਰਵਾਣਾ ਦੇ ਪਿੰਡ ਬਿਰਧਾਨਾ ਪੁੱਜੇ ਤਾਂ ਕੁਝ ਸ਼ਰਧਾਲੂਆਂ ਨੇ ਪਖਾਨੇ ਲਈ ਕੈਂਟਰ ਰੁਕਵਾਇਆ। ਇਸ ਦੌਰਾਨ ਟੱਰਕ ਨੇ ਕੈਂਟਰ ਨੂੰ ਟੱਕਰ ਮਾਰੀ ਤੇ ਕੈਂਟਰ ਪਲਟੀਆਂ ਖਾ ਕੇ ਖੱਡੇ ਵਿੱਚ ਜਾ ਡਿੱਗਿਆ। ਇਸ ਦੌਰਾਨ ਸਲੋਚਨਾ ਦੇਵੀ (48) ਮਿਰਚਹੇੜੀ, ਕੁਲਦੀਪ ਸਿੰਘ ਮਿਰਚਹੇੜੀ (50), ਤੇਜਪਾਲ ਮਿਰਚਹੇੜੀ (56) ਤੇ ਜੈਪਾਲ ਮਿਰਚਹੇੜੀ (45), ਰਾਜਬੀਰ ਸੁਨਾਰੀਆਂ (58), ਲਵਲੀ ਗਾਂਧੀ ਨਗਰ ਕੁਰੂਕਸ਼ੇਤਰ (15) ਇਸ਼ਰੋ ਦੇਵੀ ਰਣਡੋਲਾ ਇੰਦਰੀ (62), ਗੁਲਜ਼ਾਰ ਰਾਮਪੁਰਾ (45) ਦੀ ਮੌਤ ਹੋ ਗਈ। ਕਾਮਿਨੀ, ਗੁਡੂ ਤੇ ਸ਼ਮਸ਼ੇਰ ਜ਼ੇਰੇ ਇਲਾਜ ਹਨ।