For the best experience, open
https://m.punjabitribuneonline.com
on your mobile browser.
Advertisement

ਲੋਕ-ਪੱਖੀ ਸਿਆਸਤ ਦੀ ਸਿਰਜਣਾ

08:47 AM Dec 10, 2023 IST
ਲੋਕ ਪੱਖੀ ਸਿਆਸਤ ਦੀ ਸਿਰਜਣਾ
Advertisement

ਸਵਰਾਜਬੀਰ

‘‘ਇਕ ਸਮਾਜਿਕ ਗਰੁੱਪ ਤਾਂ ਹੀ ਸੱਤਾ ਵਿਚ ਆ ਸਕਦਾ ਹੈ ਜੇ ਸੱਤਾ ਵਿਚ ਆਉਣ ਤੋਂ ਪਹਿਲਾਂ ਉਹ ਸਮਾਜ ਦੀ ਅਗਵਾਈ ਕਰ ਰਿਹਾ ਹੋਵੇ (ਇਹ ਸੱਤਾ ਵਿਚ ਆਉਣ ਲਈ ਬੁਨਿਆਦੀ ਤੌਰ ’ਤੇ ਜ਼ਰੂਰੀ ਹੈ); ਸੱਤਾ ਵਿਚ ਆਉਣ ’ਤੇ ਉਹ (ਸਮਾਜਿਕ ਗਰੁੱਪ/ਸਿਆਸੀ ਪਾਰਟੀ) ਸੱਤਾ ਦੀ ਵਰਤੋਂ ਕਰਦਾ ਹੈ ਅਤੇ ਜੇ ਉਸ ਨੇ ਸੱਤਾ ’ਤੇ ਕਾਬਜ਼ ਰਹਿਣਾ ਹੈ ਤਾਂ ਉਸ ਨੂੰ ਆਪਣੀ ਹਸਤੀ ਇਸ ਤਰ੍ਹਾਂ ਦੀ ਬਣਾ ਕੇ ਰੱਖਣੀ ਪੈਣੀ ਹੈ ਕਿ ਉਹ ਸਮਾਜ ਦੀ ‘ਅਗਵਾਈ’ ਕਰਦਾ ਰਹੇ।’’
- ਅੰਨਤੋਨੀਓ ਗ੍ਰਾਮਸੀ

Advertisement

ਉਪਰੋਕਤ ਤਰਕ ਦੇ ਆਧਾਰ ’ਤੇ ਇਹ ਦਲੀਲ ਦਿੱਤੀ ਸਕਦੀ ਹੈ ਕਿ ਉੱਤਰੀ ਭਾਰਤ ਵਿਚ ਭਾਰਤੀ ਜਨਤਾ ਪਾਰਟੀ ਅਜਿਹੀ ਸਮਾਜਿਕ ਤੇ ਸਿਆਸੀ ਤਾਕਤ ਤੇ ਹਸਤੀ ਬਣ ਕੇ ਉੱਭਰੀ ਹੈ ਜਿਹੜੀ ਇਸ ਖਿੱਤੇ ਵਿਚ ਲੋਕਾਂ ਦੀ ਸਮਾਜਿਕ ਤੇ ਸਿਆਸੀ ਅਗਵਾਈ ਕਰਨ ਦੇ ਸਮਰੱਥ ਹੈ, ਅਗਵਾਈ ਕਰ ਰਹੀ ਹੈ ਅਤੇ ਲਗਾਤਾਰ ਅਜਿਹੇ ਕਾਰਜ ਕਰਦੀ ਹੈ ਜਿਨ੍ਹਾਂ ਨਾਲ ਇਸ ਦੀ ਅਗਵਾਈ ਕਰਨ ਵਾਲੀ ਹਸਤੀ ਕਾਇਮ ਰਹੇ। ਭਾਜਪਾ ਦੇ ਵਿਰੋਧੀ ਅਜਿਹੇ ਯਤਨਾਂ ਨੂੰ ਉਸ ਦੇ ਹੱਥਕੰਡਿਆਂ ਦਾ ਨਾਂ ਦਿੰਦੇ ਹਨ ਪਰ ਭਾਜਪਾ ਇਕ ਅਜਿਹੀ ਵਿਚਾਰਧਾਰਾ ਦਾ ਨਿਰਮਾਣ ਕਰਨ ਵਿਚ ਕਾਮਯਾਬ ਹੋਈ ਹੈ ਜਿਹੜੀ ਇਨ੍ਹਾਂ ਯਤਨਾਂ ਨੂੰ ਲੋਕਾਂ ਦੇ ਮਨਾਂ ਵਿਚ ਇਨ੍ਹਾਂ ‘ਹੱਥਕੰਡਿਆਂ’ ਵਜੋਂ ਨਹੀਂ ਸਗੋਂ ਅਜਿਹੀਆਂ ਭਾਵਨਾਵਾਂ ਵਜੋਂ ਪੇਸ਼ ਕਰਦੀ ਹੈ ਜਿਹੜੀਆਂ ਲੋਕਾਂ ਨੂੰ ਆਪਣੇ ਸਮਾਜਿਕ ਤੇ ਧਾਰਮਿਕ ਵਿਸ਼ਵਾਸਾਂ ਦੀ ਪੂਰਤੀ ਕਰਦੀਆਂ ਦਿਖਾਈ ਦਿੰਦੀਆਂ ਹਨ।
ਉੱਤਰੀ ਭਾਰਤ ਵਿਚ ਪੰਜਾਬ ਤੇ ਜੰਮੂ ਕਸ਼ਮੀਰ ਨੂੰ ਛੱਡ ਕੇ ਬਾਕੀ ਦੇ ਸੂਬਿਆਂ ਵਿਚ 80 ਤੋਂ 94 ਫ਼ੀਸਦੀ ਲੋਕ ਹਿੰਦੂ ਧਰਮ ਨਾਲ ਸਬੰਧਿਤ ਹਨ; ਭਾਜਪਾ ਹਿੰਦੂ ਲੋਕ-ਮਨ ਦੀ ਅਗਵਾਈ ਕਰਨ ਵਾਲੀ ਪਾਰਟੀ ਬਣ ਚੁੱਕੀ ਹੈ; ਉਸ ਨੇ ਆਪਣੀ ਵਿਚਾਰਧਾਰਾ ਨੂੰ ਇਸ ਤਰੀਕੇ ਨਾਲ ਵਿਕਸਿਤ ਕੀਤਾ ਹੈ ਜਿਸ ਨਾਲ ਉਹ (ਭਾਜਪਾ) ਇਕ ਅਜਿਹੀ ਇਤਿਹਾਸਕ ਤਾਕਤ ਬਣ ਗਈ ਹੈ ਜੋ ਆਪਣੀ ਵਿਚਾਰਧਾਰਾ ਅਨੁਸਾਰ ਇਤਿਹਾਸ ਦਾ ਨਿਰਮਾਣ ਕਰ ਰਹੀ ਹੈ ਅਤੇ ਦੂਸਰੀਆਂ ਪਾਰਟੀਆਂ ਉਸ ਦੀ ਬਣਾਈ ‘ਖੇਡ’ ਨੂੰ ਖੇਡਦੀਆਂ ਹਨ। ਕਿਸੇ ਵੀ ਗਾਲਬ ਇਤਿਹਾਸਕ ਤਾਕਤ ਵਾਂਗ ਭਾਜਪਾ ਉੱਤਰੀ ਭਾਰਤ ਦੇ ਖਿੱਤੇ ਤੱਕ ਸੀਮਤ ਨਹੀਂ ਰਹਿਣਾ ਚਾਹੁੰਦੀ ਅਤੇ ਸੀਮਤ ਨਹੀਂ ਹੈ; ਉਹ ਦੱਖਣੀ ਭਾਰਤ ਵਿਚ ਕਰਨਾਟਕ ਵਿਚ ਸਿਆਸੀ ਤੇ ਸਮਾਜਿਕ ਤਾਕਤ ਹੈ, ਤਿਲੰਗਾਨਾ ਵਿਚ ਅਜਿਹੀ ਤਾਕਤ ਵਜੋਂ ਉੱਭਰ ਰਹੀ ਹੈ ਅਤੇ ਕੇਰਲ ਵਿਚ ਖੱਬੇ-ਪੱਖੀ ਪਾਰਟੀਆਂ ਤੇ ਕਾਂਗਰਸ ਨਾਲ ਵਿਚਾਰਧਾਰਕ ਆਢਾ ਲੈਣ ਵਾਲੀ ਹਸਤੀ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਪੂਰਬੀ ਭਾਰਤ ਵਿਚ ਵੀ ਅਸਾਮ, ਮਨੀਪੁਰ ਤੇ ਤ੍ਰਿਪੁਰਾ ਵਿਚ ਪੈਰ ਜਮਾ ਚੁੱਕੀ ਹੈ ਅਤੇ ਪੱਛਮੀ ਬੰਗਾਲ ਵਿਚ ਉਸ ਦੀ ਹਾਜ਼ਰੀ ਕੋਈ ਮਾਮੂਲੀ ਨਹੀਂ। ਉਸ ਦੇ ਮੁਕਾਬਲੇ ਹੋਰ ਪਾਰਟੀਆਂ ਦੇ ਨਾ ਸਿਰਫ਼ ਪੈਰ ਥਿੜਕੇ ਹਨ ਸਗੋਂ ਕਈਆਂ ਦੀ ਤਾਂ ਸਿਆਸੀ ਹੋਂਦ ਵੀ ਖ਼ਤਰੇ ਵਿਚ ਹੈ। ਭਾਜਪਾ ਤੋਂ ਬਿਨਾਂ ਕੋਈ ਵੀ ਸਿਆਸੀ ਪਾਰਟੀ ਅਜਿਹੀ ਸਥਿਤੀ ਵਿਚ ਦਿਖਾਈ ਨਹੀਂ ਦਿੰਦੀ ਜੋ ਲੋਕਾਂ ਤੇ ਲੋਕ-ਸਮੂਹਾਂ ਦੀ ਅਗਵਾਈ ਕਰ ਸਕਦੀ ਹੋਵੇ।
