For the best experience, open
https://m.punjabitribuneonline.com
on your mobile browser.
Advertisement

ਪੈਟਰੋਲ ਪੰਪ ਡੀਲਰਾਂ ਨੇ ਉੱਚ ਪੱਧਰੀ ਜਾਂਚ ਮੰਗੀ

08:53 AM Sep 08, 2024 IST
ਪੈਟਰੋਲ ਪੰਪ ਡੀਲਰਾਂ ਨੇ ਉੱਚ ਪੱਧਰੀ ਜਾਂਚ ਮੰਗੀ
ਸੰਗਰੂਰ ’ਚ ਡੀਐੱਸਪੀ ਨੂੰ ਸ਼ਿਕਾਇਤ ਕਰਨ ਮੌਕੇ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਨੁਮਾਇੰਦੇ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 7 ਸਤੰਬਰ
ਸੰਗਰੂਰ ਡਿੱਪੂ ਤੋਂ ਪੈਟਰੋਲ ਪੰਪਾਂ ’ਤੇ ਟੈਂਕਰਾਂ ਰਾਹੀਂ ਸਪਲਾਈ ਹੋਣ ਵਾਲੇ ਤੇਲ ਦੀ ਰਾਹ ’ਚ ਕਥਿਤ ਚੋਰੀ ਦਾ ਮਾਮਲਾ ਭਖ ਗਿਆ ਹੈ।
ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਹੇਠ ਪੁੱਜੇ ਪੈਟਰੋਲ ਪੰਪ ਡੀਲਰਾਂ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰ ਕੇ ਕਸੂਰਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਇੱਥੇ ਉਪ ਕਪਤਾਨ ਪੁਲੀਸ (ਆਰ) ਦੇ ਦਫ਼ਤਰ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਨੈਸ਼ਨਲ ਮੋਟਰਜ਼ ਪਟਿਆਲਾ ਦੇ ਡੀਲਰ ਗੁਰਧਿਆਨ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਉਨ੍ਹਾਂ ਵੱਲੋਂ ਭਾਰਤ ਪੈਟਰੋਲੀਅਮ ਸੰਗਰੂਰ ਡਿੱਪੂ ਤੋਂ ਤੇਲ ਦਾ ਟੈਂਕਰ ਮੰਗਵਾਇਆ ਗਿਆ ਸੀ। ਰਾਹ ਵਿਚ ਤੇਲ ਚੋਰੀ ਹੋਣ ਦੇ ਖਦਸ਼ੇ ਦੇ ਮੱਦੇਨਜ਼ਰ ਉਨ੍ਹਾਂ ਨੇ ਆਪਣੇ ਸੁਪਰਵਾਈਜ਼ਰ ਰਾਜਵਿੰਦਰ ਨੂੰ ਨਿਗਰਾਨੀ ਲਈ ਸੰਗਰੂਰ ਭੇਜ ਦਿੱਤਾ। ਜਦੋਂ ਸੰਗਰੂਰ ਡਿੱਪੂ ਤੋਂ ਤੇਲ ਟੈਂਕਰ ਬਾਹਰ ਨਿਕਲਿਆ ਤਾਂ ਉਸ ਦੇ ਸੁਪਰਵਾਈਜ਼ਰ ਨੇ ਮੋਟਰਸਾਈਕਲ ’ਤੇ ਟੈਂਕਰ ਦਾ ਪਿੱਛਾ ਕੀਤਾ। ਉਸ ਨੇ ਵੇਖਿਆ ਕਿ ਸੰਗਰੂਰ ਤੋਂ ਪਟਿਆਲਾ ਰੋਡ ’ਤੇ ਤੇਲ ਟੈਂਕਰ ਨੂੰ ਇੱਕ ਚਾਰ ਦੀਵਾਰੀ ਅੰਦਰ ਲਿਜਾਇਆ ਗਿਆ ਅਤੇ ਤੇਲ ਚੋਰੀ ਕੀਤਾ ਗਿਆ। ਉਸ ਦੇ ਸੁਪਰਵਾਈਜ਼ਰ ਨੇ ਚੋਰੀ-ਛੁਪੇ ਤੇਲ ਚੋਰੀ ਦੀ ਮੋਬਾਇਲ ਵਿਚ ਵੀਡੀਓ ਬਣਾ ਲਈ ਪਰ ਇਸ ਬਾਰੇ ਟੈਂਕਰ ਚਾਲਕ ਤੇ ਉਸ ਦੇ ਸਾਥੀਆਂ ਨੂੰ ਪਤਾ ਲੱਗ ਗਿਆ। ਜਿਨ੍ਹਾਂ ਨੇ ਸੁਪਰਵਾਈਜ਼ਰ ਰਾਜਵਿੰਦਰ ਦਾ ਇੱਕ ਵਰਨਾ ਕਾਰ ਰਾਹੀਂ ਪਿੱਛਾ ਕਰਦਿਆਂ ਉਸ ਨੂੰ ਘੇਰ ਲਿਆ ਅਤੇ ਕੁੱਟਮਾਰ ਕਰਕੇ ਉਸ ਦੇ ਮੋਬਾਈਲ ’ਚੋਂ ‘ਤੇਲ ਚੋਰੀ’ ਦੀ ਵੀਡੀਓ ਕੱਟ ਦਿੱਤੀ। ਪਟਿਆਲਾ ਪੁੱਜ ਕੇ ਸੁਪਰਵਾਈਜ਼ਰ ਨੇ ਘਟਨਾ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮਾਮਲਾ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪਟਿਆਲਾ ਦੇ ਧਿਆਨ ਵਿਚ ਲਿਆਂਦਾ ਗਿਆ। ਐਸੋਸੀਏਸ਼ਨ ਦੇ ਨੁਮਾਇੰਦੇ ਬੀਤੇ ਕੱਲ੍ਹ ਸੰਗਰੂਰ ਡਿੱਪੂ ਸ਼ਿਕਾਇਤ ਲੈ ਕੇ ਪੁੱਜੇ ਸੀ ਪਰ ਤੇਲ ਟੈਂਕਰ ਟਰਾਂਸਪੋਰਟਰਾਂ ਤੇ ਉਨ੍ਹਾਂ ਦੇ ਡਰਾਈਵਰਾਂ ਵਲੋਂ ਡਿੱਪੂ ਦੇ ਗੇਟ ਉਪਰ ਘੇਰ ਲਿਆ।
ਉਨ੍ਹਾਂ ਦੋਸ਼ ਲਾਇਆ ਕਿ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਦੁਰਵਿਵਹਾਰ ਕੀਤਾ ਅਤੇ ਦੋ ਮੈਂਬਰਾਂ ਦੀ ਕੁੱਟਮਾਰ ਕੀਤੀ। ਜਦੋਂ ਉਹ ਡਿੱਪੂ ਦੇ ਟੀਐਮ ਕੋਲ ਸ਼ਿਕਾਇਤ ਲੈ ਕੇ ਪੁੱਜੇ ਤਾਂ ਟਰਾਂਸਪੋਰਟਾਂ ਵਲੋਂ ਬਾਹਰ ਨਿਕਲਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਇਸ ਮੌਕੇ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਦੇ ਬੁਲਾਰੇ ਮੌਂਟੀ ਸਹਿਗਲ ਨੇ ਦੱਸਿਆ ਕਿ ਬੀਤੀ ਰਾਤ ਐਸੋਸੀਏਸ਼ਨ ਵਲੋਂ ਮਾਮਲਾ ਪੰਜਾਬ ਪੁਲੀਸ ਦੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਜਿਨ੍ਹਾਂ ਸੰਗਰੂਰ ਦੇ ਐੱਸਐੱਸਪੀ ਨੂੰ ਤੁਰੰਤ ਸੂਚਿਤ ਕੀਤਾ। ਇਸ ਮਗਰੋਂ ਸੰਗਰੂਰ ਪੁਲੀਸ ਦੇ ਅਧਿਕਾਰੀ ਸਮੇਤ ਫੋਰਸ ਦੇ ਸੰਗਰੂਰ ਡਿਪੂ ਪੁੱਜੇ ਜਿੰਨ੍ਹਾਂ ਨੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਅੱਜ ਵੱਖ-ਵੱਖ ਜ਼ਿਲ੍ਹਿਆਂ ਤੋਂ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਦੇ ਨੁਮਾਇੰਦੇ ਸੰਗਰੂਰ ਪੁੱਜੇ ਅਤੇ ਡੀਐੱਸਪੀ ਸੰਗਰੂਰ ਨੂੰ ਲਿਖਤੀ ਸ਼ਿਕਾਇਤ ਸੌਂਪੀ।
ਐਸੋਸੀਏਸ਼ਨ ਨੇ ਮੰਗ ਕੀਤੀ ਕਿ ਸੁਪਰਵਾਈਜ਼ਰ ਰਾਜਵਿੰਦਰ ਦੀ ਕੁੱਟਮਾਰ ਕਰਨ ਅਤੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਡਿੱਪੂ ਅੱਗੇ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਐਸੋਸੀਏਸ਼ਨ ਵਲੋਂ ‘ਤੇਲ ਚੋਰੀ’ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਡੀਐੱਸਪੀ ਸੰਜੀਵ ਸਿੰਗਲਾ ਦਾ ਕਹਿਣਾ ਹੈ ਕਿ ਐਸੋਸੀਏਸ਼ਨ ਵਲੋਂ ਅੱਜ ਸ਼ਿਕਾਇਤ ਦਿੱਤੀ ਗਈ ਹੈ ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ ਜਿਸ ਮਗਰੋਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Advertisement
Advertisement
Author Image

Advertisement