ਸੀਪੀਐੱਮ ਕੋਲ 80 ਅਣਐਲਾਨੇ ਬੈਂਕ ਖਾਤੇ: ਈਡੀ
ਨਵੀਂ ਦਿੱਲੀ, 10 ਅਪਰੈਲ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਹੈ ਕਿ ਮਨੀ ਲਾਂਡਰਿੰਗ ਨਾਲ ਸਬੰਧਤ ਜਾਂਚ ’ਚ ਪਾਇਆ ਗਿਆ ਹੈ ਕਿ ਕੇਰਲਾ ’ਚ ਹਾਕਮ ਧਿਰ ਸੀਪੀਆਈ (ਐੱਮ) ਕੋਲ ਤਕਰੀਬਨ 80 ਅਣਐਲਾਨੇ ਬੈਂਕ ਖਾਤੇ ਅਤੇ ਤਕਰੀਬਨ 100 ਅਣਐਲਾਨੀਆਂ ਅਚੱਲ ਜਾਇਦਾਦਾਂ ਹਨ। ਅਧਿਕਾਰਤ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਸੰਘੀ ਜਾਂਚ ਏਜੰਸੀ ਨੇ ਕਿਹਾ ਕਿ ਤ੍ਰਿਸ਼ੂਰ ਸਥਿਤ ਕਰੂਵੰਨੂਰ ਸੇਵਾ ਸਹਿਕਾਰੀ ਬੈਂਕ ਨਾਲ ਸਬੰਧਤ ਜਾਂਚ ਦੌਰਾਨ ਇਨ੍ਹਾਂ ਜਾਇਦਾਦਾਂ ਦਾ ਪਤਾ ਲੱਗਾ ਜਿਸ ’ਚ ਉਸ ਨੇ ਸੀਪੀਆਈ-ਐੱਮ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਏਸੀ ਮੋਇਦੀਨ ਤੋਂ ਪੁੱਛ-ਪੜਤਾਲ ਕੀਤੀ ਸੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਏਜੰਸੀ ਨੇ ਚੋਣ ਕਮਿਸ਼ਨ ਨੂੰ ਸੂਚਿਤ ਕੀਤਾ ਹੈ ਕਿ ਪਾਰਟੀ ਦਾ ਸਬੰਧ ਤਕਰੀਬਨ 80 ਅਣਐਲਾਨੇ ਬੈਂਕ ਖਾਤਿਆਂ ਨਾਲ ਹੈ ਜਿਨ੍ਹਾਂ ’ਚ ਤਕਰੀਬਨ 25 ਕਰੋੜ ਰੁਪਏ ਜਮ੍ਹਾਂ ਹਨ। ਈਡੀ ਨੇ ਦਾਅਵਾ ਕੀਤਾ ਕਿ ਇਨ੍ਹਾਂ ਬੈਂਕ ਖਾਤਿਆਂ ’ਚ ਮਿਲੀ ਜਮ੍ਹਾਂ ਰਾਸ਼ੀ ਮੁੱਖ ਤੌਰ ’ਤੇ ਨਕਦੀ ਦੇ ਰੂਪ ਵਿੱਚ ਭੇਜੀ ਗਈ ਸੀ। -ਪੀਟੀਆਈ