ਸਾਰੇ ਜਾਣਦੇ ਹਨ ਕਿ ਭਾਜਪਾ ਅਜਿਹੀ ਸਥਿਤੀ ਵਿਚ ਰਾਸ਼ਟਰੀ ਸਵੈਮਸੇਵਕ ਸੰਘ ਅਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਆਈ ਹੈ, ਅਜਿਹੀਆਂ ਕੋਸ਼ਿਸ਼ਾਂ ਜੋ ਸਿਰਫ਼ ਚੋਣਾਂ ਸਮੇਂ ਹੀ ਹਰਕਤ ਵਿਚ ਨਹੀਂ ਆਉਂਦੀਆਂ ਸਗੋਂ ਨਿੱਤ ਦਿਨ ਕਾਰਜਸ਼ੀਲ ਰਹਿੰਦੀਆਂ ਹਨ; ਸੰਘ ਤੇ ਸੰਘ ਪਰਿਵਾਰ ਦੀਆਂ ਜਥੇਬੰਦੀਆਂ ਸਕੂਲਾਂ ਤੇ ਕਾਲਜਾਂ ਤੋਂ ਲੈ ਕੇ ਹਰ ਸਮਾਜਿਕ ਤੇ ਧਾਰਮਿਕ ਖੇਤਰ ਵਿਚ ਮੌਜੂਦ ਹਨ; ਉਹ ਨਿੱਤ ਦਿਨ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਦੇ ਨਾਲ ਨਾਲ ਅਜਿਹੇ ਸਮਾਜਿਕ, ਧਾਰਮਿਕ ਤੇ ਆਰਥਿਕ ਕਾਰਜ ਕਰਦੀਆਂ ਤੇ ਨਿਭਾਉਂਦੀਆਂ ਹਨ ਜਿਹੜੇ (ਕਾਰਜ) ਦੂਸਰੀਆਂ ਪਾਰਟੀਆਂ ਨਹੀਂ ਕਰਦੀਆਂ। ਕੀ ਸੰਘ ਪਰਿਵਾਰ ਨੂੰ ਛੱਡ ਕੇ ਕੋਈ ਅਜਿਹਾ ਸੰਗਠਨ ਹੈ ਜਿਸ ਦੇ ਹਜ਼ਾਰਾਂ ਸਕੂਲ ਹੋਣ? ਕੀ ਕੋਈ ਅਜਿਹੀ ਪਾਰਟੀ ਹੈ ਜਿਸ ਦੀਆਂ ਆਦਿਵਾਸੀਆਂ ਵਿਚ ਅਜਿਹੀ ਘਣਤਾ ਵਾਲੀਆਂ ਜਥੇਬੰਦੀਆਂ ਹੋਣ ਜੋ ਪੜ੍ਹਾਈ-ਲਿਖਾਈ ਤੋਂ ਲੈ ਕੇ ਉਨ੍ਹਾਂ ਦੀ ਸਮਾਜਿਕ ਹਸਤੀ (ਜਿਸ ਦੇ ਨਕਸ਼ ਸੰਘ ਪਰਿਵਾਰ ਦੀ ਵਿਚਾਰਧਾਰਾ ਅਨੁਸਾਰ ਘੜੇ ਜਾਂਦੇ ਹਨ) ਦਾ ਨਿਰਮਾਣ ਕਾਰਜ ਕਰਦੀਆਂ ਹੋਣ?
ਧਾਰਮਿਕਤਾ ਕੋਈ ਖੋਖਲੀ ਇਕਾਈ ਨਹੀਂ ਹੁੰਦੀ। ਭਾਜਪਾ ਨੇ ਧਰਮ ਆਧਾਰਿਤ ਪਛਾਣ ਨੂੰ ਮਜ਼ਬੂਤ ਕਰਦਿਆਂ ਇਸ ਨੂੰ ਸਿਆਸੀ ਸੰਦ ਤੇ ਤਾਕਤ ਬਣਾ ਲਿਆ ਹੈ, ਅਜਿਹੀ ਤਾਕਤ ਜੋ ਉਨ੍ਹਾਂ ਪਾਰਟੀਆਂ ਨੂੰ ਪਛਾੜਨ ਵਿਚ ਕਾਮਯਾਬ ਹੋਈ ਹੈ ਜੋ ਸਮਾਜ ਵਿਚ ਜਾਤ ਤੇ ਜਮਾਤ ਆਧਾਰਿਤ ਪਛਾਣਾਂ ਦੀ ਸਿਰਜਣਾ ਕਰਨਾ ਚਾਹੁੰਦੀਆਂ ਸਨ। ਭਾਜਪਾ ਧਰਮ ਦਾ ਸਿਆਸੀਕਰਨ ਕਰਨ ਵਿਚ ਸਫਲ ਹੋਈ ਹੈ ਜਦੋਂਕਿ ਦੂਸਰੀਆਂ ਪਾਰਟੀਆਂ ਜਾਤਾਂ ਤੇ ਜਮਾਤਾਂ ਨੂੰ ਸਥਾਈ ਸਿਆਸੀ ਤਾਕਤਾਂ ਬਣਾਉਣ ਵਿਚ ਅਸਫਲ ਹੋਈਆਂ ਹਨ।
ਭਾਜਪਾ ਦੀ ਵਿਚਾਰਧਾਰਾ ਅੱਜ ਅਜਿਹੇ ਸਭ ਕਾਰਜ ਕਰ ਰਹੀ ਹੈ ਜਿਹੜੇ ਹਰ ਹਾਕਮ ਜਮਾਤ ਦੀ ਵਿਚਾਰਧਾਰਾ ਨੇ ਕਰਨੇ ਹੁੰਦੇ ਹਨ; ਉਹ ਕਾਰਜ ਹਨ: ਮੌਜੂਦਾ ਆਰਥਿਕ ਸਬੰਧਾਂ/ਰਿਸ਼ਤਿਆਂ ਨੂੰ ਕਾਇਮ ਰੱਖਣਾ; ਮੌਜੂਦਾ ਸਮਾਜਿਕ ਦਰਜਾਬੰਦੀ ਨੂੰ ਕਾਇਮ ਰੱਖਦਿਆਂ ਹਰ ਸਮਾਜਿਕ ਵਰਗ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਉਹ (ਪਾਰਟੀ) ਉਸ ਦੀ ਸਮਾਜਿਕ ਸਥਿਤੀ ਨੂੰ ਉੱਚਿਆਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ; ਆਰਥਿਕ ਦਮਨ ਨੂੰ ਸਿਆਸੀ, ਸਮਾਜਿਕ ਤੇ ਧਾਰਮਿਕ ਵਿਚਾਰਾਂ ਦੇ ਮੁਲੰਮੇ ਹੇਠ ਛਿਪਾ ਕੇ ਰੱਖਣਾ; ਹਿੰਦੂ ਭਾਈਚਾਰੇ ਦੇ ਸੰਦਰਭ ਵਿਚ ਭਾਜਪਾ ਇਹ ਸਾਰੇ ਕਾਰਜ ਸਫਲਤਾ ਨਾਲ ਕਰ ਰਹੀ ਹੈ। ਹਿੰਦੂ ਭਾਈਚਾਰੇ ਵਿਚ ਇਹ ਵਿਸ਼ਵਾਸ ਪੈਦਾ ਕੀਤਾ ਗਿਆ ਹੈ ਕਿ ਭਾਜਪਾ ਹੀ ਉਸ ਦੀ ਪਛਾਣ, ਰਵਾਇਤਾਂ, ਮਰਿਆਦਾ ਤੇ ਸਮਾਜਿਕਤਾ ਨੂੰ ਕਾਇਮ ਰੱਖਣ ਅਤੇ ਅੱਗੇ ਵਧਾਉਣ ਵਾਲੀ ਪਾਰਟੀ ਹੈ ਜਦੋਂਕਿ ਦੂਸਰੀਆਂ ਪਾਰਟੀਆਂ ਏਨੀਆਂ ਹਿੰਦੂ ਹਿਤੈਸ਼ੀ ਨਹੀਂ ਹਨ ਜਿੰਨੀ ਕਿ ਭਾਜਪਾ ਹੈ; ਜਿਵੇਂ ਗਾਈਲਜ਼ ਡਿਲੂਜ ਨੇ ਕਿਹਾ ਹੈ ਵਿਸ਼ਵਾਸਾਂ ਦਾ ਨਿਰਮਾਣ ਸਮਾਜ ਤੋਂ ਸੋਚਣ-ਸ਼ਕਤੀ ਖੋਹ ਲੈਂਦਾ ਹੈ।
ਇਹ ਨਹੀਂ ਕਿ ਸਾਰਾ ਹਿੰਦੂ ਸਮਾਜ ਭਾਜਪਾ ਦੀ ਵਿਚਾਰਧਾਰਾ ਦਾ ਹਮਾਇਤੀ ਹੈ ਪਰ ਬਹੁਗਿਣਤੀ ਇਸ ਵਿਚਾਰਧਾਰਾ ਦੀ ਸਮਰਥਕ ਜ਼ਰੂਰ ਹੈ। ਭਾਜਪਾ-ਵਿਰੋਧੀ ਪਾਰਟੀਆਂ ਦੀ ਸਮੱਸਿਆ ਇਹ ਹੈ ਕਿ ਇਸ ਬਹੁਗਿਣਤੀ ਨਾਲ ਸੰਵਾਦ ਕਿਵੇਂ ਹੋਵੇ? ਜਾਤ ਆਧਾਰਿਤ ਪਾਰਟੀਆਂ ਅਜਿਹਾ ਸੰਵਾਦ ਕਰਨ ਲਈ ਜਾਤ ਆਧਾਰਿਤ ਪਛਾਣਾਂ ਦਾ ਇਸਤੇਮਾਲ ਕਰਦੀਆਂ ਰਹੀਆਂ ਹਨ। ਵੀਪੀ ਸਿੰਘ ਤੇ ਮੰਡਲ ਕਮਿਸ਼ਨ ਤੋਂ ਊਰਜਿਤ ਅਜਿਹੀਆਂ ਪਛਾਣਾਂ ਲਗਭਗ ਦੋ ਦਹਾਕੇ ਇਸ ਕਾਰਜ ਵਿਚ ਸਫਲ ਰਹੀਆਂ ਪਰ ਭਾਜਪਾ ਨੇ ਪਛੜੀਆਂ ਜਾਤਾਂ ਵਿਚੋਂ ਜ਼ਿਆਦਾ ਪਛੜੀਆਂ ਜਾਤਾਂ ਤੇ ਦਲਿਤ ਵਰਗ ਵਿਚੋਂ ਪਿੱਛੇ ਰਹਿ ਗਈਆਂ ਦਲਿਤ ਜਾਤਾਂ ਵਿਚ ਆਪਣੀ ਪਛਾਣ ਬਣਾਈ ਅਤੇ ਉਨ੍ਹਾਂ ਨੂੰ ਇਹ ਵਿਸ਼ਵਾਸ ਦਿਵਾਉਣ ਵਿਚ ਕਾਮਯਾਬੀ ਹਾਸਿਲ ਕੀਤੀ ਹੈ ਕਿ 1990ਵਿਆਂ ਤੋਂ ਬਾਅਦ ਜਾਤ ਆਧਾਰਿਤ ਪਛਾਣਾਂ ’ਤੇ ਉੱਸਰੀਆਂ ਪਾਰਟੀਆਂ ਉਨ੍ਹਾਂ ਦੀਆਂ ਅਸਲੀ ਹਿਤੈਸ਼ੀ ਨਹੀਂ ਹਨ; ਅਸਲੀ ਹਿਤੈਸ਼ੀ ਭਾਜਪਾ ਹੈ; ਇਸ ਲਈ ਭਾਜਪਾ ਨੇ ਪ੍ਰਤੀਕਾਤਮਕ ਤੇ ਹਕੀਕੀ ਕਦਮ ਚੁੱਕੇ ਹਨ; ਇਨ੍ਹਾਂ ਜਾਤਾਂ ਨਾਲ ਸਬੰਧਿਤ ਆਗੂਆਂ ਨੂੰ ਪਾਰਟੀ ਤੇ ਸੱਤਾ ਵਿਚ ਸਥਾਨ ਦਿੱਤਾ ਹੈ।
