ਸੀਪੀਆਈ ਵੱਲੋਂ ਸੀਏਏ ਕਾਨੂੰਨ ਰੱਦ ਕਰਨ ਦਾ ਵਾਅਦਾ
ਨਵੀਂ ਦਿੱਲੀ, 6 ਅਪਰੈਲ
ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਨੇ ਅੱਜ ਲੋਕ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਨਾਗਰਿਕਤਾ (ਸੋਧ) ਕਾਨੂੰਨ ਰੱਦ ਕਰਨ, ਅਨੁਸੂਚਿਤ ਜਾਤੀਆਂ (ਐੱਸਸੀ), ਅਨੁਸੂਚਿਤ ਕਬੀਲਿਆਂ (ਐੱਸਟੀ) ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਲਈ ਰਾਖਵੇਂਕਰਨ ’ਤੇ 50 ਫੀਸਦ ਦੀ ਹੱਦ ਹਟਾਉਣ ਅਤੇ ਮਗਨਰੇਗਾ ਤਹਿਤ ਦਿਹਾੜੀ ਵਧਾ ਕੇ 700 ਰੁਪਏ ਕਰਨ ਦਾ ਵਾਅਦਾ ਕੀਤਾ ਹੈ। ਖੱਬੇ ਪੱਖੀ ਪਾਰਟੀ ਨੇ ਕਿਹਾ ਕਿ ਦੇਸ਼ ਦਾ ਲੋਕਤੰਤਰ ਬਚਾਉਣ ਲਈ ਭਾਜਪਾ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ। ਭਾਜਪਾ ਦੀ 10 ਸਾਲ ਦੀ ਸੱਤਾ ਦੇਸ਼ ਲਈ ਬਹੁਤ ਨੁਕਸਾਨਦਾਇਕ ਸਾਬਤ ਹੋਈ ਹੈ।
ਪਾਰਟੀ ਨੇ ਸੱਤਾ ਵਿੱਚ ਆਉਣ ’ਤੇ ਨਾਗਰਿਕਤਾ (ਸੋਧ) ਐਕਟ ਰੱਦ ਕਰਨ, ਰਾਖਵੇਂਕਰਨ ’ਤੇ 50 ਪ੍ਰਤੀਸ਼ਤ ਦੀ ਹੱਦ ਹਟਾਉਣ, ਜਾਤੀ ਆਧਾਰਿਤ ਜਨਗਣਨਾ ਕਰਵਾਉਣ, ਕਾਰਪੋਰੇਟ ਟੈਕਸ ਵਧਾਉਣ ਅਤੇ ਨਿੱਜੀ ਖੇਤਰ ਵਿੱਚ ਰਾਖਵਾਂਕਰਨ ਲਾਗੂ ਕਰਨ ਦਾ ਵਾਅਦਾ ਕੀਤਾ ਹੈ। ਚੋਣ ਮਨੋਰਥ ਪੱਤਰ ਵਿਚ ਕਿਹਾ ਗਿਆ ਹੈ, ‘‘18ਵੀਂ ਲੋਕ ਸਭਾ ਦੀਆਂ ਆਮ ਚੋਣਾਂ ਸਾਡੇ ਧਰਮ ਨਿਰਪੱਖ ਲੋਕਤੰਤਰੀ ਗਣਰਾਜ, ਇਸ ਦੇ ਭਵਿੱਖ ਅਤੇ ਸਾਡੇ ਸੰਵਿਧਾਨਕ ਤਾਣੇ-ਬਾਣੇ ਲਈ ਬਹੁਤ ਅਹਿਮ ਹੋਣਗੀਆਂ।’’ ਚੋਣ ਮਨੋਰਥ ਪੱਤਰ ਜਾਰੀ ਕਰਨ ਤੋਂ ਬਾਅਦ ਸੀਪੀਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ, ‘‘ਦੇਸ਼ ਅਤੇ ਇਸ ਦੇ ਭਵਿੱਖ ਲਈ ਇਹ ਚੋਣਾਂ ਬਹੁਤ ਅਹਿਮ ਹਨ। ਮੋਦੀ ਦਾ ਸ਼ਾਸਨ ਦੇਸ਼ ਲਈ ਬਹੁਤ ਮਾੜਾ ਰਿਹਾ ਹੈ।’’ -ਪੀਟੀਆਈ