ਸੀਪੀਆਈ (ਐੱਮ) ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 8 ਫਰਵਰੀ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਰਾਜਾਂ ਦੀਆਂ ਸਰਕਾਰਾਂ ਦੇ ਕੰਮਾਂ ਵਿੱਚ ਤਾਨਾਸ਼ਾਹੀ ਢੰਗ ਨਾਲ ਦਖਲਅੰਦਾਜ਼ੀ ਕਰਨ ਅਤੇ ਪ੍ਰੇਸ਼ਾਨ ਕਰਨ ਖਿਲਾਫ ਅੱਜ ਇੱਥੇ ਸੀਪੀਆਈ (ਐੱਮ) ਵੱਲੋਂ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਕੌਮੀ ਮੀਤ ਪ੍ਰਧਾਨ ਕਾਮਰੇਡ ਭੂਪ ਚੰਦ ਚੰਨੋ ਤੇ ਜ਼ਿਲ੍ਹਾ ਸਕੱਤਰ ਸੀਪੀਆਈ (ਐੱਮ) ਸੰਗਰੂਰ ਕਾਮਰੇਡ ਚਮਕੌਰ ਸਿੰਘ ਖੇੜੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਰਾਜਾਂ ਦੀ ਸੂਚੀ ਦੇ ਵਿਸ਼ਿਆਂ ਵਿੱਚ ਦਖਲ ਦੇਣ ਲਈ ਕੇਂਦਰ ਦੁਆਰਾ ਸਪਾਂਸਰ ਕੀਤੀਆਂ ਸਕੀਮਾਂ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਿਰੋਧੀ ਪਾਰਟੀਆਂ ਦੀਆਂ ਰਾਜ ਸਰਕਾਰਾਂ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਈਡੀ, ਸੀਬੀਆਈ ਅਤੇ ਆਮਦਨ ਕਰ ਵਿਭਾਗਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜੋ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰਿਆਂ ’ਤੇ ਰਾਜਪਾਲਾਂ ਨੂੰ ਰਾਜ ਸਰਕਾਰ ਦੇ ਮਾਮਲਿਆਂ ਵਿੱਚ ਦਖਲ ਦੇਣ ਲਈ ਆਪਣੇ ਸੰਵਿਧਾਨਿਕ ਅਹੁਦੇ ਦੀ ਦੁਰਵਰਤੋਂ ਕਰਨ ਤੋਂ ਰੋਕਿਆ ਜਾਵੇ। ਆਗੂਆਂ ਨੇ ਮੰਗ ਕੀਤੀ ਕਿ ਰਾਜਪਾਲਾਂ ਨੂੰ ਵਿਧਾਨ ਸਭਾ ਦੁਆਰਾ ਪਾਸ ਕੀਤੇ ਕਾਨੂੰਨਾਂ ਨੂੰ ਪਾਸ ਕਰਨ ਵਿੱਚ ਦੇਰੀ ਨਹੀਂ ਚਾਹੀਦੀ ਅਤੇ ਬਿਨਾਂ ਦੇਰੀ ਕੀਤੇ ਉਨ੍ਹਾਂ ਨੂੰ ਪਾਸ ਕਰਨਾ ਚਾਹੀਦਾ ਹੈ। ਇਸ ਮੌਕੇ ਹਰਬੰਸ ਸਿੰਘ, ਜੋਗਿੰਦਰ ਸਿੰਘ ਬਲਬੀਰ ਸਿੰਘ, ਦਵਿੰਦਰ ਸਿੰਘ ਨੂਰਪੁਰਾ, ਜਤਿੰਦਰਪਾਲ ਸਿੰਘ ਚੀਮਾ, ਕਰਮ ਸਿੰਘ ਅਤੇ ਬੁੱਧ ਸਿੰਘ ਸਮੇਤ ਹੋਰ ਵੀ ਆਗੂ ਆਦਿ ਹਾਜ਼ਰ ਸਨ।