ਗ਼ੈਰ-ਭਾਜਪਾ ਪਾਰਟੀਆਂ, ਚਾਹੇ ਉਹ ਕਾਂਗਰਸ ਹੋਵੇ, ਜਾਤ ਆਧਾਰਿਤ ਪਾਰਟੀਆਂ ਹੋਣ ਜਾਂ ਖੱਬੀਆਂ ਪਾਰਟੀਆਂ, ਨੇ ਆਪਣੀ ਵਿਚਾਰਧਾਰਾਵਾਂ ਨੂੰ ਇਸ ਤਰ੍ਹਾਂ ਵਿਕਸਿਤ ਨਹੀਂ ਕੀਤਾ ਕਿ ਉਹ ਲੋਕਾਂ ਦੇ ਸਮਾਜਿਕ ਤੇ ਧਾਰਮਿਕ ਵਿਸ਼ਵਾਸਾਂ ਨਾਲ ਸੰਵਾਦ ਕਰ ਸਕਣ ਸਗੋਂ ਉਨ੍ਹਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਹੈ ਕਿ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਇਹ ਵਿਚਾਰਧਾਰਾਵਾਂ ਆਪਣੀ ਸਮਾਜਿਕਤਾ ਤੇ ਧਾਰਮਿਕਤਾ ਦੀਆਂ ਵਿਰੋਧੀ ਦਿਖਾਈ ਦਿੰਦੀਆਂ ਹਨ।
ਗੱਲ ਸਿਰਫ਼ ਵਿਚਾਰਧਾਰਾ ਤੱਕ ਸੀਮਤ ਨਹੀਂ ਹੈ, ਗ਼ੈਰ-ਭਾਜਪਾ ਪਾਰਟੀਆਂ ਸਿਆਸੀ ਕਾਰਜ ਵਿਚੋਂ ਵੀ ਗ਼ੈਰਹਾਜ਼ਰ ਹਨ। ਸਨਅਤੀ ਮਜ਼ਦੂਰਾਂ ਵਿਚ ਜਥੇਬੰਦ ਤਾਕਤ ਅਤਿਅੰਤ ਕਮਜ਼ੋਰ ਹੋ ਚੁੱਕੀ ਹੈ; ਇਹ ਉਹ ਤਾਕਤ ਹੈ ਜਿਸ ਨੂੰ ਇਤਿਹਾਸ ਦਾ ਇੰਜਣ ਮੰਨਿਆ ਜਾਂਦਾ ਹੈ। ਅਪਣਾਏ ਗਏ ਵਿਕਾਸ ਮਾਡਲ ਨੇ ਕਾਮਿਆਂ ਦੀ ਵੱਡੀ ਗਿਣਤੀ ਨੂੰ ਗ਼ੈਰਰਸਮੀ ਖੇਤਰ ਵਿਚ ਧੱਕਿਆ ਹੈ ਤੇ ਠੇਕੇ ’ਤੇ ਕੰਮ ਕਰਨ ਨੂੰ ਆਰਥਿਕਤਾ ਦੀ ਚੂਲ ਬਣਾ ਦਿੱਤਾ ਹੈ; ਸਨਅਤੀ ਕੰਮ ਵੀ ਹੁਣ ਜ਼ਿਆਦਾ ਕਰਕੇ ਠੇਕੇ ’ਤੇ ਲਏ ਗਏ ਮਜ਼ਦੂਰ ਹੀ ਕਰਦੇ ਹਨ; ਸੇਵਾਵਾਂ (services) ਦਾ ਵੱਡਾ ਖੇਤਰ ਠੇਕਾ ਆਧਾਰਿਤ ਕਾਮਿਆਂ, ਜਿਨ੍ਹਾਂ ਨੂੰ ਬਹੁਤ ਵਾਰ ਸ਼ੋਭਾਮਈ ਵੱਡੇ ਨਾਮ ਵੀ ਦਿੱਤੇ ਜਾਂਦੇ, ’ਤੇ ਨਿਰਭਰ ਹੈ। ਅਜਿਹੇ ਕਾਮਿਆਂ ਵਿਚ ਕੋਈ ਸੰਗਠਨ ਨਹੀਂ। ਸੰਗਠਨਾਂ ਵਿਚ ਹੁੰਦਾ ਕਾਰਜ ਸਮਾਜ ਵਿਚ ਸਕਾਰਾਤਮਕ ਊਰਜਾ ਤੇ ਵਿਚਾਰਧਾਰਾ ਪੈਦਾ ਕਰ ਸਕਦਾ ਹੈ ਪਰ ਅਜਿਹਾ ਕਾਰਜ ਗ਼ੈਰਹਾਜ਼ਰ ਹੈ। ਖੇਤ ਮਜ਼ਦੂਰ ਅਸੰਗਠਿਤ ਹਨ; ਕੁਝ ਸੂਬਿਆਂ ਨੂੰ ਛੱਡ ਕੇ ਕਿਸਾਨੀ ਅਸੰਗਠਿਤ ਹੈ। ਅਜਿਹੇ ਜਮਾਤੀ ਸੰਗਠਨਾਂ ਦੀ ਗ਼ੈਰਹਾਜ਼ਰੀ ਵਿਚ ਕੱਟੜਪੰਥੀ ਸੋਚ ਦਾ ਵਿਕਸਿਤ ਹੋਣਾ ਬਹੁਤ ਸੌਖਾ ਹੋ ਜਾਂਦਾ ਹੈ। ਗ਼ੈਰ-ਭਾਜਪਾ ਪਾਰਟੀਆਂ ਲਗਾਤਾਰ ਸਿਆਸੀ ਕਾਰਜ ਤੋਂ ਗ਼ੈਰਹਾਜ਼ਰ ਹੋਣ ਕਾਰਨ ਨਾ ਸਿਰਫ਼ ਊਰਜਾਹੀਣ ਹੋਈਆਂ ਹਨ ਸਗੋਂ ਉਹ ਅਜਿਹੀ ਸਿਆਸੀ ਭਾਸ਼ਾ ਵੀ ਗਵਾ ਚੁੱਕੀਆਂ ਹਨ ਜਿਹੜੀ ਦੱਬੀਆਂ-ਕੁਚਲੀਆਂ ਜਮਾਤਾਂ ਨੂੰ ਊਰਜਿਤ ਕਰ ਸਕਦੀ ਹੋਵੇ।
ਖੱਬੀਆਂ ਪਾਰਟੀਆਂ ਦੀ ਥਕਾਨ ਸਭ ਤੋਂ ਪ੍ਰਤੱਖ ਹੈ ਅਤੇ ਉਹ ਦੇਸ਼ ਦੀ ਸਿਆਸਤ ਦੇ ਹਾਸ਼ੀਏ ’ਤੇ ਹਨ। ਅਜਿਹੇ ਹਾਲਾਤ ਵਿਚ ਵੀ ਖੱਬੇ-ਪੱਖੀ ਸੋਚ ਕਲਾ ਤੇ ਸੱਭਿਆਚਾਰ ਵਿਚ ਅਜਿਹੇ ਕਲਾਵੰਤ, ਜਾਦੂਮਈ ਤੇ ਊਰਜਾ-ਭਰਪੂਰ ਟਾਪੂ ਪੈਦਾ ਕਰਨ ਦੀ ਸਮਰੱਥਾ ਰੱਖਦੀ ਸੀ/ਹੈ ਜਿਹੜੇ ਆਸਹੀਣੇ ਸੰਸਾਰ ਵਿਚ ਆਸ ਪੈਦਾ ਕਰ ਸਕਣ। ਕਲਾ ਤੇ ਸੱਭਿਆਚਾਰ ਦੇ ਖੇਤਰ ਵਿਚੋਂ ਅਜਿਹੇ ਟਾਪੂ ਵੀ ਅਲੋਪ ਹੋ ਗਏ ਹਨ। ਲਾਤੀਨੀ ਅਮਰੀਕਾ ਵਿਚ ਖੱਬੇ-ਪੱਖੀ ਕਲਾਕਾਰਾਂ ਤੇ ਸਾਹਿਤਕਾਰਾਂ ਨੇ ਅਜਿਹੀ ਕਲਾ ਤੇ ਸਾਹਿਤ ਦੀ ਸਿਰਜਣਾ ਕੀਤੀ ਜਿਨ੍ਹਾਂ ਨੇ ਉਨ੍ਹਾਂ ਦੇ ਸਮਾਜਾਂ ਨੂੰ ਊਰਜਾਵਾਨ ਕੀਤਾ; ਜਦੋਂ ਅਸੀਂ ਆਪਣੇ ਸਾਹਿਤਕਾਰਾਂ ਦੇ ਨਾਵਾਂ ਨਾਲ ਤਥਾਕਥਿਤ ਉੱਚੀਆਂ ਜਾਤਾਂ ਵਾਲੇ ਉਪਨਾਮ ਦੇਖਦੇ ਹਾਂ ਤਾਂ ਪਤਾ ਲੱਗ ਜਾਂਦਾ ਹੈ ਕਿ ਸਿਰਜਣਾ ਕਿਹੜੇ ਪੇਚਾਂ ਵਿਚ ਫਸੀ ਹੋਈ ਹੈ।
ਭਾਜਪਾ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਮਨਾਂ ਵਿਚ ਵਿਚਾਰਧਾਰਕ ਪ੍ਰਮੁੱਖਤਾ ਬਣਾਉਣ ਵਿਚ ਕਾਮਯਾਬ ਹੋਈ ਹੈ; ਅਜਿਹੀ ਪ੍ਰਮੁੱਖਤਾ ਜਿਸ ਨੂੰ ਰੇਮੰਡ ਵਿਲੀਅਮਜ਼ ਨੇ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਹੈ, ‘‘ਇਹ (ਵਿਚਾਰਧਾਰਕ ਪ੍ਰਮੁੱਖਤਾ) ਸਮਾਜ ਦੀਆਂ ਕਾਰਜਸ਼ੈਲੀਆਂ ਤੇ ਆਸਾਂ-ਉਮੀਦਾਂ ਦਾ ਪੂਰਾ ਸੰਸਾਰ ਸਿਰਜਦੀ ਤੇ ਭਾਈਚਾਰੇ ਦੇ ਸੰਪੂਰਨ ਜੀਵਨ ’ਤੇ ਅਧਿਕਾਰ ਜਮਾ ਲੈਂਦੀ ਹੈ; ਇਹ ਸਾਡੇ ਮਹਿਸੂਸ ਕਰਨ ਦੀ ਤਾਕਤ ਅਤੇ ਵੱਖ ਵੱਖ ਕਾਰਜਾਂ ਲਈ ਊਰਜਾ ਵੰਡਣ ਦੀਆਂ ਸ਼ਕਤੀਆਂ ’ਤੇ ਕਬਜ਼ਾ ਕਰ ਲੈਂਦੀ ਹੈ; ਇਹ ਇਸ ਗੱਲ ਦਾ ਨਿਰਣਾ ਵੀ ਕਰਦੀ ਹੈ ਕਿ ਅਸੀਂ ਆਪਣੇ ਆਪ ਨੂੰ ਅਤੇ ਇਸ ਦੁਨੀਆ ਨੂੰ ਕਿਵੇਂ ਸੋਚੀਏ-ਸਮਝੀਏ। ਅਜਿਹੀ ਵਿਚਾਰਧਾਰਕ ਪ੍ਰਮੁੱਖਤਾ ਸਮਾਜਿਕ ਕਦਰਾਂ-ਕੀਮਤਾਂ ਸਿਰਜਣ ਅਤੇ ਜੀਵਨ ਦੇ ਅਰਥ ਸਮਝਣ ਵਾਲੀ ਇਕ ਸਜੀਵ ਪ੍ਰਕਿਰਿਆ ਬਣ ਜਾਂਦੀ ਹੈ; ਇਹ ਜੀਵਨ ਦੀਆਂ ਕਦਰਾਂ-ਕੀਮਤਾਂ ਸਿਰਜਦੀ ਹੈ ਅਤੇ ਇਹ ਕਦਰਾਂ-ਕੀਮਤਾਂ ਜਦੋਂ ਸਾਡੇ ਅਨੁਭਵ-ਸੰਸਾਰ ਵਿਚ ਦਾਖ਼ਲ ਹੁੰਦੀਆਂ ਹਨ ਤਾਂ ਸਾਨੂੰ ਲੱਗਦਾ ਹੈ ਕਿ ਅਸੀਂ ਇਹੋ ਚਾਹੁੰਦੇ ਹਾਂ।’’
ਭਾਜਪਾ ਦੁਆਰਾ ਸਿਰਜੀ ਇਹ ਵਿਚਾਰਧਾਰਕ ਪ੍ਰਮੁੱਖਤਾ ਹਿੰਦੂ ਭਾਈਚਾਰੇ ਨੂੰ ਆਪਣੇ ’ਤੇ ਮਾਣ ਕਰਨ ਲਈ ਸਥਾਨ ਮੁਹੱਈਆ ਕਰਦੀ ਹੈ; ਸਮਾਜ ਵਿਚਲੀਆਂ ਬੁਰਾਈਆਂ ਲਈ ਇਹ ਬਾਹਰੋਂ ਆਏ ਧਰਮਾਂ ਖ਼ਾਸ ਕਰਕੇ ਇਸਲਾਮ ਨੂੰ ਕਟਹਿਰੇ ਵਿਚ ਖੜ੍ਹਾ ਕਰਦੀ ਹੈ; ਮੱਧਕਾਲੀਨ ਸ਼ਾਸਕਾਂ ਦਾ ਧਰਮ ਇਸਲਾਮ ਹੋਣ ਅਤੇ ਉਨ੍ਹਾਂ ਦੇ ਜਬਰ ਕਾਰਨ, ਹਿੰਦੂ ਭਾਈਚਾਰਾ ਇਕ ਪੀੜਤ ਸਮਾਜ ਵਜੋਂ ਪੇਸ਼ ਕੀਤਾ ਜਾਂਦਾ ਹੈ ਜਿਸ ਨੂੰ ਇਹ ਦੱਸਿਆ ਗਿਆ ਹੈ ਕਿ ਉਸ ਦੇ ਮਾਣ-ਸਨਮਾਨ ਦੀ ਰੱਖਿਆ ਸਿਰਫ਼ ਭਾਜਪਾ ਹੀ ਕਰ ਸਕਦੀ ਹੈ; ਮੁਸਲਿਮ-ਵਿਰੋਧ ਰਾਸ਼ਟਰਵਾਦ ਦਾ ਕਵਚ ਬਣ ਜਾਂਦਾ ਹੈ। ਭਾਜਪਾ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹਾ ਸਮਰੱਥ ਵਕਤਾ ਹੈ ਜੋ ਅਜਿਹੇ ਵਿਚਾਰਾਂ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾ ਸਕਦਾ ਹੈ। ਇਸ ਵਿਚਾਰਧਾਰਕ ਪ੍ਰਮੁੱਖਤਾ ਨੇ ਨਰਿੰਦਰ ਮੋਦੀ ਦੀ ਸ਼ਖ਼ਸੀਅਤ, ਭਾਜਪਾ-ਆਰਐੱਸਐੱਸ ਤੇ ਸਹਿਯੋਗੀ ਸੰਗਠਨਾਂ ਦੀ ਹਰ ਪੱਧਰ ’ਤੇ ਵਿਚਾਰਧਾਰਕ ਲੜਾਈ ਵਿੱਢਣ ਤੇ ਚੋਣਾਂ ਲੜਨ ਦੀ ਸਮਰੱਥਾ ਅਤੇ ਲੋਕ-ਲੁਭਾਊ ਸਕੀਮਾਂ (ਜਿਨ੍ਹਾਂ ਵਿਚ ਕੁਝ ਗ਼ਰੀਬ ਵਰਗ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਦੀਆਂ ਹਨ) ਨਾਲ ਮਿਲ ਕੇ ਇਕ ਅਜਿਹੀ ਸਿਆਸੀ ਤਾਕਤ ਦਾ ਨਿਰਮਾਣ ਕੀਤਾ ਹੈ ਜਿਸ ਨੂੰ ਹਿੰਦੀ ਬੋਲਣ ਵਾਲੇ ਇਲਾਕਿਆਂ ਵਿਚ ਟੱਕਰ ਦੇਣੀ ਮੁਸ਼ਕਲ ਹੈ।
ਕੋਈ ਵੀ ਸਿਆਸੀ ਤਾਕਤ ਨਾ ਤਾਂ ਸਥਿਰ ਹੁੰਦੀ ਹੈ ਅਤੇ ਨਾ ਹੀ ਸਦੀਵੀ। ਉਪਰੋਕਤ ਸਿਆਸੀ ਤਾਕਤ ਦੇ ਕਾਰਜਕਾਲ ਦੇ ਗਰਭ ਵਿਚ ਹੀ ਉਨ੍ਹਾਂ ਇਤਿਹਾਸਕ ਸ਼ਕਤੀਆਂ ਦਾ ਨਿਰਮਾਣ ਹੋਣਾ ਹੈ ਜਿਨ੍ਹਾਂ ਨੇ ਇਸ ਤਾਕਤ ਨੂੰ ਟੱਕਰ ਦੇਣੀ ਹੈ। ਅਜੋਕਾ ਪ੍ਰਬੰਧ ਗੰਭੀਰ ਆਰਥਿਕ ਸੰਕਟ ਪੈਦਾ ਕਰ ਰਿਹਾ ਹੈ ਅਤੇ ਇਹ ਸੰਕਟ ਲੋਕ-ਪੱਖੀ ਤਾਕਤਾਂ ਪੈਦਾ ਕਰਨ ਵਾਲੀ ਜ਼ਰਖ਼ੇਜ਼ ਜ਼ਮੀਨ ਹੈ। ਲੋਕ-ਪੱਖੀ ਸ਼ਕਤੀਆਂ ਦਾ ਨਿਰਮਾਣ ਕਿਵੇਂ ਹੋਵੇ ਅਤੇ ਇਸ ਲਈ ਕਿੰਨਾ ਸਮਾਂ ਲੱਗੇਗਾ? ਇਨ੍ਹਾਂ ਸਵਾਲਾਂ ਦੇ ਜਵਾਬ ਆਸਾਨ ਨਹੀਂ। ਅਜਿਹੀਆਂ ਤਾਕਤਾਂ ਦੇ ਨਿਰਮਾਣ ਲਈ ਅਜਿਹੀ ਵਿਚਾਰਧਾਰਾ ਦੀ ਜ਼ਰੂਰਤ ਹੈ ਜੋ ਭਾਜਪਾ ਦੇ ਵਿਚਾਰਧਾਰਕ ਪ੍ਰਮੁੱਖਤਾ ਦੇ ਕਿਲ੍ਹੇ ਨੂੰ ਤੋੜ ਕੇ ਹਿੰਦੂ ਭਾਈਚਾਰੇ ਦੇ ਉਸ ਵਰਗ ਨਾਲ ਸੰਵਾਦ ਰਚਾ ਸਕੇ ਜਿਸ ਨੂੰ ਭਾਜਪਾ ਦੀ ਵਿਚਾਰਧਾਰਾ ਨੇ ਕੀਲ ਰੱਖਿਆ ਹੈ; ਲੋਕ-ਪੱਖੀ ਵਿਚਾਰਧਾਰਾ ਲਗਾਤਾਰ ਲੋਕ-ਪੱਖੀ ਸਿਆਸੀ ਕਾਰਜਾਂ ਰਾਹੀਂ ਹੀ ਨਿਰਮਤ ਹੋਣੀ ਹੈ; ਅੱਜ ਗ਼ੈਰ-ਭਾਜਪਾ ਪਾਰਟੀਆਂ ਅਜਿਹੇ ਸਿਆਸੀ ਕਾਰਜਾਂ ਤੋਂ ਦੂਰੀ ਬਣਾ ਕੇ ਰੱਖ ਰਹੀਆਂ ਹਨ। ਲੋਕ-ਪੱਖੀ ਸਿਆਸੀ ਅੰਦੋਲਨਾਂ ਤੇ ਕਾਰਜਾਂ ਦੀ ਸਿਰਜਣਾ ਇਸ ਸਮੇਂ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਹਨ।

Advertisement

Advertisement
Author Image

sukhwinder singh

View all posts

Advertisement